ਗੁਰਦਾਸਪੁਰ: ਕਿਸਾਨ ਨੇ ਨਵੇਂ ਢੰਗ ਨਾਲ ਕੀਤੀ ਝੋਨੇ ਦੀ ਬਿਜਾਈ, 50 ਫ਼ੀਸਦੀ ਪਾਣੀ ਤੇ ਖਰਚੇ ਘੱਟ ਹੋਣ ਦਾ ਕੀਤਾ ਦਾਅਵਾ
Sunday, Jul 16, 2023 - 10:49 AM (IST)
ਗੁਰਦਾਸਪੁਰ (ਹਰਮਨ)- ਧਰਤੀ ਹੇਠਲਾ ਪਾਣੀ ਬਚਾਉਣ ਲਈ ਪੰਜਾਬ ਸਰਕਾਰ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿੱਥੇ ਝੋਨੇ ਦੀ ਸਿੱਧੀ ਬਿਜਾਈ ਅਤੇ ਬਾਸਮਤੀ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੁੱਲਾ ਵਿਖੇ ਇਕ ਅਗਾਂਹਵਧੂ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਵੱਲੋਂ ਸੁੱਕੇ ਕੱਦੂ ’ਚ ਝੋਨੇ ਦੀ ਲਵਾਈ ਕਰਨ ਦਾ ਸਫ਼ਲ ਤਜ਼ਰਬਾ ਕੀਤਾ ਜਾ ਰਿਹਾ ਹੈ। ਇਸ ਕਿਸਾਨ ਵੱਲੋਂ ਪਿਛਲੇ ਸਾਲ ਆਪਣੇ ਖੇਤਾਂ ਵਿਚ ਸਿੱਧੀ ਬਿਜਾਈ, ਰਿਵਾਇਤੀ ਵਿਧੀ ਅਤੇ ਸੁੱਕੇ ਕੱਦੂ ਵਿੱਚ ਝੋਨੇ ਦੀ ਲਵਾਈ ਦੇ ਤਜਰਬੇ ਕੀਤੇ ਸਨ। ਜਿਸ ਤਹਿਤ ਸੁੱਕੇ ਕੱਦੂ ਵਿੱਚ ਚੰਗੀ ਪੈਦਾਵਾਰ ਨਿਕਲਣ ਕਾਰਨ ਉੱਕਤ ਕਿਸਾਨ ਵੱਲੋਂ ਇਸ ਸਾਲ 12 ਏਕੜ ਰਕਬੇ ਵਿੱਚ ਸੁੱਕੇ ਕੱਦੂ ਵਿੱਚ ਝੋਨੇ ਦੀ ਬਿਜਾਈ ਕੀਤੀ ਗਈ ਹੈ।
ਕਿਵੇਂ ਹੁੰਦੀ ਹੈ ਸੁੱਕੇ ਕੱਦੂ ਵਿੱਚ ਲਵਾਈ?
ਉੱਕਤ ਕਿਸਾਨ ਨੇ ਦੱਸਿਆ ਕਿ ਖੇਤ ਨੂੰ ਚੰਗੀ ਤਰ੍ਹਾਂ ਵਾਹ ਕੇ ਅਤੇ ਸੁਹਾਗਾ ਮਾਰਨ ਦੇ ਬਾਅਦ ਇਸ ਵਿਚ ਝੋਨੇ ਦੀ ਪਨੀਰੀ ਲਗਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਖੇਤ ’ਚ ਪਾਣੀ ਬਾਅਦ ’ਚ ਲਗਾਇਆ ਜਾਂਦਾ ਹੈ ਅਤੇ ਲੇਬਰ ਵੀ ਸੁੱਕੇ ਕੱਦੂ ’ਚ ਬਹੁਤ ਅਸਾਨੀ ਨਾਲ ਝੋਨਾ ਲਗਾ ਲੈਂਦੀ ਹੈ।
ਇਹ ਵੀ ਪੜ੍ਹੋ- ਬੈਂਕ ’ਚ ਕਲਰਕ ਦੀ ਨੌਕਰੀ ਕਰਨ ਵਾਲੇ ਦੀ ਬਦਲੀ ਕਿਸਮਤ, ਰਾਤੋ-ਰਾਤ ਬਣ ਗਿਆ ਕਰੋੜਪਤੀ
ਕੀ ਹਨ ਸੁੱਕੇ ਕੱਦੂ 'ਚ ਝੋਨਾ ਲਗਾਉਣ ਦੇ ਫਾਇਦੇ ?
