ਕੋਰੋਨਾ ਵੈਕਸੀਨ ਲਗਵਾਉਣ ਵਾਲਾ ਡਾਕਟਰ ਹੋਇਆ ਕੋਰੋਨਾ ਪਾਜ਼ੇਟਿਵ

Wednesday, Jan 20, 2021 - 02:09 AM (IST)

ਕੋਰੋਨਾ ਵੈਕਸੀਨ ਲਗਵਾਉਣ ਵਾਲਾ ਡਾਕਟਰ ਹੋਇਆ ਕੋਰੋਨਾ ਪਾਜ਼ੇਟਿਵ

ਲੁਧਿਆਣਾ, (ਰਾਜ, ਸਲੂਜਾ)- ਸਿਵਲ ਹਸਪਤਾਲ ’ਚ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਵਿਚ ਦੂਜੇ ਨੰਬਰ ’ਤੇ ਟੀਕਾ ਲਗਵਾਉਣ ਵਾਲੇ ਡਾ. ਹਰਜੀਤ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ ਉਸ ਦੀ ਪਤਨੀ ਅਤੇ ਸਿਵਲ ਹਸਪਤਾਲ ਦੀ ਐੱਸ. ਐੱਮ. ਓ. ਡਾ. ਅਮਰਜੀਤ ਕੌਰ ਕੋਰੋਨਾ ਪਾਜ਼ੇਟਿਵ ਹੋ ਗਈ ਸੀ। ਉਨ੍ਹਾਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਹਸਪਤਾਲ ਵਿਚ ਹਫੜਾ-ਦਫੜੀ ਮਚ ਗਈ ਹੈ। ਹਾਲਾਂਕਿ ਡਾ. ਹਰਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ਪਹਿਲਾਂ ਤੋਂ ਹੀ ਖਰਾਬ ਚੱਲ ਰਹੀ ਸੀ ਪਰ ਵੈਕਸੀਨ ਵਾਲੇ ਦਿਨ ਉਹ ਕੁਝ ਠੀਕ ਸਨ। ਇਸ ਲਈ ਉਨ੍ਹਾਂ ਨੇ ਵੈਕਸੀਨ ਲਗਵਾ ਲਿਆ ਸੀ। ਵੈਕਸੀਨ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਵੈਕਸੀਨ ਆਪਣੇ ਆਪ ਵਿਚ ਸੁਰੱਖਿਅਤ ਅਤੇ ਅਸਰਦਾਰ ਹੈ।

ਅਸਲ ਵਿਚ, ਸ਼ਨੀਵਾਰ ਨੂੰ ਕੋਰੋਨਾ ਵੈਕਸੀਨ ਦਾ ਪਹਿਲਾ ਪੜਾਅ ਸ਼ੁਰੂ ਹੋਇਆ ਸੀ। ਇਸ ਦੌਰਾਨ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਅਮਰਜੀਤ ਕੌਰ ਨੇ ਵੈਕਸੀਨ ਨਹੀਂ ਲਗਵਾਈ ਸੀ ਪਰ ਉਨ੍ਹਾਂ ਦੇ ਪਤੀ ਡਾ. ਹਰਜੀਤ ਸਿੰਘ ਨੇ ਦੂਜੇ ਨੰਬਰ ’ਤੇ ਟੀਕਾ ਲਗਵਾਇਆ ਸੀ। ਉਸੇ ਦਿਨ ਡਾ. ਅਮਰਜੀਤ ਕੌਰ ਦੀ ਸਿਹਤ ਕੁਝ ਜ਼ਿਆਦਾ ਖਰਾਬ ਹੋ ਗਈ ਸੀ। ਜਦੋਂ ਉਨ੍ਹਾਂ ਨੇ ਆਪਣਾ ਟੈਸਟ ਕਰਵਾਇਆ ਤਾਂ ਉਹ ਕੋਰੋਨਾ ਪਾਜ਼ੇਟਿਵ ਨਿਕਲੇ, ਜਦੋਂਕਿ ਅਗਲੇ ਦਿਨ ਉਨ੍ਹਾਂ ਦੇ ਪਤੀ ਡਾ. ਹਰਜੀਤ ਸਿੰਘ ਦੀ ਸਿਹਤ ਵੀ ਕੁਝ ਖਰਾਬ ਹੋ ਗਈ ਸੀ। ਇਸ ਲਈ ਸੰਪਰਕ ਵਿਚ ਆਉਣ ਕਾਰਨ ਉਨ੍ਹਾਂ ਨੇ ਵੀ ਟੈਸਟ ਕਰਵਾਇਆ ਸੀ, ਜੋ ਕਿ ਮੰਗਲਵਾਰ ਨੂੰ ਪਾਜ਼ੇਟਿਵ ਆਇਆ।

ਇਥੇ ਦੱਸਦੇ ਚਲੀਏ ਕਿ ਪਹਿਲੇ ਦਿਨ 28 ਲੋਕਾਂ ਨੇ ਟੀਕਾ ਲਗਵਾਇਆ ਸੀ, ਜਦੋਂਕਿ ਦੂਜੇ ਦਿਨ 39 ਲੋਕਾਂ ਨੇ ਟੀਕ ਲਗਵਾਇਆ ਸੀ, ਜਿਸ ਵਿਚ ਤਕਰੀਬਨ ਸਾਰੇ ਲੋਕ ਸਹੀ ਹਨ। ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਦਾ ਕਹਿਣਾ ਹੈ ਕਿ ਡਾ. ਹਰਜੀਤ ਸਿੰਘ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਪਰ ਕੋਰੋਨਾ ਵੈਕਸੀਨ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਡਾ. ਹਰਜੀਤ ਦੇ ਪਤਨੀ ਡਾ. ਅਮਰਜੀਤ ਸਿੰਘ ਦੀ ਰਿਪੋਰਟ ਪਾਜ਼ੇਟਿਵ ਆਈ ਸੀ।

ਕੁਝ ਸਮੇਂ ਲਈ ਸਿਵਲ ਹਸਪਤਾਲ ਸੈਂਟਰ ਕੀਤਾ ਬੰਦ

ਲੰਬੇ ਇੰਤਜ਼ਾਰ ਤੋਂ ਬਾਅਦ ਪੁੱਜੀ ਕੋਰੋਨਾ ਵੈਕਸੀਨ ਵਿਚ ਲਾਭਪਾਤਰੀ ਘੱਟ ਦਿਲਚਸਪੀ ਦਿਖਾ ਰਹੇ ਹਨ। ਇਸ ਲਈ ਸਰਕਾਰੀ ਹਸਪਤਾਲ ਵਿਚ ਵੈਕਸੀਨ ਲਗਵਾਉਣ ਵਾਲੇ ਬਹੁਤ ਘੱਟ ਗਿਣਤੀ ਵਿਚ ਪੁੱਜ ਰਹੇ ਹਨ। ਅਜਿਹੇ ’ਚ ਸਿਹਤ ਵਿਭਾਗ ਵੱਲੋਂ ਲੁਧਿਆਣਾ ਸਿਵਲ ਹਸਪਤਾਲ ਸੈਂਟਰ ਨੂੰ ਕੁਝ ਸਮੇਂ ਲਈ ਬੰਦ ਕੀਤਾ ਗਿਆ ਹੈ। ਇਸ ਦੀ ਜਗ੍ਹਾ ਫੋਰਟਿਸ ਹਸਪਤਾਲ ਵਿਚ ਸੈਂਟਰ ਬਣਾਇਆ ਗਿਆ ਹੈ। ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਘੱਟ ਤੋਂ ਘੱਟ 100 ਲੋਕਾਂ ਦੀ ਲਿਸਟ ਤਿਆਰ ਕਰਨ ਲਈ ਕਿਹਾ ਹੈ। ਲਿਸਟ ਤਿਆਰ ਹੁੰਦੇ ਹੀ ਫਿਰ ਤੋਂ ਸੈਂਟਰ ਸ਼ੁਰੂ ਕਰ ਦਿੱਤਾ ਜਾਵੇਗਾ।

ਜ਼ਿਲ੍ਹਾ ਲੁਧਿਆਣਾ ’ਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਹੋਈ 25361, ਇਕ ਦੀ ਮੌਤ, 53 ਪਾਜ਼ੇਟਿਵ

