ਐਕਟਿਵਾ ਖੋਹ ਕੇ ਭੱਜੇ ਲੁਟੇਰਿਆਂ ਵਲੋਂ ਗੰਭੀਰ ਜ਼ਖ਼ਮੀ ਕੀਤੇ ਕੈਪਟਨ ਦੀ ਮੌਤ, ਕਤਲ ਦਾ ਮਾਮਲਾ ਦਰਜ
Tuesday, Apr 02, 2024 - 05:04 AM (IST)
ਜਲੰਧਰ (ਮਹੇਸ਼)– ਲੁੱਟ ਦੀ ਨੀਅਤ ਨਾਲ ਲੁਟੇਰਿਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਤੌਰ ’ਤੇ ਜ਼ਖ਼ਮੀ ਕੀਤੇ ਗਏ ਕੈਪਟਨ ਗੁਰਦੀਪ ਸਿੰਘ ਦੀ ਕੱਲ ਸਵੇਰੇ ਇਲਾਜ ਦੌਰਾਨ ਮੌਤ ਹੋ ਗਈ। ਉਹ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਸਨ।
ਜਲੰਧਰ ਕੈਂਟ ਥਾਣੇ ਅਧੀਨ ਪੈਂਦੇ ਪਿੰਡ ਸੰਸਾਰਪੁਰ ਵਿਖੇ ਦੇਬੂ ਦੇ ਖੂਹ ਨੇੜੇ ਦੇਰ ਰਾਤ ਲੁਟੇਰਿਆਂ ਨੇ ਕੈਪਟਨ ਗੁਰਦੀਪ ਸਿੰਘ ਵਾਸੀ ਬਾਬਾ ਅਤਰ ਸਿੰਘ ਨਗਰ ਸੋਫੀ ਿਪੰਡ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਦੀ ਐਕਟਿਵਾ ਖੋਹ ਲਈ ਤੇ ਫਰਾਰ ਹੋ ਗਏ, ਜਿਸ ਤੋਂ ਬਾਅਦ ਖ਼ੂਨ ਨਾਲ ਲਥਪਥ ਹਾਲਤ ’ਚ ਸੜਕ ਕੰਢੇ ਪਏ ਕੈਪਟਨ ਨੂੰ ਲੋਕਾਂ ਦੀ ਮਦਦ ਨਾਲ ਜਲੰਧਰ ਛਾਉਣੀ ਦੇ ਮਿਲਟਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਨਿੱਜੀ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ‘ਆਪ’ ਛੱਡ ਭਾਜਪਾ ’ਚ ਸ਼ਾਮਲ ਹੋਏ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਗ੍ਰਹਿ ਮੰਤਰਾਲੇ ਨੇ ਦਿੱਤੀ ਵਾਈ ਪਲੱਸ ਸੁਰੱਖਿਆ
ਲੁੱਟ ਦੀ ਵਾਰਦਾਤ ਤੋਂ ਬਾਅਦ ਜਲੰਧਰ ਛਾਉਣੀ ਦੀ ਪੁਲਸ ਨੇ ਕੈਪਟਨ ਦੇ ਪੁੱਤਰ ਰੋਹਿਤ ਮਹਿਮੀ ਦੇ ਬਿਆਨਾਂ ’ਤੇ ਕੈਪਟਨ ’ਤੇ ਹਮਲਾ ਕਰਨ ਵਾਲੇ ਲੁਟੇਰਿਆਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 379-ਬੀ (2) ਤੇ 307 ਤੇ 34 ਤਹਿਤ ਐੱਫ. ਆਈ. ਆਰ. ਨੰ. 35. ਦਰਜ ਕੀਤੀ ਸੀ। ਅੱਜ ਸਵੇਰੇ ਕੈਪਟਨ ਦੀ ਮੌਤ ਤੋਂ ਬਾਅਦ ਪੁਲਸ ਨੇ ਉਪਰੋਕਤ ਐੱਫ. ਆਈ. ਆਰ. ’ਚ ਹੱਤਿਆ ਦੀ ਧਾਰਾ 302 ਵੀ ਜੋੜ ਦਿੱਤੀ ਗਈ ਹੈ।
ਪੁਲਸ ਨੇ ਕੈਪਟਨ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਏ ਲੁਟੇਰਿਆਂ ਦਾ ਅਜੇ ਤੱਕ ਪੁਲਸ ਨੂੰ ਕੋਈ ਸੁਰਾਗ ਨਹੀਂ ਮਿਲਿਆ ਹੈ, ਜਦਕਿ ਪੁਲਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ’ਚ ਜੁਟੀ ਹੋਈ ਹੈ। ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਗਈ ਹੈ ਪਰ ਉਸ ’ਚ ਵੀ ਕੁਝ ਨਹੀਂ ਮਿਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।