ਗਹਿਣੇ ਲਈ ਜ਼ਮੀਨ ਤੋਂ ਪੈ ਗਿਆ ਪੁਆੜਾ, ਦੁਖੀ ਕਿਸਾਨ ਨੇ ਗਲ ਲਾਈ ਮੌਤ
Thursday, Mar 02, 2023 - 12:33 PM (IST)
ਝਬਾਲ (ਨਰਿੰਦਰ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਲਾਲੂਘੁੰਮਣ ਵਿਖੇ ਬੀਤੇ ਦਿਨ ਸਵੇਰੇ ਤੜਕਸਾਰ ਇਕ ਕਿਸਾਨ ਵਲੋਂ ਗਹਿਣੇ ਲਈ ਜ਼ਮੀਨ ਦੇ ਪੈਸੇ ਵਾਪਸ ਨਾ ਕਰਨ ਨੂੰ ਲੈ ਕੇ ਦੁਖੀ ਹੋ ਕੇ ਜੀਵਨ ਲੀਲਾ ਖ਼ਤਮ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਪਹੁੰਚੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਜਸਵਿੰਦਰ ਸਿੰਘ ਪੁੱਤਰ ਗੁਰਮਖ ਸਿੰਘ ਵਾਸੀ ਲਾਲੂਘੁੰਮਣ ਦੇ ਮੁੰਡੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਪਿਤਾ ਨੇ ਪੰਜ ਸਾਲ ਪਹਿਲਾਂ ਪਿੰਡ ਦੀ ਔਰਤ ਕੋਲੋਂ 5 ਕਨਾਲਾਂ ਜ਼ਮੀਨ ਢਾਈ ਲੱਖ ਵਿਚ ਗਹਿਣੇ ਲਈ ਸੀ। ਦੋ ਸਾਲ ਪਹਿਲਾਂ ਉਸ ਔਰਤ ਨੇ ਸਾਡੇ ਕੋਲੋਂ ਡੇਢ ਲੱਖ ਹੋਰ ਉਸੇ ਜ਼ਮੀਨ ’ਤੇ ਲੈ ਲਿਆ ਪਰ ਹੁਣ ਪੈਸੇ ਵਾਪਸ ਨਹੀਂ ਕਰ ਰਹੀ ਸੀ।
ਇਹ ਵੀ ਪੜ੍ਹੋ- ਪੇਪਰ ਦੇ ਕੇ ਆਏ ਗੱਭਰੂ ਪੁੱਤ ਦੇ ਸੀਨੇ 'ਚ ਹੋਇਆ ਦਰਦ, ਪਰਿਵਾਰ ਨੂੰ ਦੇ ਗਿਆ ਸਦਾ ਲਈ ਵਿਛੋੜਾ
ਜਦੋਂ ਮੈਂ ਤੇ ਮੇਰੀ ਮਾਤਾ ਉਕਤ ਔਰਤ ਅਮਨਜੀਤ ਕੌਰ ਦੇ ਘਰ ਪੈਸੇ ਮੰਗਣ ਗਏ ਤਾਂ ਔਰਤ ਨੇ ਅਤੇ ਇਸ ਦੇ ਨਨਾਣ ਵਈਆ ਜੋ ਇੱਥੇ ਰਹਿੰਦਾ, ਸਾਨੂੰ ਬੁਰਾ-ਭਲਾ ਕਿਹਾ ਅਤੇ ਉਲਟਾ ਸਾਡੇ ਖ਼ਿਲਾਫ਼ ਝੂਠੀ ਦਰਖਾਸਤ ਥਾਣਾ ਝਬਾਲ ਵਿਖੇ ਦੇ ਦਿੱਤੀ, ਜਿਸ ਕਰਕੇ ਮੇਰੇ ਪਿਤਾ ਕਾਫੀ ਪ੍ਰੇਸ਼ਾਨ ਰਹਿ ਰਿਹਾ ਸੀ। ਇਸੇ ਪ੍ਰੇਸ਼ਾਨੀ ਕਰਕੇ ਬੀਤੀ ਸਵੇਰੇ ਤੜਕਸਾਰ ਉਨ੍ਹਾਂ ਫਾਹ ਲੈ ਲਿਆ। ਜਦੋਂ ਤੱਕ ਸਾਨੂੰ ਪਤਾ ਲੱਗਾ ਤਾਂ ਮੇਰੇ ਪਿਤਾ ਮਰ ਚੁੱਕੇ ਸੀ। ਮ੍ਰਿਤਕ ਦੀ ਲਾਸ਼ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਮੁਖੀ ਬਲਜਿੰਦਰ ਸਿੰਘ ਅਨੁਸਾਰ ਮ੍ਰਿਤਕ ਜਸਵਿੰਦਰ ਸਿੰਘ ਦੇ ਮੁੰਡੇ ਗੁਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਔਰਤ ਅਮਨਜੀਤ ਕੌਰ ਤੇ ਉਸ ਦੇ ਨਨਾਣ ਵਈਆ ਦਿਲਬਾਗ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।