‘ਚਿੱਟੇ ਸੋਨੇ’ ’ਤੇ ਗੁਲਾਬੀ ਸੁੰਡੀ ਦਾ ਹਮਲਾ, ਕਿਸਾਨਾਂ ਨੇ ਨਰਮੇ ’ਤੇ ਚਲਾਇਆ ਟ੍ਰੈਕਟਰ
Wednesday, Jul 06, 2022 - 01:15 PM (IST)
ਤਲਵੰਡੀ ਸਾਬੋ (ਮੁਨੀਸ਼) : ਮਾਲਵੇ ਅੰਦਰ ਕਿਸਾਨ ਦੀ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ ਹੋਣ ਕਰ ਕੇ ਕਿਸਾਨਾਂ ਦੀਆਂ ਮੁਸਕਿਲਾਂ ਫਿਰ ਵਧ ਗਈਆਂ ਹਨ। ਨਰਮੇ ਦੀ ਬਿਜਾਈ ’ਤੇ ਹਜ਼ਾਰਾਂ ਦਾ ਖ਼ਰਚ ਕਰਨ ਦੇ ਬਾਵਜੂਦ ਕਿਸਾਨ ਨਰਮੇ ’ਤੇ ਟ੍ਰੈਕਟਰ ਚਲਾਉਣ ਲਈ ਮਜ਼ਬੂਰ ਹਨ। ਤਾਜ਼ਾ ਮਾਮਲਾ ਸਬ-ਡਵੀਜਨ ਤਲਵੰਡੀ ਸਾਬੋ ਦੇ ਪਿੰਡ ਜੰਬਰਬਸਤੀ ਦਾ ਹੈ, ਜਿੱਥੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਕਿਸਾਨ ਨੇ ਆਪਣਾ ਨਰਮਾ ਵਾਹ ਦਿੱਤਾ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ।
ਇਹ ਵੀ ਪੜ੍ਹੋ : ਦੇਸ਼ ’ਚ ਹਾੜ੍ਹੀ ਦੇ ਮੰਡੀਕਰਨ ਸੀਜ਼ਨ ਦੌਰਾਨ 187 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ
ਦੱਸਣਾ ਬਣਦਾ ਹੈ ਕਿ ਮਾਲਵੇ ਅੰਦਰ ਪਿਛਲੀ ਕਾਂਗਰਸ ਸਰਕਾਰ ਸਮੇਂ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਕਿਸਾਨਾਂ ਦੀ ਫ਼ਸਲ ਬਿਲਕੁਲ ਤਬਾਹ ਹੋ ਗਈ ਸੀ। ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਤੋਂ ਬਾਅਦ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਪਰ ਅਜੇ ਵੀ ਬਹੁਤ ਸਾਰੇ ਕਿਸਾਨ ਮੁਆਵਜ਼ੇ ਲਈ ਦਫ਼ਤਰਾਂ ਦੇ ਚੱਕਰ ਲਗਾ ਰਹੇ ਹਨ ਪਰ ਇਸ ਵਾਰ ਵੀ ਨਰਮੇ ਦੇ ਵੱਡਾ ਹੋਣ ਤੋਂ ਪਹਿਲਾ ਹੀ ਗੁਲਾਬੀ ਸੁੰਡੀ ਨੇ ਨਰਮੇ ਦੀ ਫ਼ਸਲ ’ਤੇ ਹਮਲਾ ਕਰ ਦਿੱਤਾ।
ਪਿੰਡ ਜੰਬਰਬਸਤੀ ਵਿਖੇ ਕਿਸਾਨ ਗੁਰਜੀਤ ਸਿੰਘ ਅਤੇ ਦਾਰਾ ਸਿੰਘ ਨੇ ਜ਼ਮੀਨ ਠੇਕੇ ’ਤੇ ਲੈ ਕੇ ਉਸ ਵਿੱਚੋਂ 3 ਏਕੜ ਜ਼ਮੀਨ ਵਿਚ ਨਰਮੇ ਦੀ ਬਿਜਾਈ ਕੀਤੀ ਸੀ। ਭਾਵੇਂ ਕਿ ਨਰਮੇ ਦੀ ਅਗੇਤੀ ਬਿਜਾਈ ਕਰਨ ਕਰ ਕੇ ਕਿਸਾਨ ਨੂੰ ਦੋ ਵਾਰ ਸਪਰੇਅ ਕਰਨੀ ਪਈ ਪਰ ਨਰਮੇ ਚੰਗੇ ਦਿਖਾਈ ਦੇ ਰਹੇ ਸਨ ਜਦੋਂਕਿ ਨਰਮੇ ਦੇ ਫੁੱਲਾਂ ਵਿਚ ਗੁਲਾਬੀ ਸੁੰਡੀ ਦਾ ਹਮਲਾ ਹੋਣ ਤੋਂ ਬਾਅਦ ਕਿਸਾਨ ਦੀ ਚਿੰਤਾ ਵਧਣੀ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ : ਵਿਜੇ ਕੁਮਾਰ ਜੰਜੂਆ ਨੇ ਪੰਜਾਬ ਦੇ 41ਵੇਂ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ
ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਕਈ ਦਿਨਾਂ ਤੋਂ ਖੇਤ ਵਿਚ ਆ ਕੇ ਦੇਖਿਆ ਤਾਂ ਹਰ ਫੁੱਲ ਵਿਚ ਹੀ ਗੁਲਾਬੀ ਸੁੰਡੀ ਦਾਖ਼ਲ ਹੋ ਚੁੱਕੀ ਸੀ ਤੇ ਟੀਂਡੇ ਨਹੀਂ ਸਨ ਬਣ ਰਹੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 55 ਹਜ਼ਾਰ ਨੂੰ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਨਰਮੇ ਦੀ ਫ਼ਸਲ ਦੀ ਬਿਜਾਈ ਕੀਤੀ ਸੀ ਜਿਸ 'ਤੇ ਕਈ ਹਜ਼ਾਰਾਂ ਦਾ ਖ਼ਰਚਾ ਵੀ ਹੋ ਗਿਆ ਤੇ ਹੁਣ ਕੁੱਝ ਪੱਲੇ ਨਾ ਪੈਂਦਾ ਦੇਖ ਉਸ ਨੇ ਨਰਮੇ ਦੀ ਫ਼ਸਲ ਵਾਹ ਦਿੱਤੀ ਹੈ। ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਕਈ ਵਾਰ ਖੇਤੀਬਾੜੀ ਵਿਭਾਗ ਨੂੰ ਵੀ ਦੱਸਿਆ ਪਰ ਉਨ੍ਹਾਂ ਦੀ ਮੁਸ਼ਕਿਲ ਦੇਖਣ ਅਤੇ ਸੁਣਨ ਲਈ ਕੋਈ ਨਹੀਂ ਪੁੱਜਾ। ਪ੍ਰੇਸ਼ਾਨ ਕਿਸਾਨਾਂ ਨੇ ਹੁਣ ਸਰਕਾਰ ਤੋਂ ਉਨ੍ਹਾਂ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਜ਼ਿਲ੍ਹਾ ਜਰਨਲ ਸਕੱਤਰ ਨੇੇ ਕਿਹਾ ਕਿ ਸਰਕਾਰ ਅਤੇ ਖੇਤੀਬਾੜੀ ਵਿਭਾਗ ਖਾਨਾਪੂਰਤੀ ਕਰਨ ਲਈ ਪਿੰਡਾਂ ’ਚ ਕਿਸਾਨ ਕੈਂਪ ਲਗਾ ਰਹੇ ਹਨ ਜਦੋਂ ਕਿ ਸਰਕਾਰ ਨੂੰ ਕਿਸਾਨਾਂ ਨੂੰ ਮੁਫ਼ਤ ਦਵਾਈਆਂ ਜਾਂ ਹੋਰ ਸਹੂਲਤਾਂ ਦੇ ਕੇ ਕਿਸਾਨਾਂ ਨੂੰ ਬਚਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹਾਲੇ ਪਹਿਲਾਂ ਵਾਲੇ ਕਿਸਾਨ ਵੀ ਨਰਮੇ ਦੇ ਮੁਆਵਜ਼ੇ ਤੋਂ ਸੱਖਣੇ ਹਨ, ਦੂਸਰੇ ਪਾਸੇ ਉਹ ਨਰਮੇ ਨੂੰ ਬੀਮਾਰੀਆਂ ਦੇ ਹਮਲੇ ਤੋਂ ਬਾਅਦ ਫਿਰ ਵਹਾਉਣ ਲੱਗ ਪਏ ਹਨ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ’ਚ ਕਿਹਾ ਕਿ ਜੇਕਰ ਸਰਕਾਰ ਵੱਲੋਂ ਪੀੜਤ ਕਿਸਾਨਾਂ ਦੀ ਬਾਂਹ ਨਾ ਫੜੀ ਤਾਂ ਆਉਣ ਵਾਲੇ ਦਿਨਾਂ ’ਚ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕਰਨ ਲਈ ਕਿਸਾਨ ਮਜ਼ਬੂਰ ਹੋਣਗੇ।
ਨੋਟ: ਕੀ ਪੰਜਾਬ ਸਰਕਾਰ ਨੂੰ ਫੌਰੀ ਤੌਰ 'ਤੇ ਨਰਮੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਸਮੱਸਿਆ ਵੱਲ ਧਿਆਨ ਦੇਣ ਦੀ ਲੋੜ ਹੈ? ਕੁਮੈਂਟ ਕਰਕੇ ਦਿਓ ਆਪਣੀ ਰਾਏ