ਟਰੱਕ ਦੀ ਲਪੇਟ ''ਚ ਆ ਕੇ ਨੌਜਵਾਨ ਲੜਕੇ-ਲੜਕੀ ਦੀ ਮੌਤ
Tuesday, Mar 27, 2018 - 01:48 AM (IST)

ਹੁਸ਼ਿਆਰਪੁਰ, (ਅਮਰਿੰਦਰ)- ਭਰਵਾਈਂ-ਚਿੰਤਪੂਰਨੀ ਰੋਡ 'ਤੇ ਬੀਤੀ ਦੇਰ ਰਾਤ ਕਰੀਬ 12 ਵਜੇ ਚੌਹਾਲ ਨੇੜੇ ਚਿੰਤਪੂਰਨੀ ਤੋਂ ਪਰਤ ਰਹੇ ਇਕ 20 ਸਾਲਾ ਲੜਕੇ ਰੋਹਿਤ ਕੁਮਾਰ ਪੁੱਤਰ ਸੋਮ ਨਾਥ ਵਾਸੀ ਬੱਸੀ ਖਵਾਜੂ ਅਤੇ 19 ਸਾਲਾ ਨਿਤਿਕਾ ਪੁੱਤਰੀ ਰਾਜ ਕੁਮਾਰ ਵਾਸੀ ਦੀਪ ਨਗਰ ਹੁਸ਼ਿਆਰਪੁਰ ਦੀ ਬੇਕਾਬੂ ਟਰੱਕ ਦੀ ਲਪੇਟ 'ਚ ਆ ਕੇ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਸਬੰਧੀ ਥਾਣਾ ਸਦਰ 'ਚ ਤਾਇਨਾਤ ਏ. ਐੱਸ. ਆਈ. ਓਮ ਪ੍ਰਕਾਸ਼ ਨੇ ਕਾਰਵਾਈ ਕਰਦਿਆਂ ਲਾਸ਼ਾਂ ਸਿਵਲ ਹਸਪਤਾਲ ਵਿਚੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀਆਂ ਹਨ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਰੋਹਿਤ ਕੁਮਾਰ ਫ਼ਲ ਵੇਚਣ ਦਾ ਕੰਮ ਕਰਦਾ ਸੀ ਅਤੇ ਬੀਤੀ ਸ਼ਾਮ ਕੰਮ ਖਤਮ ਕਰਨ ਤੋਂ ਬਾਅਦ ਉਹ ਨਿਤਿਕਾ ਨਾਲ ਮੋਟਰਸਾਈਕਲ ਨੰ. ਪੀ ਬੀ 07-ਏ ਡਬਲਯੂ-6452 'ਤੇ ਚਿੰਤਪੂਰਨੀ ਲਈ ਨਿਕਲਿਆ ਸੀ। ਉਥੋਂ ਪਰਤਦਿਆਂ ਉਕਤ ਸਥਾਨ 'ਤੇ ਉਨ੍ਹਾਂ ਦਾ ਮੋਟਰਸਾਈਕਲ ਇਕ ਤੇਜ਼ ਰਫ਼ਤਾਰ ਟਰੱਕ ਨੰ. ਐੱਚ ਪੀ 32-ਬੀ-1731 ਦੀ ਲਪੇਟ 'ਚ ਆ ਜਾਣ ਨਾਲ ਦੋਵਾਂ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ।
ਥਾਣਾ ਸਦਰ ਦੇ ਇੰਚਾਰਜ ਰਾਜੇਸ਼ ਕੁਮਾਰ ਅਰੋੜਾ ਨੇ ਦੱਸਿਆ ਕਿ ਫ਼ਰਾਰ ਦੋਸ਼ੀ ਟਰੱਕ ਚਾਲਕ ਅਜੈ ਕੁਮਾਰ ਪੁੱਤਰ ਬ੍ਰਹਮ ਚੰਦਰ ਵਾਸੀ ਨਦੌਣ ਖਿਲਾਫ਼ ਪੁਲਸ ਨੇ ਧਾਰਾ 279, 304-ਏ ਅਤੇ 427 ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।