CM ਮਾਨ ਦੀ ਅਗਵਾਈ 'ਚ ਪੰਜਾਬ 'ਚ ਅਪਰਾਧ ਦਰ ਘਟੀ, ਪੁਲਸ ਨੇ ਅਪਰਾਧੀਆਂ ਨੂੰ ਕਰੜੇ ਹੱਥੀਂ ਲਿਆ

Monday, Dec 26, 2022 - 06:40 PM (IST)

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਸੁਚੱਜੇ ਪ੍ਰਸ਼ਾਸਨ ਅਤੇ ਡਾਇਰੈਕਟਰ ਜਨਰਲ ਆਫ ਪੁਲਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੀ ਯੋਗ ਨਿਗਰਾਨੀ ਹੇਠ ਪੰਜਾਬ ਵਿੱਚ ਅਪਰਾਧ ਦਰ 'ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਅਪਰਾਧ ਸਬੰਧੀ ਸੂਬੇ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਕਤਲਾਂ ਦੀ ਗਿਣਤੀ 2021 ਵਿੱਚ 723 ਤੋਂ ਘਟ ਕੇ 2022 ਵਿੱਚ 654 ਰਹਿ ਗਈ ਹੈ, ਜਦੋਂ ਕਿ ਅਗਵਾ ਕਰਨ ਦੀਆਂ ਘਟਨਾਵਾਂ 2021 ਵਿੱਚ 1787 ਤੋਂ ਘੱਟ ਕੇ 2022 ਵਿੱਚ 1645 ਰਹਿ ਗਈਆਂ ਹਨ। 

ਇਹ ਵੀ ਪੜ੍ਹੋ : 27 ਲੱਖ 'ਚ ਕੈਨੇਡਾ ਭੇਜਣ ਦਾ ਹੋਇਆ ਸੀ ਇਕਰਾਰ, ਬਦਲ ਗਈ ਸਾਰੀ ਖੇਡ, ਮਾਮਲਾ ਪਹੁੰਚਿਆ ਥਾਣੇ

ਇਸੇ ਤਰ੍ਹਾਂ ਚੋਰੀ ਨਾਲ ਸਬੰਧਤ ਕੇਸ ਵੀ 2021 ਵਿੱਚ 8417 ਤੋਂ ਘਟ ਕੇ 2022 ਵਿੱਚ 8407 ਰਹਿ ਗਏ ਹਨ ਅਤੇ ਆਬਕਾਰੀ ਐਕਟ ਨਾਲ ਸਬੰਧਤ ਕੇਸ 2021 ਵਿੱਚ 10745 ਤੋਂ ਘਟ ਕੇ 2022 ਵਿੱਚ 9104 ਰਹਿ ਗਏ ਹਨ। ਅੰਕੜਿਆਂ ਮੁਤਾਬਕ ਸੂਬੇ ਵਿੱਚ ਦਰਜ ਐੱਫ. ਆਈ. ਆਰਜ਼ ਦੀ ਗਿਣਤੀ ਵੀ 2021 ਵਿੱਚ 73581 ਤੋਂ ਘਟ ਕੇ 2022 ਵਿੱਚ 71827 ਰਹਿ ਗਈ ਹੈ।

ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਇੰਸਪੈਕਟਰ ਜਨਰਲ ਆਫ ਪੁਲਸ (ਆਈਜੀ) ਸੁਖਚੈਨ ਸਿੰਘ ਗਿੱਲ ਨੇ ਅੱਜ ਕਿਹਾ ਕਿ 2022 ਦੌਰਾਨ ਪੰਜਾਬ ਪੁਲਸ ਦੀ ਅੰਦਰੂਨੀ ਸੁਰੱਖਿਆ ਨੇ 43 ਰਾਈਫਲਾਂ, 220 ਰਿਵਾਲਵਰ/ਪਿਸਟਲ, 13 ਟਿਫਨ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਇਸ(ਆਈਈਡੀਜ਼), 24.5 ਕਿਲੋਗ੍ਰਾਮ ਆਰਡੀਐਕਸ ਅਤੇ ਹੋਰ ਵਿਸਫੋਟਕ, 37 ਹੈਂਡ ਗ੍ਰਨੇਡ, ਡਿਸਪੋਜ਼ਡ ਰਾਕੇਟ ਲਾਂਚਰ ਦੀਆਂ ਦੋ ਸਲੀਵਜ਼, 22 ਡਰੋਨ ਅਤੇ 23 ਵਾਹਨਾਂ ਸਮੇਤ 119 ਅੱਤਵਾਦੀਆਂ/ਕੱਟੜਪੰਥੀਆਂ ਨੂੰ ਗ੍ਰਿਫ਼ਤਾਰ ਕਰਕੇ 18 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ। 

