ਨੌਜਵਾਨ ਕਰ ਰਿਹਾ ਸੀ ਵਿਦੇਸ਼ ਜਾਣ ਦੀ ਤਿਆਰੀ, ਕੋਰੀਅਰ ਕੰਪਨੀ ਦੀ ਇਕ ਗ਼ਲਤੀ ਨੇ ਤੋੜ ਦਿੱਤੇ ਸੁਫ਼ਨੇ
Monday, Feb 13, 2023 - 06:33 PM (IST)
ਹੁਸ਼ਿਆਰਪੁਰ (ਅਮਰੀਕ)- ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਦੀ ਧਰਤੀ 'ਤੇ ਜਾਣ ਵਾਲੇ ਇਕ ਨੌਜਵਾਨ ਦੇ ਸੁਫ਼ਨਿਆਂ 'ਤੇ ਹੁਸ਼ਿਆਰਪੁਰ ਦੀ ਇਕ ਕੋਰੀਅਰ ਕੰਪਨੀ ਨੇ ਪਾਸਪੋਰਟ ਸਣੇ ਹੋਰ ਜ਼ਰੂਰੀ ਦਸਤਾਵੇਜ਼ ਗੁਆ ਕੇ ਉਸ ਦੇ ਸੁਫ਼ਨਿਆਂ 'ਤੇ ਪਾਣੀ ਫੇਰ ਦਿੱਤਾ। ਜਿਸ ਤੋਂ ਬਾਅਦ ਪੀੜਤ ਨੌਜਵਾਨ ਵੱਲੋਂ ਕੋਰੀਅਰ ਕੰਪਨੀ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੁਸ਼ਿਆਰਪੁਰ ਦੇ ਮੁਹੱਲਾ ਮੰਡੀ ਫਕੀਰ ਚੰਦ ਦੇ ਰਹਿਣ ਵਾਲੇ ਨੌਜਵਾਨ ਸਾਹਿਲ ਡੋਗਰਾ ਨੇ ਦੱਸਿਆ ਕਿ ਬੀਤੀ 10 ਫਰਵਰੀ ਨੂੰ ਕੁਵੈਤ ਜਾਣ ਲਈ ਸਾਹਿਲ ਤਿਆਰੀਆਂ ਕਰ ਰਿਹਾ ਸੀ ਅਤੇ 31 ਜਨਵਰੀ ਨੂੰ ਕੋਰੀਅਰ ਰਾਹੀਂ ਉਸ ਦਾ ਪਾਸਪੋਰਟ ਮੁਬੰਈ ਤੋਂ ਆਇਆ ਸੀ ਪਰ ਜਦੋਂ ਕੋਰੀਅਰ ਕੰਪਨੀ ਦਾ ਕਰਿੰਦਾ ਉਸ ਦਾ ਪਾਰਸਲ ਘਰ ਦੇਣ ਲਈ ਆ ਰਿਹਾ ਸੀ ਤਾਂ ਰਸਤੇ ਵਿਚ ਉਸ ਦਾ ਕੋਰੀਅਰ ਗੁਆਚ ਗਿਆ ਅਤੇ ਕੋਰੀਅਰ ਕੰਪਨੀ ਵੱਲੋਂ ਇਸ ਦੀ ਜਾਣਕਾਰੀ ਉਸ ਨੂੰ ਨਹੀਂ ਦਿੱਤੀ ਗਈ। ਜਦੋਂ ਉਹ 7 ਫਰਵਰੀ ਨੂੰ ਕੋਰੀਅਰ ਕੰਪਨੀ ਕੋਲ ਗਿਆ ਤਾਂ ਉਨ੍ਹਾਂ ਵੱਲੋਂ ਪਾਰਸਲ ਗੁੰਮ ਹੋਣ ਦੀ ਗੱਲ ਕਹਿ ਦਿੱਤੀ ਗਈ। ਸਾਹਿਲ ਡੋਗਰਾ ਅਤੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਕਾਗਜ਼ਾਤ ਤਿਆਰ ਕਰਵਾਉਣ 'ਤੇ ਉਨ੍ਹਾਂ ਦਾ ਕੁੱਲ 50 ਹਜ਼ਾਰ ਦੇ ਕਰੀਬ ਦਾ ਖ਼ਰਚ ਆਇਆ ਸੀ ਅਤੇ ਜਦੋਂ ਉਨ੍ਹਾਂ ਵੱਲੋਂ ਏਜੰਟ ਅਤੇ ਕੋਰੀਅਰ ਕੰਪਨੀ ਨਾਲ ਗੱਲ ਕੀਤੀ ਗਈ ਤਾਂ ਉਹ ਕੁਝ ਵੀ ਹੱਥ ਪੱਲਾ ਨਹੀਂ ਫੜਾ ਰਹੇ ਹਨ।
ਇਹ ਵੀ ਪੜ੍ਹੋ : 2600 ਕਰੋੜਾਂ ਦੇ ਬਿੱਲ ਬਕਾਇਆ: ਪ੍ਰੀ-ਪੇਡ ਬਿਜਲੀ ਲਈ ਫੰਡ ਜੁਟਾਉਣਾ ਵਿਭਾਗਾਂ ਲਈ ਚੁਣੌਤੀ
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਪੁਲਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਗਈ ਹੈ। ਪੀੜਤ ਨੌਜਵਾਨ ਅਤੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਉਸ ਦਾ ਪਾਸਪੋਰਟ ਦੋਬਾਰਾ ਬਣਾ ਕੇ ਦੇਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕੋਰੀਅਰ ਕੰਪਨੀ ਦੇ ਕਰਮਚਾਰੀ ਹਰਬੰਸ ਲਾਲ ਨੇ ਦੱਸਿਆ ਕਿ ਜਦੋਂ ਉਹ ਪਾਰਸਲ ਦੇਣ ਲਈ ਜਾ ਰਿਹਾ ਸੀ ਤਾਂ ਰਸਤੇ ਵਿਚ ਕਿਧਰੇ ਪਾਰਸਲ ਡਿੱਗ ਪਿਆ ਅਤੇ ਇਸ ਦੀ ਸੂਚਨਾ ਉਸ ਵੱਲੋਂ ਕੰਪਨੀ ਨੂੰ ਦੇ ਦਿੱਤੀ ਗਈ ਸੀ ਅਤੇ ਪੀੜਤ ਦੇ ਘਰ ਦਾ ਪਤਾ ਨਾ ਹੋਣ ਕਾਰਨ ਉਹ ਉਸ ਨੂੰ ਦੱਸ ਨਹੀਂ ਸਕੇ।
ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, 1 ਸਾਲ ਪਹਿਲਾਂ ਵਿਆਹੇ ਨੌਜਵਾਨ ਦੀ ਓਵਰਡੋਜ਼ ਨਾਲ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।