ਮੌਜੂਦਾ ਵਿਦੇਸ਼ ਨੀਤੀ ਫੇਲ ਸਾਬਤ ਹੋਵੇਗੀ : ਪ੍ਰਨੀਤ ਕੌਰ

02/09/2020 12:59:06 AM

ਅਹਿਮਦਗਡ਼੍ਹ, (ਪੁਰੀ, ਦਿਓਲ, ਇਰਫਾਨ)- ਸਾਬਕਾ ਵਿਦੇਸ਼ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਨੇ ਦੇਸ਼ ਦੀ ਮੌਜੂਦਾ ਵਿਦੇਸ਼ ਨੀਤੀ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਜੋ ਚੰਗੇ ਅਰਥ-ਸ਼ਾਸਤਰੀ ਵਜੋਂ ਜਾਣੇ ਜਾਂਦੇ ਹਨ, ਦੀ ਉਸ ਸਮੇਂ ਸਫਲ ਆਰਥਿਕ ਨੀਤੀਆਂ ਕਾਰਨ ਦੇਸ਼ ਦੀ ਵਿਦੇਸ਼ ਨੀਤੀ ਵੀ ਸਫਲ ਰਹੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵਿਦੇਸ਼ ਨੀਤੀ ਬਾਰੇ ਬਹੁਤ ਜ਼ਿਆਦਾ ਢਿੰਡੋਰਾ ਪਿੱਟਦੀ ਹੈ ਅਤੇ ਵੱਡੇ-ਵੱਡੇ ਦਾਅਵੇ ਕਰਦਿਆਂ ਬਹੁਤ ਪ੍ਰਾਪਤੀਆਂ ਦਾ ਜ਼ਿਕਰ ਕਰਦੀ ਹੈ ਪਰ ਅਜਿਹਾ ਕੁਝ ਵੀ ਨਹੀਂ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਮੌਜੂਦਾ ਵਿਦੇਸ਼ ਨੀਤੀ ਫੇਲ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਵਾਸੀ ਹੋਣ ਦੇ ਨਾਤੇ ਮੈਂ ਇਹ ਕਾਮਨਾ ਕਰਦੀ ਹਾਂ ਕਿ ਮੌਜੂਦਾ ਸਰਕਾਰ ਦੇਸ਼ ਦੇ ਹਿੱਤ ਲਈ ਅਤੇ ਦੇਸ਼ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਪਹਿਲਾਂ ਵਾਲੀਆਂ ਪਾਲਸੀਆਂ ਵੀ ਅਖਤਿਆਰ ਕਰੇ। ਪਿੰਡ ਬਡ਼ੂੰਦੀ ਵਿਖੇ ਪ੍ਰਵਾਸੀ ਪੰਜਾਬੀਆਂ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਖੇਡ ਮੇਲੇ ’ਚ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਪਹੁੰਚੇ ਮਹਾਰਾਣੀ ਪ੍ਰਨੀਤ ਕੌਰ ਅਤੇ ਸ਼੍ਰੀ ਸਿੰਗਲਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਦੇਸ਼ ਅੰਦਰ ਬੇਰੋਜ਼ਗਾਰੀ ਵੱਧ ਜਾਣ ਕਾਰਨ ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ਾਂ ਵੱਲ ਲੱਗੀ ਦੌਡ਼ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਦੌਰਾਨ ਵਾਧੂ ਨੌਕਰੀਆਂ ਅਤੇ ਰੋਜ਼ਗਾਰ ਦੇ ਕੇ ਨੌਜਵਾਨਾਂ ਨੂੰ ਪੰਜਾਬ ਅੰਦਰ ਹੀ ਆਪਣੇ ਪੈਰਾਂ ’ਤੇ ਖਡ਼੍ਹੇ ਰੱਖਣ ਲਈ ਵਧੇਰੇ ਯਤਨਾਂ ’ਚ ਲੱਗੀ ਹੈ। ਖੇਡ ਮੇਲੇ ’ਚ ਵਿਸ਼ੇਸ਼ ਕਰ ਕੇ ਕਮਲ ਧਾਲੀਵਾਲ ਯੂ. ਕੇ., ਜਗਪਾਲ ਸਿੰਘ ਖੰਗੂਡ਼ਾ, ਕਾਮਿਲ ਬੋਪਾਰਾਏ, ਇੰਡੀਅਨ ਓਵਰਸੀਜ਼ ਕਾਂਗਰਸ ਦੇ ਆਗੂ ਰਾਜਿੰਦਰ ਸਿੰਘ ਯੂ. ਕੇ., ਸਰਜਣ ਸਿੰਘ ਕਨੇਡਾ, ਧਰਮਿੰਦਰ ਸਿੰਘ ਆਸਟ੍ਰੇਲੀਆ, ਬਲਰਾਜ ਸਿੰਘ ਆਸਟ੍ਰੇਲੀਆ ਤੋਂ ਇਲਾਵਾ ਖੇਡ ਪ੍ਰਬੰਧਕ ਗੁਰਭੈ ਸਿੰਘ ਠੇਕੇਦਾਰ, ਨਿਰਭੈ ਸਿੰਘ ਮਾਨ, ਸੁਖਦੇਵ ਸਿੰਘ ਵਾਲੀਆ, ਮੇਜਰ ਬਹਾਦਰ ਸਿੰਘ, ਸਰਪੰਚ ਹਾਕਮ ਸਿੰਘ ਧਾਲੀਵਾਲ, ਦਲਜੀਤ ਸਿੰਘ ਪਨੂੰ ਆਦਿ ਹਾਜ਼ਰ ਸਨ।


Bharat Thapa

Content Editor

Related News