ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਏ 23 ਸਾਲਾ ਪੰਕਜ ਦੀ ਮੌਤ

Wednesday, Jul 25, 2018 - 07:12 AM (IST)

ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਏ 23 ਸਾਲਾ ਪੰਕਜ ਦੀ ਮੌਤ

ਜਲੰਧਰ, (ਵਰੁਣ)— ਚੁਨਮੁਨ ਚੌਕ 'ਤੇ ਸ਼ਨੀਵਾਰ ਦੀ ਰਾਤ ਹੋਂਡਾ ਕਾਰ ਨੇ ਮੋਟਰਸਾਈਕਲ ਸਵਾਰ ਸ਼ੈਫ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਹਾਦਸਾ ਆਹਮੋ-ਸਾਹਮਣੇ ਹੋਇਆ, ਜਿਸ ਕਾਰਨ ਮੋਟਰਸਾਈਕਲ ਸਵਾਰ ਸ਼ੈਫ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ। ਮੰਗਲਵਾਰ ਸਵੇਰੇ ਕਰੀਬ 10.30 ਵਜੇ 23 ਸਾਲਾ ਸ਼ੈਫ ਪੰਕਜ ਬੱਬਰ ਨੇ ਦਮ ਤੋੜ ਦਿੱਤਾ। ਪੰਕਜ 3 ਭੈਣਾਂ ਦਾ ਇਕਲੌਤਾ ਭਰਾ ਸੀ ਤੇ ਚਾਰ ਮਹੀਨੇ ਪਹਿਲਾਂ ਹੀ ਉਸਨੇ ਆਪਣੀ ਛੋਟੀ ਭੈਣ ਦਾ ਵਿਆਹ ਕੀਤਾ ਸੀ।
ਪੰਕਜ (23) ਪੁੱਤਰ ਸਵ. ਧਰਮਪਾਲ ਵਾਸੀ ਬਸਤੀ ਸ਼ੇਖ ਦੇ ਜੀਜਾ ਡਾ. ਗੌਰਵ ਨੇ ਦੱਸਿਆ ਕਿ ਪੰਕਜ ਅਰਬਨ ਅਸਟੇਟ-2 ਸਥਿਤ ਗਾਰਡਨ ਰੈਸਟੋਰੈਂਟ ਵਿਚ ਬਤੌਰ ਸ਼ੈਫ ਸੀ। 11 ਜੁਲਾਈ ਨੂੰ ਹੀ ਉਸਨੇ ਕੰਟਰੀ ਇਨ ਹੋਟਲ ਵਿਚੋਂ ਕੰਮ ਛੱਡ ਕੇ ਗਾਰਡਨ ਰੈਸਟੋਰੈਂਟ ’ਚ ਸ਼ੁਰੂ ਕੀਤਾ ਸੀ। ਸ਼ਨੀਵਾਰ ਦੀ ਰਾਤ ਕੰਮ ਖਤਮ ਕਰ ਕੇ ਕਰੀਬ 12.30 ਵਜੇ ਘਰ ਵੱਲ ਜਾ ਰਿਹਾ ਸੀ। ਜਿਵੇਂ ਹੀ ਚੁਨਮੁਨ ਚੌਕ ਕਰਾਸ ਕਰਨ ਲੱਗਾ ਤਾਂ ਸਾਹਮਣੇ ਤੋਂ ਆ ਰਹੀ ਕਾਰ ਨੇ ਟਰਨ ਲੈਂਦੇ ਹੋਏ ਪੰਕਜ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਕਾਰ ਚਾਲਕ ਨੇ ਕਾਰ ਭਜਾ ਲਈ, ਜਦਕਿ ਉਥੋਂ ਨਿਕਲ ਰਹੇ ਕਾਰ ਸਵਾਰ ਨੌਜਵਾਨ ਨੇ ਕਾਰ ਦਾ ਨੰਬਰ ਨੋਟ ਕਰ ਕੇ ਪੰਕਜ ਨੂੰ ਸਿਵਲ ਹਸਪਤਾਲ ਪਹੁੰਚਾਇਆ। ਨੌਜਵਾਨ ਨੇ ਪੰਕਜ ਦੇ ਪਰਸ ਵਿਚੋਂ ਸੈਲਰੀ ਸਲਿਪ ਕੱਢ ਕੇ ਹੋਟਲ ਕੰਟਰੀ ਇਨ ਵਿਚ ਫੋਨ ਕਰ ਕੇ ਹਾਦਸੇ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਹਾਦਸੇ ਬਾਰੇ ਪੰਕਜ ਦੇ ਦੋਸਤਾਂ ਨੂੰ ਪਤਾ ਲੱਗਾ। ਕੁਝ ਸਮੇਂ ਬਾਅਦ ਸਿਵਲ ਹਸਪਤਾਲ ਤੋਂ ਪੰਕਜ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੰਕਜ ਦੀ ਮਾਂ ਤੇ ਹੋਰ ਰਿਸ਼ਤੇਦਾਰ ਵੀ ਹਸਪਤਾਲ ਪਹੁੰਚ ਗਏ। ਪੰਕਜ ਦੇ ਸਿਰ 'ਤੇ ਗੰਭੀਰ ਸੱਟਾਂ ਆਈਆਂ ਸਨ। ਸਵੇਰ ਦੇ ਸਮੇਂ ਉਸਦਾ ਆਪ੍ਰੇਸ਼ਨ ਕੀਤਾ ਪਰ ਕੁਝ ਸੁਧਾਰ ਨਾ ਹੋਣ ਕਾਰਨ ਉਸਨੂੰ ਦੁਬਾਰਾ ਕਿਸੇ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਪੰਕਜ ਦੇ ਜੀਜਾ ਪੰਚਮ ਦੇ ਬਿਆਨਾਂ 'ਤੇ ਅਣਪਛਾਤੇ ਕਾਰ ਚਾਲਕ 'ਤੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਦਾ ਕੇਸ ਦਰਜ ਕਰ ਲਿਆ ਸੀ।
 ਸੋਮਵਾਰ ਸਵੇਰੇ 10.40 ਵਜੇ ਹਾਲਤ ਵਿਚ ਸੁਧਾਰ ਨਾ ਹੋਣ ਕਾਰਨ ਪੰਕਜ ਨੇ ਦਮ ਤੋੜ ਦਿੱਤਾ। ਪੰਕਜ ਦੀ ਮੌਤ ਦੀ ਖਬਰ ਸੁਣ ਕੇ ਉਸ ਦੇ ਪਰਿਵਾਰ, ਦੋਸਤਾਂ ਅਤੇ ਮੁਹੱਲੇ ਵਿਚ ਸ਼ੋਕ ਦਾ ਮਾਹੌਲ ਬਣ ਗਿਆ। ਪੰਕਜ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ। ਸੋਮਵਾਰ ਦੁਪਹਿਰ ਪੰਕਜ ਦੀ ਲਾਸ਼ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ। ਚੌਕੀ ਬੱਸ ਸਟੈਂਡ ਦੇ ਇੰਚਾਰਜ ਸੇਵਾ ਸਿੰਘ ਨੇ ਦੱਸਿਆ ਕਿ ਜੋ ਕਾਰ ਦਾ ਨੰਬਰ ਉਨ੍ਹਾਂ ਨੂੰ ਦਿੱਤਾ ਗਿਆ, ਉਹ ਕਿਸੇ ਬ੍ਰਿਗੇਡੀਅਰ ਦਾ ਹੈ। 
