ਹਰ ਸਾਲ ਨਿਗਮ ਦੇ ਰੈਵੇਨਿਊ ਨੂੰ ਹੋ ਜਾਂਦੈ ਲਗਭਗ 80-90 ਕਰੋੜ ਦਾ ਨੁਕਸਾਨ
Thursday, Jul 20, 2023 - 01:46 PM (IST)

ਜਲੰਧਰ (ਖੁਰਾਣਾ) : ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਨਿਗਮ ਦੇ ਵੱਖ-ਵੱਖ ਵਿਭਾਗਾਂ ਦੀ ਇਨਕਮ ਵਧਾਉਣ ਦੀ ਮੁਹਿੰਮ ਛੇੜ ਰੱਖੀ ਹੈ, ਜਿਸ ਅਧੀਨ ਉਨ੍ਹਾਂ ਨੇ ਲਾਇਸੈਂਸ ਬ੍ਰਾਂਚ, ਪ੍ਰਾਪਰਟੀ ਟੈਕਸ ਬ੍ਰਾਂਚ ਅਤੇ ਐਡਵਰਟਾਈਮੈਂਟ ਬ੍ਰਾਂਚ ’ਤੇ ਤਾਂ ਧਿਆਨ ਕੇਂਦਰਿਤ ਕਰ ਲਿਆ ਹੈ ਪਰ ਹਾਲੇ ਉਨ੍ਹਾਂ ਦਾ ਧਿਆਨ ਜਲੰਧਰ ਨਿਗਮ ਦੇ ਬਿਲਡਿੰਗ ਵਿਭਾਗ ਵੱਲ ਨਹੀਂ ਗਿਆ, ਜਿਥੇ ਪਿਛਲੇ ਲੰਮੇ ਸਮੇਂ ਤੋਂ ਭ੍ਰਿਸ਼ਟਾਚਾਰ ਨੇ ਸਾਰੇ ਰਿਕਾਰਡ ਤੋੜ ਰੱਖੇ ਹਨ। ਇਹ ਵਿਭਾਗ ਸਾਲ ਭਰ ਵਿਚ ਨਿਗਮ ਨੂੰ 10-15 ਕਰੋੜ ਰੁਪਏ ਹੀ ਇਕੱਠੇ ਕਰ ਕੇ ਦਿੰਦਾ ਹੈ ਪਰ ਆਮ ਚਰਚਾ ਹੈ ਕਿ ਜੇਕਰ ਸ਼ਹਿਰ ਵਿਚ ਹਰ ਕਾਲੋਨੀ ਮਨਜ਼ੂਰਸ਼ੁਦਾ ਹੋਵੇ ਤੇ ਹਰ ਬਿਲਡਿੰਗ ਨਕਸ਼ੇ ਮੁਤਾਬਕ ਬਣੇ ਤਾਂ ਜਲੰਧਰ ਨਿਗਮ ਨੂੰ 100 ਕਰੋੜ ਰੁਪਏ ਆਰਾਮ ਨਾਲ ਆ ਸਕਦੇ ਹਨ। ਇਸ ਤਰ੍ਹਾਂ ਜਲੰਧਰ ਨਿਗਮ ਨੂੰ ਹਰ ਸਾਲ 80-90 ਕਰੋੜ ਰੁਪਏ ਦੇ ਰੈਵੇਨਿਊ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਵਿਚੋਂ ਕੁਝ ਪੈਸਾ ਤਾਂ ਬਿਲਡਿੰਗ ਵਿਭਾਗ ਦੇ ਸਬੰਧਤ ਅਧਿਕਾਰੀਆਂ ਦੀ ਜੇਬ ਵਿਚ ਚਲਾ ਜਾਂਦਾ ਹੈ, ਜਦਕਿ ਬਾਕੀ ਪੈਸਿਆਂ ਦਾ ਲਾਭ ਕਾਲੋਨਾਈਜ਼ਰਾਂ, ਬਿਲਡਰਾਂ ਅਤੇ ਪ੍ਰਾਪਰਟੀ ਕਾਰੋਬਾਰੀਆਂ ਨੂੰ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਹੁਣ ਟ੍ਰੈਫਿਕ ਜਾਮ ਦੀ ਚਿੰਤਾ ਨਹੀਂ, ਮੀਲਾਂ ਦੂਰ ਪਹਿਲਾਂ ਹੀ ਮਿਲ ਜਾਣਗੇ ਸੰਕੇਤ!