ਉੱਕਤ ਕਿਸਾਨ ਨੇ ਦੱਸਿਆ ਕਿ ਸੁੱਕੇ ਕੱਦੂ ਵਿਚ ਝੋਨੇ ਲਗਾਉਣ ਦੇ ਬਹੁਤ ਫਾਇਦੇ ਹਨ ਜਿਸ ਤਹਿਤ ਇਸ ਵਿਧੀ ਰਾਹੀਂ ਲਗਾਏ ਝੋਨੇ ਵਿੱਚ ਕਰੀਬ 50 ਫੀਸਦੀ ਪਾਣੀ ਦੀ ਬਚਤ ਹੁੰਦੀ ਹੈ ਅਤੇ ਖੇਤੀ ਖਰਚੇ ਵੀ ਕਰੀਬ ਅੱਧੇ ਰਹਿ ਜਾਂਦੇ ਹਨ। ਇਸ ਖੇਤ ਨੂੰ ਤਿਆਰ ਕਰਨ ਲਈ ਮਿਹਨਤ ਵੀ ਘੱਟ ਕਰਨੀ ਪੈਂਦੀ ਹੈ ਅਤੇ ਕੱਦੂ ਕਰਨ ਮੌਕੇ ਟਰੈਕਟਰ ਦੀ ਹੁੰਦੀ ਘਸਾਈ ਵੀ ਸੁੱਕੇ ਕੱਦੂ ਵਿੱਚ ਨਹੀਂ ਹੁੰਦੀ। ਉਸਨੇ ਕਿਹਾ ਕਿ ਪਿਛਲੇ ਸਾਲ ਉਸਨੇ ਝੋਨੇ ਦੀ ਪੀ.ਆਰ 129 ਕਿਸਮ ਦੀ ਸਿੱਧੀ ਬਿਜਾਈ ਕੀਤੀ ਸੀ ਅਤੇ ਇਸੇ ਕਿਸਮ ਦੀ ਲਵਾਈ ਰਿਵਾਇਤੀ ਢੰਗ ਨਾਲ ਵੀ ਕੀਤੀ ਸੀ। ਇਸੇ ਤਰ੍ਹਾਂ ਉਸਨੇ ਸੁੱਕੇ ਕੱਦੂ ਵਿੱਚ ਵੀ ਪੀ.ਆਰ. 129 ਕਿਸਮ ਦੀ ਲਵਾਈ ਕੀਤੀ ਸੀ। ਜਿਸ ਤਹਿਤ ਸੁੱਕੇ ਕੱਦੂ ਵਾਲੇ ਖੇਤਾਂ ਵਿਚ ਝੋਨੇ ਦੀ ਪੈਦਾਵਾਰ ਕਰੀਬ 31 ਕੁਇੰਟਲ ਰਹੀ ਸੀ। ਜਦੋਂ ਕਿ ਦੂਸਰੀਆਂ ਵਿਧੀਆਂ ਰਾਹੀਂ ਬੀਜੇ ਝੋਨੇ ਦੀ ਪੈਦਾਵਾਰ ਤਿੰਨ ਤੋਂ ਚਾਰ ਕੁਇੰਟਲ ਘੱਟ ਸੀ। ਇਸੇ ਤਰ੍ਹਾਂ ਖਰਚਾ ਵੀ ਬਹੁਤ ਘੱਟ ਹੋਣ ਕਾਰਨ ਉਸਨੇ ਮਨ ਬਣਾ ਲਿਆ ਸੀ ਕਿ ਆਉਣ ਵਾਲੇ ਸਮੇਂ ਵਿਚ ਉਹ ਸੁੱਕੇ ਕੱਦੂ ਵਿੱਚ ਹੀ ਝੋਨਾ ਲਗਾਇਆ ਕਰੇਗਾ। ਜਿਸਦੇ ਚੱਲਦਿਆਂ ਉਸਨੇ ਇਸ ਵਾਰ 12 ਏਕੜ ਰਕਬੇ ਵਿੱਚ ਇਸ ਵਿਧੀ ਨਾਲ ਝੋਨਾ ਲਗਾਇਆ ਹੈ। ਜਦੋਂ ਕਿ ਉਸਦੇ ਚਾਚੇ ਦੇ ਮੁੰਡੇ ਨੇ 16 ਏਕੜ ਰਕਬੇ ਵਿੱਚ ਸੁੱਕੇ ਕੱਦੂ ਵਿੱਚ ਝੋਨੇ ਦੀ ਲਵਾਈ ਕੀਤੀ ਹੈ।
ਇਹ ਵੀ ਪੜ੍ਹੋ- ਨਸ਼ੇ ਦੀ ਓਵਰਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਮਾਂ ਦਾ ਰੋ-ਰੋ ਬੁਰਾ ਹਾਲ