ਇਹ ਵੀ ਪੜ੍ਹੋ : ਕਈ ਸੂਬਿਆਂ ਦੇ ਨੌਜਵਾਨਾਂ ਨਾਲ ਨੌਕਰੀ ਦਿਵਾਉਣ ਦੇ ਨਾਂ ’ਤੇ ਠੱਗੀ, ਗਿਰੋਹ ਖ਼ਿਲਾਫ਼ 5000 ਸ਼ਿਕਾਇਤਾਂ

ਉਨ੍ਹਾਂ ਕਿਹਾ ਕਿ 6 ਅਪ੍ਰੈਲ, 2022 ਨੂੰ ਗਠਿਤ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਹੁਣ ਤੱਕ 428 ਗੈਂਗਸਟਰਾਂ/ਅਪਰਾਧੀਆਂ ਦੀ ਗ੍ਰਿਫ਼ਤਾਰੀ ਅਤੇ ਦੋ ਗੈਂਗਸਟਰਾਂ/ਅਪਰਾਧੀਆਂ ਦੇ ਖ਼ਾਤਮੇ ਨਾਲ 111 ਗੈਂਗਸਟਰ/ਅਪਰਾਧਿਕ ਮਾਡਿਊਲਾਂ ਦਾ ਪਰਦਾਫਾਸ਼ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ 411 ਹਥਿਆਰ,ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਗਏ 97 ਵਾਹਨ, 44.21 ਕਿਲੋਗ੍ਰਾਮ ਹੈਰੋਇਨ ਅਤੇ 1.30 ਕਰੋੜ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਗਈ।

ਜ਼ਿਕਰਯੋਗ ਹੈ ਕਿ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸੂਬੇ ਵਿੱਚੋਂ ਗੈਂਗਸਟਰਾਂ ਦਾ ਸਫਾਇਆ ਕਰਨ ਲਈ ਏ. ਡੀ. ਜੀ. ਪੀ. ਪ੍ਰਮੋਦ ਬਾਨ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦਾ ਗਠਨ ਕੀਤਾ ਸੀ। ਆਈ. ਜੀ. ਪੀ. ਨੇ ਦੱਸਿਆ ਕਿ 1 ਜਨਵਰੀ ਤੋਂ 20 ਦਸੰਬਰ, 2022 ਤੱਕ ਪੰਜਾਬ ਵਿੱਚ ਪੰਜ ਵੱਡੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿੱਚ ਪੁਲਸ ਚੌਂਕੀ ਕਾਲਵਾ, ਥਾਣਾ ਨੂਰਪੁਰ ਬੇਦੀ, ਰੋਪੜ ਵਿਖੇ ਆਈ. ਈ. ਡੀ. ਧਮਾਕਾ; ਮੋਹਾਲੀ ਵਿਖੇ ਇੰਟੈਲੀਜੈਂਸ ਹੈੱਡਕੁਆਰਟਰ ਦੀ ਇਮਾਰਤ 'ਤੇ ਆਰਪੀਜੀ ਹਮਲਾ; ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਕਤਲ; ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਪਰਦੀਪ ਕੁਮਾਰ ਦਾ ਕਤਲ ਅਤੇ ਤਰਨਤਾਰਨ ਦੇ ਥਾਣਾ ਸਰਹਾਲੀ ਵਿਖੇ ਆਰਪੀਜੀ ਹਮਲਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੇ ਇਨ੍ਹਾਂ ਸਾਰੇ ਵੱਡੇ ਅਪਰਾਧਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਹੈ।

