ਸੜਕ ਹਾਦਸੇ ''ਚ ਨੌਜਵਾਨ ਦੀ ਮੌਤ, ਭੜਕੇ ਲੋਕਾਂ ਲਾਇਆ ਜਾਮ
Wednesday, Aug 09, 2017 - 03:02 AM (IST)

ਗੜ੍ਹਦੀਵਾਲਾ, (ਜਤਿੰਦਰ)- ਅੱਜ ਦੁਪਹਿਰੇ ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਗੋਂਦਪੁਰ ਵਿਖੇ ਹੁਸ਼ਿਆਰਪੁਰ-ਦਸੂਹਾ ਮੇਨ ਰੋਡ 'ਤੇ ਮੋਟਰਸਾਈਕਲ ਤੇ ਐਕਸ. ਯੂ. ਵੀ. ਗੱਡੀ ਵਿਚਕਾਰ ਹੋਈ ਟੱਕਰ ਵਿਚ 1 ਨੌਜਵਾਨ ਦੀ ਮੌਤ ਹੋ ਗਈ। ਭੜਕੇ ਲੋਕਾਂ ਨੇ ਘਟਨਾ ਸਥਾਨ 'ਤੇ ਹੀ ਨੌਜਵਾਨ ਦੀ ਮ੍ਰਿਤਕ ਦੇਹ ਰੱਖ ਕੇ ਟ੍ਰੈਫਿਕ ਜਾਮ ਕਰਦਿਆਂ ਸਖਤ ਰੋਸ ਜ਼ਾਹਰ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਹਰਜਿੰਦਰ ਸਿੰਘ (22) ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਗੋਂਦਪੁਰ ਦੁਪਹਿਰੇ ਲਗਭਗ 12 ਵਜੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਨੂੰ ਜਾਂਦੀ ਸੜਕ ਨੇੜੇ ਮੋਟਰਸਾਈਕਲ ਨੰਬਰ ਪੀ ਬੀ 07 ਏ ਐੱਚ- 4559 ਉਪਰ ਆਪਣੇ ਘਰ ਵੱਲ ਆ ਰਿਹਾ ਸੀ ਕਿ ਗੜ੍ਹਦੀਵਾਲਾ ਵੱਲੋਂ ਆ ਰਹੀ ਐਕਸ. ਯੂ. ਵੀ. ਗੱਡੀ ਪੀ ਬੀ 07 ਏ ਐਕਸ-9250 ਦੀ ਮੋਟਰਸਾਈਕਲ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਹਰਜਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਭੜਕੇ ਲੋਕਾਂ ਨੇ ਦੁਪਹਿਰ ਲਗਭਗ 2.30 ਵਜੇ ਮੇਨ ਰੋਡ 'ਤੇ ਟ੍ਰੈਫਿਕ ਜਾਮ ਕਰ ਦਿੱਤਾ। ਮੌਕੇ 'ਤੇ ਇਕੱਤਰ ਮਨਜੋਤ ਸਿੰਘ ਤਲਵੰਡੀ ਪ੍ਰਧਾਨ ਬਾਬਾ ਦੀਪ ਸਿੰਘ ਸੇਵਾ ਦਲ, ਮ੍ਰਿਤਕ ਦੇ ਤਾਇਆ ਤਰਸੇਮ ਸਿੰਘ ਅਤੇ ਹੋਰਨਾਂ ਲੋਕਾਂ ਨੇ ਕਿਹਾ ਕਿ ਦੁਪਹਿਰ 12 ਵਜੇ ਸੜਕ ਹਾਦਸਾ ਹੋਇਆ, ਜਿਸ ਐਕਸ. ਯੂ. ਵੀ. ਗੱਡੀ ਦੀ ਮੋਟਰਸਾਈਕਲ ਨਾਲ ਟੱਕਰ ਹੋਈ, ਉਹ ਇਕ ਰਿਟਾਇਰਡ ਉੱਚ ਪੁਲਸ ਅਧਿਕਾਰੀ ਦੀ ਹੈ। ਉਸ ਨੂੰ ਲੋਕਾਂ ਨੇ ਘਟਨਾ ਵੇਲੇ ਗੱਡੀ ਵਿਚ ਵੇਖਿਆ ਸੀ ਪਰ ਜਦੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਤੇ ਹੋਰ ਲੋਕ ਗੜ੍ਹਦੀਵਾਲਾ ਪੁਲਸ ਸਟੇਸ਼ਨ ਵਿਖੇ ਗਏ ਤਾਂ ਉਥੇ ਇਹ ਪਤਾ ਲੱਗਾ ਕਿ ਉਕਤ ਰਿਟਾਇਰਡ ਉੱਚ ਪੁਲਸ ਅਧਿਕਾਰੀ ਦੀ ਬਜਾਏ ਕੋਈ ਹੋਰ ਗੱਡੀ ਚਲਾ ਰਿਹਾ ਸੀ। ਇਸ ਸੁਣ ਕੇ ਲੋਕ ਭੜਕ ਉੱਠੇ ਤੇ ਉਨ੍ਹਾਂ ਟ੍ਰੈਫਿਕ ਜਾਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲਸ ਅਸਲੀ ਦੋਸ਼ੀ ਖਿਲਾਫ਼ ਮਾਮਲਾ ਦਰਜ ਨਹੀਂ ਕਰਦੀ, ਉਦੋਂ ਤੱਕ ਉਹ ਜਾਮ ਨਹੀਂ ਖੋਲ੍ਹਣਗੇ।
ਜਾਮ ਲੱਗਣ ਦੀ ਸੂਚਨਾ ਮਿਲਣ 'ਤੇ ਪੁਲਸ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਲੋਕਾਂ ਨੂੰ ਥਾਣੇ ਆ ਕੇ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਪਰ ਉਹ ਇਸ ਗੱਲ 'ਤੇ ਅੜੇ ਰਹੇ ਕਿ ਇਕ ਤਾਂ ਅਸਲ ਦੋਸ਼ੀ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਦੂਸਰਾ ਬਿਆਨ ਮੌਕੇ 'ਤੇ ਆ ਕੇ ਲਿਖੇ ਜਾਣ। ਇਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਮੌਕੇ 'ਤੇ ਮ੍ਰਿਤਕ ਨੌਜਵਾਨ ਦੇ ਭਰਾ ਦੇ ਬਿਆਨ ਲਏ।
ਇਸ ਮੌਕੇ ਐੱਸ. ਐੱਚ. ਓ. ਗੜ੍ਹਦੀਵਾਲਾ ਜਸਕੰਵਲ ਸਹੋਤਾ ਨੇ ਕਿਹਾ ਕਿ ਪੁਲਸ ਤੁਰੰਤ ਮੌਕੇ 'ਤੇ ਪਹੁੰਚ ਗਈ ਸੀ ਅਤੇ ਮ੍ਰਿਤਕ ਦੇ ਪਰਿਵਾਰ ਵੱਲੋਂ ਜੋ ਬਿਆਨ ਦਿੱਤੇ ਗਏ ਹਨ, ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ ਪਰ ਲੋਕ ਫਿਰ ਵੀ ਇਸ ਗੱਲ 'ਤੇ ਅੜੇ ਰਹੇ ਕਿ ਸਾਨੂੰ ਮੌਕੇ 'ਤੇ ਹੀ ਐੱਫ. ਆਈ. ਆਰ. ਚਾਹੀਦੀ ਹੈ। ਐੱਸ. ਐੱਚ. ਓ. ਵੱਲੋਂ ਮੁੜ ਭਰੋਸਾ ਦਿਵਾਉਣ 'ਤੇ ਲੋਕਾਂ ਨੇ 1 ਘੰਟੇ ਬਾਅਦ ਕਰੀਬ 3.30 ਵਜੇ ਜਾਮ ਖੋਲ੍ਹ ਦਿੱਤਾ। ਮੌਕੇ 'ਤੇ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਮਨਜੀਤ ਸਿੰਘ ਵੀ ਪਹੁੰਚ ਗਏ ਸਨ।
ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਹਰਜਿੰਦਰ ਸਿੰਘ ਦੇ ਮਾਤਾ-ਪਿਤਾ ਨਹੀਂ ਹਨ ਤੇ ਇਕ ਭਰਾ ਹੈ। ਮ੍ਰਿਤਕ ਬਹੁਤ ਜ਼ਿਆਦਾ ਗਰੀਬ ਸੀ ਅਤੇ ਮਜ਼ਦੂਰੀ ਕਰਦਾ ਸੀ।