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਨੇ ਕੀਤਾ ਦੌਰਾ
ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕ੍ਰਿਪਾਲ ਸਿੰਘ ਢਿਲੋਂ ਨੇ ਖੇਤੀਬਾੜੀ ਵਿਕਾਸ ਅਫਸਰ ਡਾ. ਮਨਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਦੀ ਟੀਮ ਦੇ ਨਾਲ ਇਸ ਕਿਸਾਨ ਦੇ ਖੇਤਾਂ ਵਿੱਚ ਪਹੁੰਚ ਕੇ ਸੁੱਕੇ ਕੱਦੂ ਵਿਚ ਲਗਾਏ ਝੋਨੇ ਦਾ ਜਾਇਜ਼ਾ ਲਿਆ ਅਤੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਤੋਂ ਸੇਵਾ ਮੁਕਤ ਹੋਏ ਡਾ. ਦਿਲੇਰ ਸਿੰਘ ਵੱਲੋਂ ਇਸ ਵਿਧੀ ਨੂੰ ਉਤਸ਼ਾਹਿਤ ਕਰਨ ਲਈ ਕਾਫੀ ਮਿਹਨਤ ਕੀਤੀ ਜਾ ਰਹੀ ਹੈ। ਕਾਫ਼ੀ ਕਿਸਾਨ ਇਸ ਵਿਧੀ ਨੂੰ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਉੱਕਤ ਕਿਸਾਨ ਨੇ ਆਪਣੇ ਪੱਧਰ 'ਤੇ ਸਫ਼ਲ ਤਜ਼ਰਬੇ ਕਰਨ ਦੇ ਬਾਅਦ ਹੁਣ 12 ਏਕੜ ਰਕਬੇ ਵਿੱਚ ਇਸ ਵਿਧੀ ਨੂੰ ਅਪਣਾਇਆ ਹੈ ਅਤੇ ਇਸ ਸਾਲ ਉਹ ਖੁੱਦ ਵੀ ਸੁੱਕੇ ਕੱਦੂ ਵਿਚ ਲਗਾਏ ਝੋਨੇ ਦਾ ਨਿਰੀਖਣ ਕਰਦੇ ਰਹਿਣਗੇ ਅਤੇ ਇਸ ਗੱਲ ਦਾ ਪੂਰਾ ਹਿਸਾਬ ਰੱਖਣਗੇ ਕਿ ਇਹ ਵਿਧੀ ਆਰਥਿਕ ਪੱਖੋਂ ਅਤੇ ਧਰਤੀ ਹੇਠਲਾ ਪਾਣੀ ਬਚਾਉਣ ਪੱਖੋਂ ਕਿੰਨੀ ਲਾਹੇਵੰਦ ਹੈ। ਜੇਕਰ ਇਸ ਵਾਰ ਵੀ ਇਸਦੇ ਚੰਗੇ ਨਤੀਜੇ ਸਾਹਮਣੇ ਆਏ ਤਾਂ ਉਹ ਸਰਕਾਰ ਤੱਕ ਇਸ ਦੀ ਵਿਸਥਾਰਿਤ ਰਿਪੋਰਟ ਪਹੁੰਚਾਣਗੇ ਤਾਂ ਜੋ ਇਸ ਵਿਧੀ ਨੂੰ ਹੋਰ ਕਿਸਾਨਾਂ ਦੇ ਖੇਤਾਂ ਤੱਕ ਵੀ ਪਹੁੰਚਾਇਆ ਜਾ ਸਕੇ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8