ਇਹ ਵੀ ਪੜ੍ਹੋ :  ਬੁੱਢੇ ਨਾਲੇ ਦੇ ਕਿਨਾਰੇ ਹੋਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਸਖ਼ਤ, ਭੇਜੇ ਨੋਟਿਸ

 ਸੁਖਚੈਨ ਸਿੰਘ ਗਿੱਲ ਨੇ ਹਫ਼ਤਾਵਾਰੀ ਪ੍ਰੈਸ ਕਾਨਫਰੰਸ ਦੌਰਾਨ ਲੋਕਾਂ ਨੂੰ ਨਸ਼ਿਆਂ ਦੀ ਬਰਾਮਦਗੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ ਹੈ ਅਤੇ ਪੰਜਾਬ ਪੁਲਸ ਵੱਲੋਂ ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋਂ ਪੁੱਟਣ ਲਈ ਵਿਆਪਕ ਪੱਧਰ 'ਤੇ ਨਸ਼ਾ ਵਿਰੋਧੀ ਮੁਹਿੰਮਾਂ ਚਲਾਈਆਂ ਗਈਆਂ ਹਨ।

ਨਸ਼ਿਆਂ ਬਾਰੇ ਸਲਾਨਾ ਅਪਡੇਟ ਦਿੰਦੇ ਹੋਏ ਆਈ. ਜੀ. ਪੀ. ਨੇ ਕਿਹਾ ਕਿ 1 ਜਨਵਰੀ ਤੋਂ 25 ਦਸੰਬਰ, 2022 ਤੱਕ ਪੰਜਾਬ ਪੁਲਸ ਨੇ 12171 ਐਫ. ਆਈ. ਆਰਜ਼, ਜਿਨ੍ਹਾਂ ਵਿੱਚੋਂ 1374 ਵਪਾਰਕ ਮਾਮਲਿਆਂ ਨਾਲ ਸਬੰਧਤ ਹਨ, ਦਰਜ ਕਰਕੇ 2316 ਵੱਡੀਆਂ ਮੱਛੀਆਂ ਸਮੇਤ 16798 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਟੀਮਾਂ ਨੇ ਸੂਬੇ ਭਰ ਦੇ ਸੰਵੇਦਨਸ਼ੀਲ ਰਸਤਿਆਂ 'ਤੇ ਨਾਕੇ ਲਗਾਉਣ ਤੋਂ ਇਲਾਵਾ ਨਸ਼ਾ ਪ੍ਰਭਾਵਿਤ ਇਲਾਕਿਆਂ ਦੀ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਚਲਾ ਕੇ ਸੂਬੇ ਭਰ 'ਚੋਂ 582 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲਸ ਦੀਆਂ ਟੀਮਾਂ ਵੱਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਸਮੁੰਦਰੀ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਇੱਕ ਸਾਲ ਅੰਦਰ ਹੈਰੋਇਨ ਦੀ ਕੁੱਲ ਰਿਕਵਰੀ 729.5 ਕਿਲੋ ਹੋ ਗਈ ਹੈ।

ਆਈ. ਜੀ. ਪੀ. ਨੇ ਦੱਸਿਆ ਕਿ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ ਪੁਲਸ ਨੇ 690 ਕਿਲੋ ਅਫੀਮ, 1396 ਕਿਲੋ ਗਾਂਜਾ, 518 ਕੁਇੰਟਲ ਭੁੱਕੀ ਅਤੇ ਫਾਰਮਾ ਓਪੀਓਡ ਦੀਆਂ 60.13 ਲੱਖ ਗੋਲੀਆਂ/ਕੈਪਸੂਲ/ਟੀਕੇ/ ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ। ਪੁਲਸ ਨੇ ਇਸ ਸਾਲ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 11.59 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।

