ਦਾਣਾ ਮੰਡੀ ਦੀ ਅਲਾਟਮੈਂਟ ਗਲਤ ਹੋਣ ''ਤੇ ਕਿਸਾਨਾਂ ''ਚ ਰੋਸ

10/25/2017 4:15:16 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ,   (ਬਾਵਾ, ਜਗਸੀਰ)-  ਸਿਆਸੀ ਪਹਿਲਵਾਨਾਂ ਦਾ ਪਿੰਡ ਸਮਝਿਆ ਜਾਂਦਾ ਪਿੰਡ ਭਾਗੀਕੇ ਦਾਣਾ ਮੰਡੀ ਦੀ ਗਲਤ ਅਲਾਟਮੈਂਟ ਹੋਣ ਕਾਰਨ ਇਕ ਵਾਰ ਮੁੜ ਸੁਰਖੀਆਂ ਵਿਚ ਹੈ। ਇਸ ਵਾਰ ਪ੍ਰਸ਼ਾਸਨ ਵੱਲੋਂ ਦਾਣਾ ਮੰਡੀ ਭਾਗੀਕੇ ਦੀ ਅਲਾਟਮੈਂਟ ਖਰੀਦ ਏਜੰਸੀ ਐੱਫ. ਸੀ. ਆਈ. ਨੂੰ ਦਿੱਤੀ ਗਈ ਹੈ ਪਰ ਪਿੰਡ ਭਾਗੀਕੇ ਦੇ ਕਿਸਾਨਾਂ ਨੇ ਮੰਡੀ 'ਚ ਪ੍ਰਦਰਸ਼ਨ ਕਰਦਿਆਂ ਦੋਸ਼ ਲਾਇਆ ਕਿ ਕੁਝ ਲੋਕਾਂ ਵੱਲੋਂ ਇਸ ਖਰੀਦ ਕੇਂਦਰ ਨੂੰ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇਸ ਸਮੇਂ ਕਿਸਾਨਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। 
ਕਿਸਾਨਾਂ ਨੇ ਦੱਸਿਆ ਕਿ ਪਿੰਡ ਦੇ ਪ੍ਰਵਾਸੀ ਭਾਰਤੀ ਦੀ ਮਿਹਨਤ ਸਦਕਾ ਇਹ ਦਾਣਾ ਮੰਡੀ ਉਸ ਸਮੇਂ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਹੋਂਦ 'ਚ ਲਿਆਂਦੀ ਸੀ, ਜਿਸ ਦਾ ਫੜ੍ਹ ਪੱਕਾ ਕਰਨ ਲਈ 10 ਲੱਖ ਦਾ ਖਰਚ ਆਇਆ ਸੀ। ਉਨ੍ਹਾਂ ਕਿਹਾ ਕਿ ਦਾਣਾ ਮੰਡੀ ਨੂੰ ਚਾਲੂ ਰੱਖਣ ਲਈ 50 ਹਜ਼ਾਰ ਬੋਰੀਆਂ ਦੀ ਖਰੀਦ ਜ਼ਰੂਰੀ ਹੁੰਦੀ ਹੈ, ਜੋ ਕਿ ਆੜ੍ਹਤੀਆਂ ਅਤੇ ਕਿਸਾਨਾਂ ਨੇ ਰਲ-ਮਿਲ ਕੇ ਇਸ ਟੀਚੇ ਨੂੰ ਪੂਰਾ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬੂਟਾ ਸਿੰਘ ਭਾਗੀਕੇ, ਸੁਖਦੇਵ ਸਿੰਘ, ਕੰਵਲਜੀਤ ਸਿੰਘ, ਰਣਜੀਤ ਸਿੰਘ ਨੇ ਕਿਹਾ ਕਿ ਹੁਣ ਡੀ. ਐੱਫ. ਸੀ. ਵੱਲੋਂ ਇਸ ਦਾਣਾ ਮੰਡੀ ਦੀ ਅਲਾਟਮੈਂਟ ਕੇਂਦਰੀ ਖਰੀਦ Âਜੰਸੀ ਐੱਫ. ਸੀ. ਆਈ. ਨੂੰ ਦਿੱਤੀ ਗਈ ਹੈ, ਜਿਹੜੀ ਏਜੰਸੀ ਕਦੇ ਵੀ ਕਿਸਾਨਾਂ ਦੇ ਭਰੋਸੇ 'ਤੇ ਖਰਾ ਨਹੀਂ ਉਤਰੀ। 
ਕਿਸਾਨਾਂ ਦੋਸ਼ ਲਾਇਆ ਕਿ ਇਸ ਏਜੰਸੀ ਦੀ ਖਰੀਦ ਕਾਰਨ ਆੜ੍ਹਤੀਏ ਵੀ ਇਸ ਦਾਣਾ ਮੰਡੀ 'ਚੋਂ ਦੜ ਵੱਟ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਭਾਗੀਕੇ ਦਾਣਾ ਮੰਡੀ ਦੀ ਅਲਾਟਮੈਂਟ ਪੰਜਾਬ ਸਰਕਾਰ ਦੀ ਕਿਸੇ ਏਜੰਸੀ ਨੂੰ ਕੀਤੀ ਜਾਵੇ। ਪ੍ਰਦਰਸ਼ਨਕਾਰੀਆਂ 'ਚ ਸੁਰਿੰਦਰ ਸਿੰਘ, ਸੁਖਮੰਦਰ ਸਿੰਘ, ਜਗਜੀਤ ਸਿੰਘ, ਸੁਖਮੰਦਰ ਸਿੰਘ ਰਾਜੂ, ਬਲਵੀਰ ਸਿੰਘ ਪ੍ਰਧਾਨ ਕਾਦੀਆਂ, ਕੁਲਵੰਤ ਸਿੰਘ, ਹਰਮੰਦਰ ਸਿੰਘ, ਸੁਖਦੇਵ ਸਿੰਘ ਆਦਿ ਮੌਜੂਦ ਸਨ। 


Related News