ਸਰਕਾਰੀ ਖਜ਼ਾਨੇ ਦਾ ਕੋਈ ਫਿਕਰ ਨਹੀਂ
ਜਲੰਧਰ ਨਿਗਮ ਦੇ ਬਿਲਡਿੰਗ ਵਿਭਾਗ ਵਿਚ ਬੈਠੇ ਕੁਝ ਕਰਮਚਾਰੀਆਂ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਕਿ ਜਿਸ ਸਰਕਾਰੀ ਖਜ਼ਾਨੇ ਵਿਚੋਂ ਉਨ੍ਹਾਂ ਨੂੰ ਲੱਖਾਂ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ, ਏ. ਸੀ. ਦੀ ਹਵਾ ਖਾਣ ਨੂੰ ਮਿਲਦੀ ਹੈ, ਉਸ ਖਜ਼ਾਨੇ ਨੂੰ ਭਰਨ ਪ੍ਰਤੀ ਵੀ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਹੈ। ਲੱਖ-ਲੱਖ ਰੁਪਏ ਤਨਖਾਹ ਲੈਣ ਵਾਲੇ ਕੁਝ ਕਰਮਚਾਰੀ ਹਰ ਸਮੇਂ ਆਪਣੀ ਪ੍ਰਾਈਵੇਟ ਜੇਬ ਦੀ ਚਿੰਤਾ ਵਿਚ ਲੱਗੇ ਰਹਿੰਦੇ ਹਨ ਅਤੇ ਫਾਈਲਾਂ ਨੂੰ ਇਸ ਲਈ ਲਟਕਾ ਕੇ ਰੱਖਦੇ ਹਨ ਤਾਂ ਜੋ ਉਨ੍ਹਾਂ ਫਾਈਲਾਂ ਦਾ ਪਿੱਛਾ ਕਰ ਰਿਹਾ ਸ਼ਖਸ ਉਨ੍ਹਾਂ ਦੀ ਮੁੱਠੀ ਗਰਮ ਕਰੇ। ਅਜਿਹਾ ਕਰ ਕੇ ਇਹ ਕਰਮਚਾਰੀ 1-2 ਲੱਖ ਆਪਣੀ ਜੇਬ ਵਿਚ ਤਾਂ ਪਾ ਲੈਂਦੇ ਹਨ ਪਰ ਨਗਰ ਨਿਗਮ ਦਾ 10 ਲੱਖ ਰੁਪਏ ਦਾ ਨੁਕਸਾਨ ਕਰ ਦਿੰਦੇ ਹਨ।
ਨਿਗਮ ਦੇ ਈ-ਨਕਸ਼ਾ ਪੋਰਟਲ ਤੋਂ ਪ੍ਰੇਸ਼ਾਨ ਆਰਕੀਟੈਕਟ ਐੱਮ. ਟੀ. ਪੀ. ਨੂੰ ਮਿਲੇ, ਦੱਸੀਆਂ ਮੁਸ਼ਕਲਾਂ
ਖੂਬ ਪ੍ਰੇਸ਼ਾਨ ਕਰ ਰਹੇ ਹਨ ਹੇਠਲੇ ਲੈਵਲ ਦੇ ਕਰਮਚਾਰੀ
ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਜਦੋਂ ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਸਨ, ਉਦੋਂ ਉਨ੍ਹਾਂ ਨੇ ਲੋਕਾਂ ਨੂੰ ਸਹੂਲਤ ਦੇਣ ਦੇ ਉਦੇਸ਼ ਨਾਲ ਸੂਬੇ ਭਰ ਦੇ ਨਿਗਮਾਂ ਵਿਚ ਈ-ਨਕਸ਼ਾ ਪੋਰਟਲ ਲਾਂਚ ਕੀਤਾ ਸੀ ਤਾਂ ਜੋ ਲੋਕ ਘਰ ਬੈਠੇ ਹੀ ਸੀ. ਐੱਲ. ਯੂ., ਐੱਨ. ਓ. ਸੀ. ਅਤੇ ਨਕਸ਼ਾ ਪਾਸ ਕਰਵਾਉਣ ਸਬੰਧੀ ਆਨਲਾਈਨ ਅਪਲਾਈ ਕਰ ਸਕਣ ਅਤੇ ਉਨ੍ਹਾਂ ਨੂੰ ਦਫਤਰਾਂ ਦੇ ਧੱਕੇ ਖਾਣ ਦੀ ਲੋੜ ਹੀ ਨਾ ਪਵੇ। ਉਦੋਂ ਸ਼ਾਇਦ ਨਵਜੋਤ ਸਿੱਧੂ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਇਕ ਦਿਨ ਇਹੀ ਈ-ਨਕਸ਼ਾ ਪੋਰਟਲ ਲੋਕਾਂ ਨੂੰ ਸਹੂਲਤ ਦੇਣ ਦੀ ਬਜਾਏ ਦੁਵਿਧਾ ਦਾ ਕਾਰਨ ਬਣ ਜਾਵੇਗਾ। ਅੱਜ ਜਲੰਧਰ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਿਚ ਇਸ ਪੋਰਟਲ ਨੂੰ ਲੈ ਕੇ ਅਜਿਹੇ ਹਾਲਾਤ ਬਣੇ ਹੋਏ ਹਨ ਅਤੇ ਹੇਠਲੇ ਪੱਧਰ ਦੇ ਕਰਮਚਾਰੀ ਸੀ. ਐੱਲ. ਯੂ., ਐੱਨ. ਓ. ਸੀ. ਅਤੇ ਨਕਸ਼ਿਆਂ ਨਾਲ ਸਬੰਧਤ ਆਨਲਾਈਨ ਆਈਆਂ ਫਾਈਲਾਂ ਨੂੰ ਸਿਰਫ ਇਧਰ-ਉਧਰ ਕਰ ਕੇ ਹੀ ਲੋਕਾਂ ਨੂੰ ਖੂਬ ਪ੍ਰੇਸ਼ਾਨ ਕਰ ਰਹੇ ਹਨ। ਇਸ ਪੋਰਟਲ ਵਿਚ ਆਏ ਦਿਨ ਤਕਨੀਕੀ ਖਰਾਬੀ ਵੀ ਆ ਜਾਂਦੀ ਹੈ, ਜਿਸ ਕਾਰਨ ਕੰਮ ’ਚ ਦੇਰੀ ਹੁੰਦੀ ਹੈ। ਇਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਲੈ ਕੇ ਅੱਜ ਸ਼ਹਿਰ ਦੇ ਪ੍ਰਮੁੱਖ ਆਰਕੀਟੈਕਟ ਐੱਮ. ਟੀ. ਪੀ. ਬਲਵਿੰਦਰ ਸਿੰਘ ਨੂੰ ਮਿਲੇ, ਜਿਸ ਦੌਰਾਨ ਹਰ ਸਮੱਸਿਆ ’ਤੇ ਵਿਸਥਾਰ ਨਾਲ ਚਰਚਾ ਹੋਈ। ਇਨ੍ਹਾਂ ਵਿਚ ਰਣਜੀਤ ਕੁਮਾਰ, ਸੁਨੀਲ ਕਤਿਆਲ, ਸਰਵਣ, ਅਵਤਾਰ, ਈਸ਼ਵਰ, ਸੁਨੀਲ ਠਾਕੁਰ, ਜਸਪਾਲ ਅਤੇ ਪ੍ਰਿੰਸ ਆਦਿ ਸ਼ਾਮਲ ਸਨ। ਐੱਮ. ਟੀ. ਪੀ. ਨੇ ਬੈਠਕ ਦੇ ਬਾਅਦ ਸਟਾਫ ਨੂੰ ਵੀ ਿਦਸ਼ਾ-ਨਿਰਦੇਸ਼ ਦਿੱਤੇ ਅਤੇ ਸਿਸਟਮ ਵਿਚ ਕੁਝ ਸੁਧਾਰਾਂ ਦਾ ਵੀ ਭਰੋਸਾ ਦਿੱਤਾ।
ਇਹ ਵੀ ਪੜ੍ਹੋ : ‘ਵਿਰੋਧੀ ਧਿਰ ਦੇ 26’ ’ਤੇ ਕਿੰਨੇ ਭਾਰੀ ਪੈਣਗੇ ‘ਭਾਜਪਾ ਦੇ 38’
ਕਈਆਂ ਲਈ ਫਾਇਦੇ ਦਾ ਸੌਦਾ ਹੈ ਫਾਈਲਾਂ ਨੂੰ ਲਟਕਾਉਣਾ
ਜਲੰਧਰ ਨਗਰ ਨਿਗਮ ਦੇ ਈ-ਨਕਸ਼ਾ ਪੋਰਟਲ ਜ਼ਰੀਏ ਆਏ ਬਿਨੈ-ਪੱਤਰਾਂ ਨੂੰ ਇਧਰ-ਉਧਰ ਕਰ ਕੇ ਜਾਂ ਲਟਕਾ ਕੇ ਕੁਝ ਕਰਮਚਾਰੀ ਕਿੰਨਾ ਭ੍ਰਿਸ਼ਟਾਚਾਰ ਕਰ ਰਹੇ ਹਨ, ਉਸਦੀ ਜੇਕਰ ਵਿਜੀਲੈਂਸ ਤੋਂ ਜਾਂਚ ਕਰਾਈ ਜਾਵੇ ਤਾਂ ਕਈ ਡਰਾਫਟਸਮੈਨ, ਬਿਲਡਿੰਗ ਇੰਸਪੈਕਟਰ, ਏ. ਟੀ. ਪੀ. ਆਦਿ ਫਸ ਸਕਦੇ ਹਨ। ਇਸ ਜਾਂਚ ਦੌਰਾਨ ਇਨ੍ਹਾਂ ਸਾਰਿਆਂ ਦੇ ਲਾਗਇਨ ’ਤੇ ਆਈਆਂ ਫਾਈਲਾਂ ਦਾ ਰਿਕਾਰਡ ਜੇਕਰ ਤਲਬ ਕੀਤਾ ਜਾਵੇ ਤਾਂ ਪਤਾ ਲੱਗੇਗਾ ਕਿ ਕਿੰਨੀਆਂ ਫਾਈਲਾਂ ਆਟੋ ਜੰਪ ਹੋਈਆਂ ਅਤੇ ਕਿੰਨੀਆਂ ਸ਼ਿਕਾਇਤਾਂ ਨੂੰ ਇਨ੍ਹਾਂ ਨੇ ਲੰਮੇ ਸਮੇਂ ਤਕ ਪੈਂਡਿੰਗ ਰੱਖਿਆ। ਮੰਨਿਆ ਜਾ ਰਿਹਾ ਹੈ ਕਿ ਬਿਲਡਿੰਗ ਵਿਭਾਗ ਦੀਆਂ ਫਾਈਲਾਂ ਨੂੰ ਲੰਮੇ ਸਮੇਂ ਤਕ ਲਟਕਾਉਣਾ ਹੀ ਕਈਆਂ ਲਈ ਫਾਇਦੇ ਦਾ ਸੌਦਾ ਹੁੰਦਾ ਹੈ।
ਇਹ ਵੀ ਪੜ੍ਹੋ : ਕੈਨੇਡਾ ਪੜ੍ਹਨ ਗਏ ਪੁੱਤ ਦੀ ਅਚਾਨਕ ਹੋਈ ਮੌਤ, ਪਿੰਡ ’ਚ ਛਾਇਆ ਮਾਤਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8