ਪੈਰਿਸ ’ਚ ਰਵਾਇਤੀ ਤੌਰ ’ਤੇ ਬਣਾਇਆ ਜਾਵੇਗਾ ਪਹਿਲਾ ਹਿੰਦੂ ਮੰਦਰ
Tuesday, May 21, 2024 - 10:59 PM (IST)
ਅਬੋਹਰ (ਸੁਨੀਲ)– ਫਰਾਂਸ ਦਾ ਪਹਿਲਾ ਬੀ. ਏ. ਪੀ. ਐੱਸ. ਸਵਾਮੀਨਾਰਾਇਣ ਮੰਦਰ ਸਭ ਤੋਂ ਖ਼ੂਬਸੂਰਤ ਸ਼ਹਿਰਾਂ ’ਚੋਂ ਇਕ ਪੈਰਿਸ ’ਚ ਇਕ ਰਵਾਇਤੀ ਤਕਨੀਕ ਨਾਲ ਬਣਾਇਆ ਜਾਵੇਗਾ। ਨਵੇਂ ਮੰਦਰ ਪ੍ਰਾਜੈਕਟ ਦੀ ਰਸਮੀ ਸ਼ੁਰੂਆਤ ਕਰਨ ਲਈ ਬੀ. ਏ. ਪੀ. ਐੱਸ. ਸ਼੍ਰੀ ਸਵਾਮੀਨਾਰਾਇਣ ਮੰਦਰ, ਲੰਡਨ ਵਿਖੇ ਇਕ ਵਿਸ਼ੇਸ਼ ਇਕੱਠ ਕੀਤਾ ਗਿਆ। ਇਹ ਸਮਾਗਮ ਉਸੇ ਦਿਨ ਹੋਇਆ, ਜਦੋਂ 50 ਸਾਲ ਪਹਿਲਾਂ ਪ੍ਰਮੁਖਸਵਾਮੀ ਮਹਾਰਾਜ ਨੇ ਫਰਾਂਸ ’ਚ ਇਕ ਮੰਦਰ ਦੀ ਉਸਾਰੀ ਲਈ ਆਪਣੇ ਆਸ਼ੀਰਵਾਦ ਦੇ ਪ੍ਰਤੀਕ ਵਜੋਂ ਪੈਰਿਸ ਸ਼ਹਿਰ ਤੇ ਹੈਲੀਕਾਪਟਰ ਰਾਹੀਂ ਆਸਮਾਨ ਤੋਂ ਫੁੱਲਾਂ ਦੀਆਂ ਪੱਤੀਆਂ ਦੀ ਵਰਖਾ ਕੀਤੀ ਸੀ।
ਪ੍ਰੋਗਰਾਮ ਦੀ ਸ਼ੁਰੂਆਤ ਪੈਰਿਸ ਤੋਂ ਆਏ ਸ਼ਰਧਾਲੂਆਂ ਵਲੋਂ ਪ੍ਰਾਰਥਨਾ ਨਾਲ ਹੋਈ। ਇਸ ਤੋਂ ਬਾਅਦ ਯੋਗੀ ਜੀ ਮਹਾਰਾਜ ਤੇ ਪ੍ਰਮੁਖਸਵਾਮੀ ਮਹਾਰਾਜ ਦੀ ਦੂਰਅੰਦੇਸ਼ੀ ਯਾਤਰਾ ਦਾ ਵਰਣਨ ਕਰਨ ਵਾਲੀ ਇਕ ਵੀਡੀਓ ਦਿਖਾਈ ਗਈ, ਜੋ 50 ਸਾਲ ਪਹਿਲਾਂ ਪੈਰਿਸ ਲੇ ਬੋਰਗੇਟ ਹਵਾਈ ਅੱਡੇ ਤੋਂ ਸ਼ੁਰੂ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ : ਹਜ਼ਾਰਾਂ ਲੋਕਾਂ ਨੇ ਇਬਰਾਹਿਮ ਰਈਸੀ ਨੂੰ ਦਿੱਤੀ ਅੰਤਿਮ ਵਿਦਾਈ, ਜੱਦੀ ਸ਼ਹਿਰ ਮਸ਼ਾਦ ’ਚ ਦਫ਼ਨਾਈ ਜਾਵੇਗੀ ਮ੍ਰਿਤਕ ਦੇਹ
ਪੈਰਿਸ ਦੇ ਸ਼ਰਧਾਲੂਆਂ ਤੇ ਵਾਲੰਟੀਅਰਾਂ ਦੇ ਇਕ ਪੈਨਲ ਨੇ ਪੂਰੇ ਫਰਾਂਸ ’ਚ ਸਤਿਸੰਗ ਗਤੀਵਿਧੀਆਂ ਨੂੰ ਸਥਾਪਿਤ ਕਰਨ ਲਈ ਕੀਤੇ ਅਣਥੱਕ ਯਤਨਾਂ ਬਾਰੇ ਵਿਸਥਾਰ ’ਚ ਦੱਸਿਆ। ਟਰੱਸਟੀਆਂ ਨੇ ਸਾਰਿਆਂ ਨੂੰ ਇਤਿਹਾਸਕ ਪ੍ਰਾਜੈਕਟ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਮੁੱਖ ਵਾਲੰਟੀਅਰਾਂ ਤੇ ਸਾਧੂਆਂ ਵਲੋਂ ਪੈਰਿਸ ’ਚ ਮੰਦਰ ਦੇ ਇਕ ਪ੍ਰਤੀਰੂਪ ਮਾਡਲ ਦੀ ਵੀ ਘੁੰਡ ਚੁਕਾਈ ਕੀਤੀ ਗਈ।
ਸਦਗੁਰੂ ਈਸ਼ਵਰਚਰਨ ਸਵਾਮੀ ਨੇ ਪੈਰਿਸ ਮੰਦਰ ਪ੍ਰਾਜੈਕਟ ਦੇ ਵਿਸ਼ਵਵਿਆਪੀ ਮਹੱਤਵ ਨੂੰ ਰੇਖਾਂਕਿਤ ਕਰਨ ਲਈ ਇਕ ਵੀਡੀਓ ਸੰਦੇਸ਼ ਇਸ ਮੌਕੇ ਲਈ ਭੇਜਿਆ। ਇਸ ਤੋਂ ਬਾਅਦ ਮਹੰਤ ਸਵਾਮੀ ਮਹਾਰਾਜ ਵਲੋਂ ਇਕ ਵਿਸ਼ੇਸ਼ ਤੌਰ ’ਤੇ ਰਿਕਾਰਡ ਕੀਤਾ ਗਿਆ ਵੀਡੀਓ ਆਸ਼ੀਰਵਾਦ ਵੀ ਦਿਖਾਇਆ ਗਿਆ, ਜਿਸ ’ਚ ਉਨ੍ਹਾਂ ਯੋਗੀਜੀ ਮਹਾਰਾਜ ਨਾਲ ਪੈਰਿਸ ਦੀ ਆਪਣੀ ਯਾਤਰਾ ਦੀਆਂ ਨਿੱਜੀ ਯਾਦਾਂ ਨੂੰ ਤਾਜ਼ਾ ਕੀਤਾ। ਇਹ ਯਾਤਰਾ ਮੰਦਰ ਦੀ ਉਸਾਰੀ ਦੀ ਸ਼ੁਰੂਆਤ ਬਣ ਗਈ। ਸਵਾਮੀ ਜੀ ਨੇ ਸਾਰਿਆਂ ਨੂੰ ਇਸ ਇਤਿਹਾਸਕ ਪ੍ਰਾਜੈਕਟ ਦਾ ਹਿੱਸਾ ਬਣਨ ਦਾ ਸੱਦਾ ਵੀ ਦਿੱਤਾ।
ਯੋਗਵਿਵੇਕ ਸਵਾਮੀ ਨੇ ਕੁਝ ਪ੍ਰੇਰਨਾਦਾਇਕ ਸ਼ਬਦ ਸਾਂਝੇ ਕਰਦਿਆਂ ਸਮਾਗਮ ਦੀ ਸਮਾਪਤੀ ਕੀਤੀ ਤੇ ਰਸਮੀ ਤੌਰ ’ਤੇ ਜੈ ਪੈਰਿਸ ਮੰਦਰ ਮਹੋਤਸਵ ਦਾ ਨਾਅਰਾ ਲਗਾ ਕੇ ਮਾਹੌਲ ਨੂੰ ਸ਼ਰਧਾ-ਭਾਵਨਾ ਨਾਲ ਭਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।