ਜ਼ਿਲ੍ਹਾ ਲੁਧਿਆਣਾ ’ਚ ਅੱਜ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 25361 ਹੋ ਗਈ, ਜੋ ਕਿ ਇਸ ਵਿਚ 4 ਕੋਰੋਨਾ ਪਾਜ਼ੇਟਿਵ ਮਰੀਜ਼ ਬਾਹਰ ਦੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ, ਜਦਕਿ ਕੋਰੋਨਾ ਨੂੰ ਮਾਤ ਦੇ ਕੇ ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ 24116 ਹਨ। ਜੋ ਕਿ 95.09 ਫੀਸਦੀ ਦਰ ਬਣਦੀ ਹੈ। ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਨੇ ਇਹ ਜਾਣਕਾਰੀ ਅੱਜ ਮੀਡੀਆ ਦੇ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ 576776 ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅੱਜ ਲੁਧਿਆਣਾ ਦੇ ਨਿਊ ਦੀਪ ਨਗਰ ਦੇ ਰਹਿਣ ਵਾਲੇ 45 ਸਾਲਾ ਇਕ ਕੋਰੋਨਾ ਰੋਗ ਤੋਂ ਪੀੜਤ ਵਿਅਕਤੀ ਦੀ ਮੌਤ ਹੋ ਗਈ ਹੈ।

ਲੁਧਿਆਣਾ ਜ਼ਿਲ੍ਹੇ ’ਚ 984 ਮੌਤਾਂ, ਹੋਰ ਰਾਜਾਂ ’ਚ 468

ਜ਼ਿਲਾ ਲੁਧਿਆਣਾ ਵਿਚ ਅੱਜ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 984 ਹੈ, ਜਦਕਿ ਬਾਹਰਦੇ ਜ਼ਿਲੇ/ਰਾਜਾਂ ਨਾਲ ਸਬੰਧਤ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 468 ਹੈ। ਜੋ ਇਥੇ ਆ ਕੇ ਇਲਾਜ ਕਰਵਾ ਰਹੇ ਸਨ।

49 ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ

ਕੈਟਾਗਿਰੀ        ਗਿਣਤੀ

ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ        6

ਓ. ਪੀ. ਡੀ. ’ਚ- 17

ਆਈ. ਐੱਲ. ਆਈ. (ਫਲੂ ਕੋਰਨਰ)        6

ਹੈਲਥ ਕੇਅਰ ਵਰਕਰ- 1

ਸਬ ਡਵੀਜ਼ਨ ਪੱਧਰ ’ਤੇ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਵੇਰਵਾ :


ਸਬ-ਡਵੀਜ਼ਨ        ਮਾਮਲੇ              ਮੌਤਾਂ

ਜਗਰਾਓਂ               820               33

ਰਾਏਕੋਟ               514               15

ਖੰਨਾ                    733              37

ਸਮਰਾਲਾ              416             25

ਪਾਇਲ                  337        18

ਲੁਧਿਆਣਾ ਸ਼ਹਿਰ    22541        856

 ਇਕਾਂਤਵਾਸ –

ਘਰ ਵਿਚ        39

ਐਕਟਿਵ ਹੋਮ ਕੁਆਰੰਟਾਈਨ        820

ਕੁਲ ਹੋਮ ਕੁਆਰੰਟਾਈਨ        55855

ਜਨਤਾ ਤੋਂ ਸਹਿਯੋਗ ਦੀ ਅਪੀਲ

ਹੈਲਥ ਵਿਭਾਗ ਨੇ ਹਰ ਵਰਗ ਦੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਚੰਗੇ ਨਾਗਰਿਕ ਦੀ ਤਰ੍ਹਾਂ ਸਮਾਜ ਦੀ ਭਲਾਈ ਲਈ ਪੰਜਾਬ ਸਰਕਰ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ ਅਤੇ ਸਿਹਤ ਵਿਭਾਗ ਦੇ ਨਾਲ ਸਹਿਯੋਗ ਕਰਨ।


 


author

Bharat Thapa

Content Editor

Related News