ਉਨ੍ਹਾਂ ਕਿਹਾ ਕਿ ਐੱਨ. ਡੀ. ਪੀ. ਐੱਸ. ਕੇਸਾਂ ਵਿੱਚ ਭਗੌੜੇ ਅਪਰਾਧੀਆਂ (ਪੀਓਜ਼)/ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਪੁਲਸ ਨੇ 1 ਜਨਵਰੀ, 2022 ਤੋਂ ਹੁਣ ਤੱਕ 955 ਪੀਓਜ਼/ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਸੱਤਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਊਟੀ ਦੌਰਾਨ ਮੌਤ ਹੋਣ ਦੀ ਸੂਰਤ ਵਿੱਚ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਐਕਸ-ਗ੍ਰੇਸ਼ੀਆ ਰਾਸ਼ੀ ਵੀ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ। ਹਾਲ ਹੀ ਵਿੱਚ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਪੰਜਾਬ ਪੁਲਸ ਦੇ ਕਾਂਸਟੇਬਲ ਮਨਦੀਪ ਸਿੰਘ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦੇ ਦੋ ਚੈੱਕ (ਹਰੇਕ 1 ਕਰੋੜ ਰੁਪਏ) ਸੌਂਪੇ ਗਏ। 2 ਕਰੋੜ ਰੁਪਏ ਦੀ ਰਾਸ਼ੀ ਵਿੱਚ 1 ਕਰੋੜ ਰੁਪਏ ਸੂਬਾ ਸਰਕਾਰ ਵੱਲੋਂ ਦਿੱਤੀ ਗਈ ਐਕਸ-ਗ੍ਰੇਸ਼ੀਆ ਰਾਸ਼ੀ, ਜਦੋਂ ਕਿ 1 ਕਰੋੜ ਰੁਪਏ ਬੀਮਾ ਕਵਰ ਦੇ ਸਨ ਜਿਸਦਾ ਭੁਗਤਾਨ ਐੱਚ. ਡੀ. ਐੱਫ. ਸੀ. ਬੈਂਕ ਵੱਲੋਂ ਕੀਤਾ ਜਾਣਾ ਸੀ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪੁਲਸ ਭਲਾਈ ਲਈ ਬਜਟ ਅਲਾਟਮੈਂਟ ਨੂੰ 10 ਕਰੋੜ ਰੁਪਏ ਤੋਂ ਵਧਾ ਕੇ 15 ਕਰੋੜ ਰੁਪਏ ਕਰ ਦਿੱਤਾ ਹੈ।

ਅੱਤਵਾਦੀਆਂ ਖ਼ਿਲਾਫ਼ ਕਾਰਵਾਈ
ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼: 18
ਅੱਤਵਾਦੀ/ਕੱਟੜਪੰਥੀ ਗ੍ਰਿਫ਼ਤਾਰ: 119
ਬਰਾਮਦ ਹੋਈਆਂ ਕੁੱਲ ਰਾਈਫਲਾਂ: 43
ਕੁੱਲ ਰਿਵਾਲਵਰ/ਪਿਸਤੌਲ ਬਰਾਮਦ: 220
ਕੁੱਲ ਟਿਫਿਨ ਆਈਈਡੀਜ਼ ਬਰਾਮਦ: 13
ਆਰਡੀਐਕਸ ਅਤੇ ਹੋਰ ਵਿਸਫੋਟਕ ਪਦਾਰਥਾਂ ਦੀ ਰਿਕਵਰੀ: 24.5 ਕਿਲੋਗ੍ਰਾਮ
ਬਰਾਮਦ ਕੁੱਲ ਹੈਂਡ ਗ੍ਰਨੇਡ: 37
ਬਰਾਮਦ ਡਰੋਨ: 22

ਗੈਂਗਸਟਰਾਂ ਵਿਰੁੱਧ ਕਾਰਵਾਈ
ਕੁੱਲ ਮਾਡਿਊਲਾਂ ਦਾ ਪਰਦਾਫਾਸ਼ ਕੀਤਾ: 111
ਗੈਂਗਸਟਰ/ਅਪਰਾਧੀ ਗ੍ਰਿਫ਼ਤਾਰ: 428
ਮਾਰੇ ਗਏ ਗੈਂਗਸਟਰ/ਅਪਰਾਧੀ : 2
ਬਰਾਮਦ ਕੀਤੇ ਹਥਿਆਰ: 411
ਗੈਂਗਸਟਰਾਂ ਕੋਲੋਂ ਬਰਾਮਦ ਹੈਰੋਇਨ: 44.21 ਕਿਲੋਗ੍ਰਾਮ
ਬਰਾਮਦ ਕੀਤੇ ਵਾਹਨ: 97
ਬਰਾਮਦ ਗ਼ੈਰ-ਕਾਨੂੰਨੀ ਰਾਸ਼ੀ: 1.30 ਕਰੋੜ ਰੁਪਏ

ਨਸ਼ਿਆਂ ਵਿਰੁੱਧ ਕਾਰਵਾਈ
ਗ੍ਰਿਫ਼ਤਾਰ ਕੀਤੇ ਕੁੱਲ ਨਸ਼ਾ ਤਸਕਰ/ਸਪਲਾਇਰ: 16798
ਗ੍ਰਿਫ਼ਤਾਰ ਵੱਡੀਆਂ ਮੱਛੀਆਂ: 2316
ਦਰਜ ਕੁੱਲ ਐੱਫ. ਆਈ. ਆਰਜ਼: 12171
ਵਪਾਰਕ ਮਾਮਲਿਆਂ ਨਾਲ ਸਬੰਧਤ ਕੁੱਲ ਐੱਫ. ਆਈ. ਆਰਜ਼: 1374
ਬਰਾਮਦ ਕੁੱਲ ਹੈਰੋਇਨ: 729.5 ਕਿਲੋਗ੍ਰਾਮ
ਬਰਾਮਦ ਕੁੱਲ ਅਫੀਮ: 690 ਕਿਲੋਗ੍ਰਾਮ
ਬਰਾਮਦ ਕੁੱਲ ਗਾਂਜਾ: 1396 ਕਿਲੋਗ੍ਰਾਮ
ਬਰਾਮਦ ਕੁੱਲ ਭੁੱਕੀ: 518 ਕੁਇੰਟਲ
ਬਰਾਮਦ ਕੀਤੀਆਂ ਫਾਰਮਾ ਓਪੀਔਡਜ਼ ਦੀਆਂ ਕੁੱਲ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ: 60.13 ਲੱਖ
ਕੁੱਲ ਡਰੱਗ ਮਨੀ ਬਰਾਮਦ: 11.59 ਕਰੋੜ ਰੁਪਏ
ਐੱਨ. ਡੀ. ਪੀ. ਐੱਸ. ਮਾਮਲਿਆਂ ਵਿੱਚ ਗ੍ਰਿਫ਼ਤਾਰ ਪੀਓਜ਼/ਭਗੌੜਿਆਂ ਦੀ ਕੁੱਲ ਗਿਣਤੀ: 955

ਸਾਲ 2022 ਦੌਰਾਨ ਪੰਜ ਹਾਈ-ਪ੍ਰੋਫਾਈਲ ਕੇਸਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਗਿਆ
- ਪੁਲਿਸ ਚੌਂਕੀ ਕਾਲਵਾ, ਥਾਣਾ ਨੂਰਪੁਰ ਬੇਦੀ, ਰੋਪੜ ਵਿਖੇ ਆਈਈਡੀ ਧਮਾਕਾ
- ਮੋਹਾਲੀ ਵਿਖੇ ਇੰਟੈਲੀਜੈਂਸ ਹੈੱਡਕੁਆਰਟਰ ਦੀ ਇਮਾਰਤ 'ਤੇ ਆਰਪੀਜੀ ਹਮਲਾ
- ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਕਤਲ
- ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਪਰਦੀਪ ਕੁਮਾਰ ਦਾ ਕਤਲ
- ਥਾਣਾ ਸਰਹਾਲੀ, ਤਰਨਤਾਰਨ ਵਿਖੇ ਆਰਪੀਜੀ ਹਮਲਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

 


Harnek Seechewal

Content Editor

Related News