ਨਸ਼ੇ ਦੀ ਵੱਧ ਡੋਜ਼ ਲੈਣ ਨਾਲ ਨੌਜਵਾਨ ਦੀ ਮੌਤ

02/17/2018 2:35:43 PM

ਗੁਰਦਾਸਪੁਰ/ ਡੇਰਾ ਬਾਬਾ ਨਾਨਕ (ਵਿਨੋਦ/ਵਤਨ)- ਬੀਤੀ ਰਾਤ ਸਥਾਨਕ ਕਸਬੇ ਦੇ ਨਜ਼ਦੀਕ ਪੈਂਦੇ ਪਿੰਡ ਹਰੂਵਾਲ ਦੇ ਇਕ ਨੌਜਵਾਨ ਦੀ ਨਸ਼ੇ ਦੀ ਵੱਧ ਡੋਜ਼ ਲੈਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਆਪਣੇ ਪਿੱਛੇ ਇਕ 4 ਸਾਲ ਦਾ ਲੜਕਾ ਛੱਡ ਗਿਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਨੌਜਵਾਨ ਬਿਕਰਮਜੀਤ ਸਿੰਘ ਬਿੱਕਾ ਪੁੱਤਰ ਗੁਰਨਾਮ ਸਿੰਘ ਫੌਜੀ ਵਾਸੀ ਪਿੰਡ ਹਰੂਵਾਲ ਦੇ ਪਰਿਵਾਰਕ ਮੈਬਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਬਿਕਰਮਜੀਤ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਤੇ ਬਿਕਰਮਜੀਤ ਘਰ ਬਿਨ੍ਹਾਂ ਦੱਸਿਆ ਹੀ ਮੋਟਰ ਸਾਇਕਲ ਲੈ ਕਿ ਘਰੋਂ ਚਲਾ ਗਿਆ ਤੇ ਕਰੀਬ 1 ਘੰਟੇ ਬਾਅਦ ਹੀ ਉਸ ਦੇ ਛੋਟੇ ਭਰਾ ਰਵੀ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਬਿਕਰਮਜੀਤ ਸਥਾਨਕ ਕਸਬੇ ਦੇ ਗੁਰਦੁਆਰਾ ਸਾਹਿਬ ਦੀ ਪਿਛਲੇ ਪਾਸੇ ਸਮਸ਼ਾਨ ਘਾਟ ਨੇੜੇ ਬੇਹੋਸ਼ੀ ਦੀ ਹਾਲਤ 'ਚ ਪਿਆ ਹੈ। 
ਉਨ੍ਹਾਂ ਦੱਸਿਆ ਕਿ ਅਸੀ ਤੁਰੰਤ ਮੌਕੇ 'ਤੇ ਪੁੱਜੇ ਤੇ ਬਿਕਮਜੀਤ ਸਿੰਘ ਆਪਣੇ ਮੋਟਰ ਸਾਇਕਲ ਨੇੜੇ ਬੇਹੋਸ਼ੀ ਦੀ ਹਾਲਤ 'ਚ ਪਿਆ ਹੋਇਆ ਸੀ, ਜਿਸ ਨੂੰ ਅਸੀ ਤੁਰੰਤ ਸਿਵਲ ਹਸਪਤਾਲ ਲੈ ਗਏ ਪਰ ਡਾਕਟਰਾਂ ਵੱਲੋ ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਕਰਾਰ ਦੇ ਦਿੱਤਾ। ਘਰ ਵਾਲਿਆਂ ਸ਼ੱਕ ਜ਼ਾਹਰ ਕਰਦਿਆਂ ਦੱਸਿਆ ਕਿ ਜਦ ਅਸੀਂ ਮ੍ਰਿਤਕ ਬਿਕਰਮਜੀਤ ਦਾ ਫੋਨ ਚੈਕ ਕੀਤਾ ਤਾਂ ਉਸ ਦੇ ਫੋਨ ਦੀਆਂ ਸਾਰੀਆਂ ਕਾਲ ਡਲੀਟ ਕੀਤੀਆਂ ਹੋਈਆ ਸਨ। ਉਨ੍ਹਾਂ ਪੁਲਸ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕੇ ਮ੍ਰਿਤਕ ਦੀਆਂ ਫੋਨ ਦੀ ਕਾਲ ਡੀਟੇਲ ਕੱਢਵਾਂ ਕੇ ਉਕਤ ਨਸ਼ਾ ਵੇਚਣ ਵਾਲਿਆ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਹੋਰ ਕਿਸੇ ਦਾ ਘਰ ਉਜੜਨ ਤੋ ਬਚ ਸਕੇ। 
 


Related News