ਜੰਗਲ ਚੋਂ ਅਣਪਛਾਤੀ ਕੁੱਤਿਆਂ ਦੀ ਖਾਧੀ ਗਲੀ ਸੜੀ ਲਾਸ਼ ਮਿਲੀ, ਇਲਾਕੇ ਚ ਫੈਲੀ ਸਨਸਨੀ
Tuesday, Jul 18, 2017 - 04:00 PM (IST)

ਕਾਠਗੜ੍ਹ - ਕਾਠਗੜ੍ਹ ਖੇਤਰ ਦੇ ਪਿੰਡ ਨਿੱਘੀ ਦੇ ਜੰਗਲਾਂ ਚੋਂ ਅੱਜ ਇੱਕ ਅਣਪਛਾਤੀ ਔਰਤ ਦੀ ਕੁੱਤਿਆਂ ਵੱਲੋਂ ਖਾਧੀ ਗਲੀ ਸੜੀ ਲਾਸ਼ ਮਿਲਣ ਨਾਲ ਇਲਾਕੇ ਚ ਸਨਸਨੀ ਫੈਲ ਗਈ। ਘਟਨਾ ਸਥਾਨ ਤੇ ਪੁਲਸ ਪਾਰਟੀ ਸਮੇਤ ਪਹੁੰਚੇ ਕਾਠਗੜ੍ਹ ਥਾਣੇ ਦੇ ਐੱਸ. ਐੱਚ. ਓ. ਜਾਗਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਨਿੱਘੀ ਤੋਂ ਟੂੰਡੇਵਾਲ ਨੂੰ ਜਾਂਦੀ ਲਿੰਕ ਸੜਕ ਦੇ ਵਿਚਕਾਰ ਪੈਂਦੇ ਜੰਗਲ ਦੇ ਖੇਤਾਂ ਚ ਪਿੰਡ ਨਿੱਘੀ ਦਾ ਨੌਜਵਾਨ ਰਿੰਕੂ ਪੁੱਤਰ ਤਰਸੇਮ ਲਾਲ ਆਪਣੇ ਖੇਤਾਂ ਵੱਲ ਆਇਆ ਤਾਂ ਉਸਨੂੰ ਗੰਦੀ ਬਦਬੂ ਆਈ ਤੇ ਜਿਵੇ ਹੀ ਉਸਨੇ ਨਾਲ ਲੱਗਦੇ ਟਿੱਬੇ 'ਤੇ ਚੜ੍ਹਕੇ ਦੇਖਿਆ ਤਾਂ ਇਕ ਗਲੀ ਸੜੀ ਲਾਸ਼ ਨੂੰ ਕੁਝ ਕੁੱਤੇ ਨੋਚ ਨੋਚ ਖਾ ਰਹੇ ਸਨ। ਜਿਸ ਤੋਂ ਨੌਜਵਾਨ ਇਸ ਸਬੰਧੀ ਪੰਚਾਇਤ ਨੂੰ ਦੱਸਿਆ ਅਤੇ ਪੰਚਾਇਤ ਨੇ ਤੁਰੰਤ ਫੋਨ ਤੇ ਪੁਲਸ ਨੂੰ ਸੂਚਿਤ ਕੀਤਾ। ਜਦੋਂ ਉਨ੍ਹਾਂ ਪੁਲਸ ਪਾਰਟੀ ਸਮੇਤ ਲੋਕਾਂ ਦੀ ਹਾਜ਼ਰੀ 'ਚ ਘਟਨਾ ਸਥਾਨ ਤੇ ਆਕੇ ਦੇਖਿਆ ਤਾਂ ਉਨ੍ਹਾਂ ਕੁੱਤਿਆਂ ਨੂੰ ਭਜਾਇਆ ਜਦਕਿ ਦੋਵੇ ਬਾਹਾਂ ਅਤੇ ਸਿਰ ਕੁੱਤੇ ਖਾ ਚੁੱਕੇ ਸਨ। ਝਾੜੀਆਂ ਚ ਫਸੀ ਹੋਣ ਕਾਰਨ ਲਾਸ਼ ਨੂੰ ਚੁੱਕਣ 'ਚ ਮੁਸ਼ਕਿਲ ਆਉਣ ਕਰਕੇ ਫਿਰ ਜੇ. ਬੀ. ਸੀ ਮੰਗਵਾਕੇ ਉਨ੍ਹਾਂ ਲਾਸ਼ ਨੂੰ ਚੁਕਵਾਇਆ ਜਿਸਨੂੰ ਫਿਰ ਇੱਕ ਮਹਿੰਦਰਾ ਗੱਡੀ ਰਾਹੀਂ ਬਲਾਚੌਰ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਮੌਕੇ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਇੱਕਤਰ ਲੋਕਾਂ ਨੇ ਦੱਸਿਆ ਕਿ ਉਕਤ ਔਰਤ ਨੇੜੇ ਦੇ ਪਿੰਡਾਂ ਦੀ ਨਹੀਂ ਲੱਗਦੀ ਕਿਉਂਕਿ ਕਿਸੇ ਵੀ ਔਰਤ ਦੇ ਗੁਆਚਣ ਸਬੰਧੀ ਕੋਈ ਵਾਰਦਾਤ ਸਾਹਮਣੇ ਨਹੀਂ ਆਈ। ਮ੍ਰਿਤਕ ਔਰਤ ਦੀ ਉਮਰ 50-55 ਸਾਲ ਦੱਸੀ ਜਾ ਰਹੀ ਹੈ ਜਿਸ ਦੀ ਲਾਸ਼ ਕੋਲੋਂ ਕੱਪੜਿਆਂ ਵਾਲਾ ਇਕ ਝੋਲਾ ਵੀ ਪ੍ਰਾਪਤ ਹੋਇਆ ਹੈ। ਪੁਲਸ ਵੱਲੋਂ ਲਾਸ਼ ਨੂੰ ਬਲਾਚੌਰ ਦੇ ਮੁਰਦਾਘਰ ਚ 72 ਘੰਟਿਆਂ ਲਈ ਸ਼ਨਾਖਤ ਲਈ ਰਖਵਾ ਦਿੱਤਾ ਹੈ ਅਤੇ ਜੇਕਰ ਉਸਦਾ ਕੋਈ ਵਾਰਸ ਨਾਂ ਮਿਲਿਆ ਤਾਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲਾਸ਼ ਦਾ ਸੰਸਕਾਰ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਏ. ਐੱਸ. ਆਈ. ਹੀਰਾ ਲਾਲ ਵੀ ਮੌਜੂਦ ਸਨ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।