ਹੁਣ ਪਤਾ ਲਗਾਇਆ ਜਾ ਰਿਹਾ ਹੈ ਕਿ ਬ੍ਰਿਗੇਡੀਅਰ ਨੇ ਉਹ ਗੱਡੀ ਕਿਤੇ ਵੇਚ ਦਿੱਤੀ ਸੀ ਜਾਂ ਫਿਰ ਉਸਦੇ ਕੋਲ ਹੀ ਹੈ। ਉਨ੍ਹਾਂ ਕਿਹਾ ਕਿ ਕੇਸ ਵਿਚ ਲਾਪ੍ਰਵਾਹੀ ਨਾਲ ਮੌਤ ਹੋਣ ਦੀ ਧਾਰਾ ਵੀ ਜੋੜ ਦਿੱਤੀ ਗਈ ਹੈ। ਫਿਲਹਾਲ ਪੁਲਸ ਜਾਂਚ ਵਿਚ ਜੁਟੀ ਹੋਈ ਹੈ।
ਪਤੀ ਤੋਂ ਬਾਅਦ ਇਕਲੌਤੇ ਬੇਟੇ ਨੂੰ ਗੁਆਇਆ
2011 'ਚ ਪੰਕਜ ਦੇ ਪਿਤਾ ਨੇ ਕੁਝ ਕਾਰਨਾਂ ਕਰਕੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਸੀ। ਉਸ ਸਮੇਂ ਪੰਕਜ ਕਾਫੀ ਛੋਟਾ ਸੀ। ਪੰਕਜ ਦੀ ਮਾਂ ਨੇ ਉਸਨੂੰ ਪੜ੍ਹਾਇਆ। ਮਾਂ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਪਤੀ ਨੂੰ ਗੁਆਉਣ ਤੋਂ ਬਾਅਦ ਉਸਨੇ ਇਕਲੌਤੇ ਬੇਟੇ ਨੂੰ ਵੀ ਗੁਆ ਦਿੱਤਾ ਹੈ। ਪੰਕਜ ਦੀ ਮੌਤ ਦੀ ਖਬਰ ਸੁਣਦੇ ਹੀ ਮਾਂ ਬੇਸੁੱਧ ਹੋ ਗਈ। ਪੰਕਜ ਦੀਅਾਂ ਭੈਣਾਂ ਦਾ ਵੀ ਰੋ-ਰੋ ਕੇ ਬੁਰਾ ਹਾਲ ਸੀ। 4 ਮਹੀਨੇ ਪਹਿਲਾਂ ਹੀ ਪੰਕਜ ਨੇ ਆਪਣੀ ਛੋਟੀ ਭੈਣ ਦਾ ਵਿਆਹ ਕੀਤਾ ਸੀ। ਅਜੇ ਭੈਣ ਦੇ ਹੱਥਾਂ ਤੋਂ ਸ਼ਗਨਾਂ ਦਾ ਚੂੜਾ ਉਤਰਿਆ ਨਹੀਂ ਸੀ ਕਿ ਇਕਲੌਤਾ ਭਰਾ ਹਮੇਸ਼ਾ ਲਈ ਦੂਰ ਹੋ ਗਿਆ।
ਸਾਨੂੰ ਸਾਡਾ ਯਾਰ ਮੋੜ ਦਿਓ
ਪੰਕਜ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਉਸਦੇ ਕੁਝ ਦੋਸਤ ਹਸਪਤਾਲ ਪਹੁੰਚੇ। ਪੰਕਜ ਦੇ ਦੋਸਤ ਰਾਜੂ ਸਿੰਘ ਤੇ ਵਰੁਣ ਨੇ ਦੱਸਿਆ ਕਿ ਪੰਕਜ ਕਾਫੀ ਹਸਮੁੱਖ ਸੀ। ਕਦੇ ਕਿਸੇ ਨਾਲ ਲੜਾਈ ਝਗੜਾ ਨਹੀਂ ਸੀ ਕਰਦਾ। ਸੱਚਮੁਚ ਉਹ ਯਾਰਾਂ ਦਾ ਯਾਰ ਸੀ। ਕਾਸ਼! ਸਾਡੇ ਯਾਰ ਨੂੰ ਕੋਈ ਮੋੜ ਸਕਦਾ। 
 


Related News