ਕੋਰੋਨਾ ਵਾਇਰਸ ਦੇ ਸੰਭਾਵੀ ਖਤਰੇ ਕਾਰਣ ਚੌਕਸ ਹੋਇਆ ਸਿਹਤ ਵਿਭਾਗ

01/29/2020 7:16:00 PM

ਗੁਰਦਾਸਪੁਰ, (ਹਰਮਨ, ਜ. ਬ.)- ਚੀਨ 'ਚ ਤੇਜ਼ੀ ਨਾਲ ਫੈਲ ਰਹੇ ਜਾਨਲੇਵਾ ਕੋਰੋਨਾ ਵਾਇਰਸ ਕਾਰਣ ਜ਼ਿਲਾ ਗੁਰਦਾਸਪੁਰ ਅੰਦਰ ਵੀ ਸਿਹਤ ਵਿਭਾਗ ਚੌਕਸ ਹੋ ਗਿਆ ਹੈ, ਜਿਸ ਕਾਰਣ ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਸਿਹਤ ਵਿਭਾਗ ਦੀ ਸਮੁੱਚੀ ਟੀਮ ਨੂੰ ਸਰਗਰਮ ਰਹਿਣ ਦੀਆਂ ਹਦਾਇਤਾਂ ਕੀਤੀਆਂ ਹਨ।ਇਸ ਦੇ ਨਾਲ ਹੀ ਸਿਹਤ ਵਿਭਾਗ ਨੇ ਅੱਜ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਲਾਂਘੇ ਵਿਖੇ ਬਣਾਏ ਗਏ ਆਈ. ਸੀ. ਪੀ. ਵਿਖੇ ਵੀ ਮੈਡੀਕਲ ਪੋਸਟ ਸਥਾਪਤ ਕਰ ਦਿੱਤੀ ਹੈ, ਜਦੋਂ ਕਿ ਜ਼ਿਲੇ ਅੰਦਰ ਕੋਰੋਨਾ ਵਾਇਰਸ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕਰਨ ਤੋਂ ਇਲਾਵਾ ਆਈਸੋਲੇਸ਼ਨ ਵਾਰਡ ਤਿਆਰ ਕਰ ਲਏ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਜ਼ਿਲਾ ਗੁਰਦਾਸਪੁਰ ਅੰਦਰ ਕੋਰੋਨਾ ਵਾਇਰਸ ਸਬੰਧੀ ਕੋਈ ਵੀ ਸ਼ੱਕੀ ਕੇਸ ਸਾਹਮਣੇ ਨਹੀਂ ਆਇਆ ਪਰ ਇਸ ਦੇ ਬਾਵਜੂਦ ਸਾਵਧਾਨੀ ਵਜੋਂ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਬਲਾਕ ਵਾਈਜ਼ ਰੈਪਿਡ ਰਿਸਪੌਂਡ ਟੀਮਾਂ, ਫਲੂ ਕਾਰਨਰ ਅਤੇ ਆਈਸੋਲੇਸ਼ਨ ਵਾਰਡ ਤਿਆਰ ਕਰ ਲਏ ਗਏ ਹਨ। ਇਸ ਮੌਕੇ ਜ਼ਿਲਾ ਐਪੀਡੀਮਾਲੋਜਿਸਟ ਡਾ. ਵੰਦਨਾ ਨੇ ਦੱਸਿਆ ਕਿ ਵਾਇਰਸ ਸਬੰਧੀ ਹਰੇਕ ਵਿਅਕਤੀ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਅਤੇ ਜੇਕਰ ਕਿਸੇ ਦੀ ਪਿਛਲੇ 14 ਦਿਨਾਂ ਵਿਚ ਚੀਨ ਦੀ ਟ੍ਰੈਵਲ ਹਿਸਟਰੀ ਹੈ ਤਾਂ ਉਹ ਤੁਰੰਤ ਸਰਕਾਰੀ ਸਿਹਤ ਸੰਸਥਾ ਵਿਚ ਰਿਪੋਰਟ ਕਰੇ। ਉਨ੍ਹਾਂ ਕਿਹਾ ਕਿ ਸ਼ੱਕੀ ਮਰੀਜ਼ ਨੂੰ ਸਿਹਤ ਵਿਭਾਗ ਵੱਲੋਂ ਘੱਟੋ-ਘੱਟ 28 ਦਿਨਾਂ ਤੱਕ ਆਈਸੋਲੇਸ਼ਨ 'ਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਨੁੱਖਾਂ ਵਿਚ ਇਮਿਊਨਿਟੀ (ਬੀਮਾਰੀਆਂ ਵਿਰੁੱਧ ਲੜਨ ਦੀ ਸ਼ਕਤੀ) ਘੱਟ ਹੈ, ਅਜਿਹੇ ਵਿਅਕਤੀਆਂ ਨੂੰ ਇਹ ਬੀਮਾਰੀ ਬਹੁਤ ਜਲਦੀ ਆਪਣੀ ਲਪੇਟ ਵਿਚ ਲੈ ਲੈਂਦੀ ਹੈ ਅਤੇ ਉਨ੍ਹਾਂ ਦਾ ਇਲਾਜ ਕਰਨ ਵਿਚ ਵੀ ਜ਼ਿਆਦਾ ਸਮਾਂ ਲਗਦਾ ਹੈ ਪਰ ਜਿਨ੍ਹਾਂ ਵਿਚ ਇਮਿਊਨਿਟੀ ਜ਼ਿਆਦਾ ਹੁੰਦੀ ਹੈ, ਉਨ੍ਹਾਂ ਦਾ ਇਲਾਜ ਛੇਤੀ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਇਕ ਮਨੁੱਖ ਤੋਂ ਦੂਜੇ ਮਨੁੱਖ ਵਿਚ ਖੰਘ ਨਾਲ, ਛਿੱਕਾਂ, ਵਗਦੀ ਨੱਕ, ਹੱਥ ਮਿਲਾਉਣ ਨਾਲ, ਕਿਸੇ ਨੂੰ ਸਪਰਸ਼ ਨਾਲ ਅਤੇ ਖੁੱਲ੍ਹੇ ਵਿਚ ਥੁੱਕਣ ਨਾਲ ਫੈਲਦਾ ਹੈ।
ਕਰਤਾਰਪੁਰ ਸਾਹਿਬ ਲਾਂਘੇ ਦੇ ਆਈ. ਸੀ. ਪੀ. 'ਤੇ ਬਣਾਈ ਮੈਡੀਕਲ ਪੋਸਟ
ਸਿਵਲ ਸਰਜਨ ਗੁਰਦਾਸਪੁਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਐਪੀਡੀਮਾਲੋਜਿਸਟ ਅਤੇ ਟੀਮ ਵੱਲੋਂ ਭਾਰਤ-ਪਾਕਿਸਤਾਨ ਸਰਹੱਦ 'ਤੇ ਬਣੇ ਲਾਂਘੇ ਦਾ ਦੌਰਾ ਕਰ ਕੇ ਇੰਟਰਨੈਸ਼ਨਲ ਸਰਹੱਦ 'ਤੇ ਯਾਤਰੀਆਂ ਦੀ ਸਕਰੀਨਿੰਗ ਵਾਸਤੇ ਮੈਡੀਕਲ ਪੋਸਟ ਸਥਾਪਤ ਕੀਤੀ ਗਈ ਹੈ। ਇਸ ਪੋਸਟ 'ਤੇ ਤਾਇਨਾਤ ਸਿਹਤ ਅਧਿਕਾਰੀ ਆਉਣ-ਜਾਣ ਵਾਲੇ ਯਾਤਰੀਆਂ ਨੂੰ ਕੋਰੋਨਾ ਵਾਇਰਸ ਸਬੰਧੀ ਜਾਣਕਾਰੀ ਦੇਣਗੇ ਅਤੇ ਜੇਕਰ ਕਿਸੇ ਦੀ ਚੀਨ ਦੀ ਟ੍ਰੈਵਲ ਹਿਸਟਰੀ ਹੈ ਜਾਂ ਕਿਸੇ ਨੂੰ ਇਸ ਬੀਮਾਰੀ ਦੇ ਲੱਛਣ ਹਨ ਤਾਂ ਉਸ ਯਾਤਰੀ ਨੂੰ ਤੁਰੰਤ ਜ਼ਿਲਾ ਹਸਪਤਾਲ ਵਿਚ ਰੈਫਰ ਕਰਨਗੇ।


Bharat Thapa

Content Editor

Related News