ਪੁੱਤਰ ਦੀ ਮੌਤ ਤੋਂ ਦੁਖੀ ਬਜ਼ੁਰਗ ਨੇ ਸਲਫਾਸ ਖਾ ਕੇ ਕੀਤੀ ਜੀਵਨ ਲੀਲਾ ਸਮਾਪਤ
Friday, Feb 23, 2018 - 06:29 AM (IST)

ਜਲੰਧਰ, (ਮਾਹੀ, ਬੈਂਸ)- ਮਕਸੂਦਾਂ ਥਾਣੇ ਅਧੀਨ ਆਉਂਦੇ ਪਿੰਡ ਮੰਨਣਾ 'ਚ ਪੁੱਤਰ ਦੀ ਕੁਝ ਸਾਲ ਪਹਿਲਾਂ ਹੋਈ ਮੌਤ ਤੋਂ ਦੁਖੀ ਬਜ਼ੁਰਗ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਅਜੀਤ ਸਿੰਘ (80) ਪੁੱਤਰ ਸਵ. ਲਛਮਣ ਸਿੰਘ ਵਾਸੀ ਪਿੰਡ ਮੰਨਣਾ ਵਜੋਂ ਹੋਈ ਹੈ। ਮ੍ਰਿਤਕ ਵਿਅਕਤੀ ਦੇ ਪੋਤਰੇ ਨੇ ਦੱਸਿਆ ਕਿ ਉਸ ਦਾ ਦਾਦਾ ਆਪਣੇ ਪੁੱਤਰ ਦੀ ਮੌਤ ਕਾਰਨ ਦੁਖੀ ਰਹਿੰਦਾ ਸੀ, ਜਿਸ ਦੀ 2012 'ਚ ਮੌਤ ਹੋ ਗਈ ਸੀ, ਜਿਸ ਕਾਰਨ ਉਹ ਤਕਰੀਬਨ ਬੀਮਾਰ ਰਹਿਣ ਲੱਗ ਪਿਆ ਸੀ। ਉਸ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸ ਦੇ ਪੋਤਰੇ ਬਲਰਾਜ ਸਿੰਘ ਪੁੱਤਰ ਸਵ. ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਕਿਸੇ ਨੇ ਟੈਲੀਫੋਨ ਰਾਹੀਂ ਇਹ ਸੂਚਨਾ ਦਿੱਤੀ। ਬਜ਼ੁਰਗ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਨਜ਼ਦੀਕੀ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਸ ਨੂੰ ਗੰਭੀਰ ਹਾਲਤ 'ਚ ਆਦਮਪੁਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਏ. ਐੱਸ. ਰਘੁਨਾਥ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੋਤਰੇ ਬਲਰਾਜ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕੀਤੀ ਗਈ ਹੈ।