ਗੁਰੂ ਨਗਰੀ ’ਚ ਠੰਡ ਦੀ ਪਹਿਲੀ ਧੁੰਦ, ਬੱਚਿਆਂ ਅਤੇ ਕੰਮ ’ਤੇ ਜਾਣ ਵਾਲੇ ਲੋਕਾਂ ਲਈ ਬਣੀ ਪ੍ਰੇਸ਼ਾਨੀ
Tuesday, Dec 20, 2022 - 11:19 AM (IST)
ਅੰਮ੍ਰਿਤਸਰ (ਰਮਨ)- ਗੁਰੂ ਨਗਰੀ ਵਿਚ ਠੰਡ ਦੀ ਪਹਿਲੀ ਸੰਘਣੀ ਧੁੰਦ ਵਿਚ ਸੜਕਾਂ ’ਤੇ ਵਾਹਨ ਰੇਂਗਦੇ ਦੇਖੇ ਗਏ। ਮੌਸਮ ਵਿਭਾਗ ਅਨੁਸਾਰ ਸਵੇਰੇ 8 ਵਜੇ ਸ਼ਹਿਰ ਦਾ ਤਾਪਮਾਨ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ 50 ਮੀਟਰ ਵਿਜ਼ੀਬਿਲਟੀ ਦਰਜ ਕੀਤੀ ਗਈ। ਸ਼ਹਿਰ ’ਚ ਠੰਡ ਨੇ ਆਪਣਾ ਰੁਖ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸਵੇਰੇ ਸ਼ਹਿਰ ’ਚ ਸੰਘਣੀ ਧੁੰਦ ਪੈਣ ਕਾਰਨ ਸਕੂਲ ਜਾਣ ਵਾਲੇ ਬੱਚਿਆਂ ਅਤੇ ਕੰਮ ’ਤੇ ਜਾਣ ਵਾਲੇ ਲੋਕਾਂ ਨੂੰ ਠੰਡ ’ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ- ਖੰਨਾ 'ਚ ਧੁੰਦ ਕਾਰਨ ਸ਼ਰਧਾਲੂਆਂ ਦੀ ਭਰੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ ਚਿਹਾੜਾ
ਦੁਪਹਿਰ ਸਮੇਂ ਧੁੱਪ ਨਿਕਲਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਪਰ ਠੰਡੀਆਂ ਹਵਾਵਾਂ ਚੱਲਦੀਆਂ ਰਹੀਆਂ। ਸ਼ਾਮ ਨੂੰ ਫਿਰ ਠੰਡ ਪੈ ਗਈ। 15 ਦਸੰਬਰ ਤੋਂ ਬਾਅਦ ਠੰਡ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਕ੍ਰਿਸਮਸ ਅਤੇ ਨਵੇਂ ਸਾਲ ’ਤੇ ਸੰਘਣੀ ਧੁੰਦ ਹੁੰਦੀ ਹੈ। ਸਵੇਰ ਵੇਲੇ ਕੰਮ ’ਤੇ ਜਾਣ ਲਈ ਦੋਪਹੀਆ ਵਾਹਨ ਚਾਲਕਾਂ ਨੂੰ ਠੰਡ ’ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕ ਜ਼ਿਆਦਾਤਰ ਗਰਮ ਕੱਪੜੇ ਪਾ ਕੇ ਬਾਹਰ ਨਿਕਲੇ। ਠੰਡ ਅਤੇ ਧੁੰਦ ਦੀ ਸਵੇਰ ’ਚ ਲੋਕਾਂ ਨੇ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਨਜ਼ਾਰਾ ਲਿਆ। ਦੂਜੇ ਪਾਸੇ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਚੁੱਲ੍ਹੇ ’ਚ ਅੱਗ ਬਾਲ ਕੇ ਸੇਕਦੇ ਦੇਖੇ ਗਏ।
ਬੱਚਿਆਂ ਲਈ ਮੁਸੀਬਤ ਬਣੀ ਠੰਡ
ਸਵੇਰੇ ਸਕੂਲ ਜਾਣ ਵਾਲੇ ਛੋਟੇ ਬੱਚਿਆਂ ਲਈ ਇਹ ਠੰਡ ਮੁਸੀਬਤ ਬਣ ਗਈ ਹੈ। ਭਾਵੇਂ 21 ਦਸੰਬਰ ਤੋਂ ਬਾਅਦ ਸਕੂਲਾਂ ’ਚ ਨਵੇਂ ਸਾਲ ਤੱਕ ਛੁੱਟੀਆਂ ਪੈ ਜਾਂਦੀਆਂ ਹਨ ਪਰ ਸਵੇਰ ਵੇਲੇ ਪੈ ਰਹੀ ਧੁੰਦ ਕਾਰਨ ਬੱਚਿਆਂ ਦੇ ਮਾਪੇ ਵੀ ਬੱਚਿਆਂ ਨੂੰ ਲੈ ਕੇ ਕਾਫ਼ੀ ਚਿੰਤਤ ਸਨ।
ਇਹ ਵੀ ਪੜ੍ਹੋ- ਧੁੰਦ 'ਚ ਡਰਾਈਵਿੰਗ ਕਰਦੇ ਵਕਤ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਹੋ ਸਕਦੈ ਵੱਡਾ ਹਾਦਸਾ
ਗੀਜ਼ਰਾਂ ਅਤੇ ਹੀਟਰਾਂ ਦੀਆਂ ਵਧੀਆਂ ਕੀਮਤਾਂ
ਜਿਵੇਂ ਠੰਡ ਨੇ ਦਸਤਕ ਦੇ ਦਿੱਤੀ ਹੈ, ਉਸੇ ਤਰ੍ਹਾਂ ਇਲੈਕਟ੍ਰਾਨਿਕ ਬਾਜ਼ਾਰ ’ਚ ਹੀਟਰਾਂ ਅਤੇ ਗੀਜ਼ਰਾਂ ਦੀਆਂ ਕਈ ਕਿਸਮਾਂ ਆਈਆਂ ਹਨ ਪਰ ਇਸ ਵਾਰ ਗੀਜ਼ਰ ਅਤੇ ਹੀਟਰਾਂ ਦੀਆਂ ਕੀਮਤਾਂ ਵੀ ਆਸਮਾਨ ਨੂੰ ਛੂਹ ਰਹੀਆਂ ਹਨ।
ਕਣਕ ਦੀ ਫ਼ਸਲ ਲਈ ਫ਼ਾਇਦੇਮੰਦ ਧੁੰਦ ਅਤੇ ਕੋਹਰਾ
ਖੇਤੀ ਵਿਗਿਆਨੀਆਂ ਅਨੁਸਾਰ ਕਣਕ ਦੀ ਫ਼ਸਲ ਲਈ ਠੰਡ ਬਹੁਤ ਜ਼ਰੂਰੀ ਹੈ। ਠੰਡ ਦੀ ਪਹਿਲੀ ਧੁੰਦ ਪੈਣ ਨਾਲ ਹੀ ਕਿਸਾਨਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਹ ਫ਼ਸਲਾਂ ਲਈ ਲਾਹੇਵੰਦ ਸਾਬਤ ਹੁੰਦੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।