ਚੱਢਾ ਨੂੰ ਲੈ ਕੇ ਕਾਂਗਰਸੀ ਆਹਮੋ-ਸਾਹਮਣੇ

Monday, Aug 14, 2017 - 11:06 PM (IST)

ਅੰਮ੍ਰਿਤਸਰ— ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਦੇ ਘਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਮੀਟਿੰਗ ਨੂੰ ਲੈ ਕੇ ਜਿਥੇ ਕਾਂਗਰਸੀ ਆਹਮੋਂ ਸਾਹਮਣੇ ਹੋ ਗਏ ਹਨ। ਉਥੇ ਖੁਦ ਚਰਨਜੀਤ ਸਿੰਘ ਚੱਢਾ ਨੂੰ ਵੀ ਭਾਰੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਡਾ. ਰਾਜ ਕੁਮਾਰ ਦੇ ਘਰ ਚਾਹ ਦਾ ਪ੍ਰੋਗਰਾਮ ਸੀ, ਜਿਸ ਵਿਚ ਚਰਨਜੀਤ ਸਿੰਘ ਚੱਢਾ ਅਚਾਨਕ ਆ ਗਏ ਅਤੇ ਉਨ੍ਹਾਂ ਵੱਲੋਂ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ, ਜਿਸ ਨੂੰ ਲੈ ਕੇ ਕਾਂਗਰਸੀ ਆਪਣੇ ਅੰਦਰ ਦਾ ਦੁੱਖ ਪ੍ਰਗਟ ਕਰਨ ਤੋਂ ਰਹਿ ਨਾ ਸਕੇ ਅਤੇ ਉਨ੍ਹਾਂ ਵੱਲੋਂ ਇਕ ਇਕ ਕਰਕੇ ਪਿਛਲੇ ਦਸ ਸਾਲਾਂ ਦੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਅਤੇ ਉਸ ਦੇ ਪਰਿਵਾਰ ਦਾ ਚਿੱਠਾ ਕੈਪਟਨ ਅਮਰਿੰਦਰ ਸਿੰਘ ਅੱਗੇ ਖੋਲ੍ਹ ਦਿੱਤਾ।
ਇਹ ਸ਼ੁਰੂਆਤ ਉਦੋਂ ਹੋਈ ਜਦੋਂ ਖੁਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਰਨਜੀਤ ਸਿੰਘ ਚੱਢਾ ਨੂੰ ਇਹ ਪੁੱਛਿਆ ਕਿ ਉਹ ਦੱਸਣ ਕਿ ਚੀਫ ਖਾਲਸਾ ਦੀਵਾਨ ਦੇ ਸਾਬਕਾ ਆਨਰੇਰੀ ਸੈਕਟਰੀ ਭਾਗ ਸਿੰਘ ਅਣਖੀ ਦਾ ਕੀ ਹਾਲ ਹੈ। ਇਸ ਤੋਂ ਬਾਅਦ ਕਾਂਗਰਸੀ ਅਜਿਹੇ ਛਿੜੇ ਕੇ ਮੁੜ ਚੁੱਪ ਹੋਣ ਦਾ ਨਾਂ ਨਾ ਲਿਆ। 
ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਕਾਂਗਰਸੀਆਂ ਦੇ ਗੁੱਸੇ ਨੂੰ ਭਾਂਪਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਚਰਨਜੀਤ ਸਿੰਘ ਚੱਢਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ  ਨਹੀਂ ਕਰਵਾਈ ਅਤੇ ਨਾ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਚਰਨਜੀਤ ਸਿੰਘ ਚੱਢਾ ਦੇ ਆਉਣ ਦੀ ਕੋਈ ਖ਼ਬਰ ਸੀ, ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਫਿਸ ਵੱਲੋਂ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੱਢਾ ਦੀ ਮੀਟਿੰਗ ਨਿਸਚਿਤ ਕੀਤੀ ਗਈ ਸੀ ਇਸ ਵਿਚ ਉਨ੍ਹਾਂ ਦਾ ਕੋਈ ਵੀ ਰੋਲ ਨਹੀਂ ਹੈ। ਉਨ੍ਹਾਂ ਨੇ ਵੀ ਦੱਬੀ ਅਵਾਜ਼ ਵਿਚ ਕਿਹਾ ਕਿ ਚੱਢਾ ਪ੍ਰੀਵਾਰ ਦੇ ਸਬੰਧ ਵਿਚ ਕੁਝ ਮਾਮਲੇ ਪਿਛਲੇ ਦਿਨੀ ਸਾਹਮਣੇ ਆਏ ਸਨ, ਉਹ ਸਦਕਾ ਹੈ ਕਿ ਉਹ ਉਨ੍ਹਾਂ ਮਾਮਲਿਆਂ ਦੇ ਸਬੰਧ ਵਿਚ ਕੈਪਟਨ ਅਮਰਿੰਦਰ ਸਿੰਘ ਅੱਗੇ ਆਪਣਾ ਕੋਈ ਪੱਖ ਰੱਖਣਾ ਚਾਹੁੰਦੇ ਹੋਣ। ਉਨ੍ਹਾਂ ਨੇ ਦੱਸਿਆ ਕਿ ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਜਿਸ ਸਮੇਂ ਇਤਰਾਜ ਉਠਾਇਆ ਜਾ ਰਿਹਾ ਸੀ ਉਸ ਸਮੇਂ ਵੀ ਉਨ੍ਹਾਂ ਨੇ ਧਿਆਨ 'ਚ ਨਹੀਂ ਸੀ ਕਿ ਕਾਂਗਰਸੀ ਚੱਢਾ ਦੀ ਮੌਜੂਦਗੀ ਨੂੰ ਲੈ ਕੇ ਤਾਬੜਤੋੜ ਹਮਲੇ ਕਰ ਸਕਦੇ ਹਨ। ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਉਨ੍ਹਾਂ ਦੀ ਲੋਕ ਸਭਾ ਚੋਣ ਸਮੇਂ ਚੱਢਾ ਪ੍ਰੀਵਾਰ ਵੱਲੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਦੇ ਹੱਕ 'ਚ ਨਿਭਾਏ ਗਏ ਰੋਲ ਅਤੇ ਭਾਗ ਸਿੰਘ ਅਣਖੀ ਦੇ ਸਿੱਖ ਫੋਰਮ ਵੱਲੋਂ ਕੈਪਟਨ ਦੇ ਹੱਕ 'ਚ ਰੱਖੀ ਗਈ ਮੀਟਿੰਗ ਦਾ ਵੀ ਚੇਤਾ ਕਰਵਾਇਆ ਗਿਆ। ਅਣਖੀ ਨੇ ਕਿਹਾ ਕਿ ਉਹ ਭਾਵੇਂ ਜਿੰਨ੍ਹਾਂ ਮਰਜੀ ਦੁੱਧ ਧੋਤਾ ਹੋਣ ਦਾ ਦਾਅਵਾ ਕਰਨ ਪਰ ਸੱਚ ਕਦੇ ਨਹੀਂ ਧੁਪਦਾ। ਉਨ੍ਹਾਂ ਵੱਲੋਂ ਉਨ੍ਹਾਂ ਦੇ ਦੋ ਵਪਾਰਿਕ ਸਥਾਨਾਂ 'ਚ ਕੀਤੀਆਂ ਗਈਆਂ ਘਪਲੇਬਾਜੀਆਂ, ਊਣਤਾਈਆਂ, ਬੇਨਿਯਮੀਆਂ ਅਤੇ ਕੀਤੇ ਗਏ ਕਬਜਿਆਂ ਤੋਂ ਇਲਾਵਾ ਚੀਫ ਖਾਲਸਾ ਦੀਵਾਨ ਵਿਚ ਮਰਿਆਦਾ ਅਤੇ ਸਿਧਾਂਤਾਂ ਦੇ ਉਲਟ ਜਾ ਕੇ ਕੀਤੇ ਗਏ ਕੰਮਾਂ ਨੂੰ ਲੈ ਕੇ ਸਖ਼ਤ ਇਤਰਾਜ ਉਠਾਇਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਹੁਣ ਫਿਰ ਭਰਮ ਪੈਦਾ ਕਰਨਾ ਚਾਹੁੰਦੇ ਹਨ ਕਿ ਜਿਵੇਂ ਉਹ ਪਹਿਲਾਂ ਬਾਦਲ ਪ੍ਰੀਵਾਰ ਦੇ ਨੇੜੇ ਹੋਣ ਦਾ ਵਿਖਾਵਾਂ ਕਰਦੇ ਸਨ। ਉਸੇ ਤਰ੍ਹਾਂ ਹੀ ਹੁਣ ਉਹ ਕੈਪਟਨ ਦੇ ਨੇੜੇ ਹੋਣ ਦਾ ਵਿਖਾਵਾਂ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਚੀਫ ਖਾਲਸਾ ਦੀਵਾਨ ਦੀ ਜਾਇਦਾਦ ਨੂੰ ਆਪਣੇ ਘਰ ਦੀ ਜਾਇਦਾਦ ਨਹੀਂ ਬਨਣ ਦੇਣਗੇ।  
ਇਸ ਸਮੇਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਓਮ ਪ੍ਰਕਾਸ਼ ਸੋਨੀ, ਸੁਨੀਲ ਦੱਤੀ, ਤਰਸੇਮ ਸਿੰਘ ਡੀ.ਸੀ., ਹਰਪ੍ਰਤਾਪ ਸਿੰਘ ਅਜਨਾਲਾ, ਇੰਦਰਬੀਰ ਸਿੰਘ ਬੁਲਾਰੀਆ, ਹਰਮਿੰਦਰ ਸਿੰਘ ਗਿੱਲ, ਜੁਗਲ ਕਿਸ਼ੋਰ ਸ਼ਰਮਾ, ਪ੍ਰੋ: ਦਰਬਾਰੀ ਲਾਲ, ਅਸ਼ਵਨੀ ਸੇਖੜੀ, ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਸੰਦੀਪ ਸੰਧੂ, ਰਵੀਨ ਠੁਕਰਾਲ, ਜਗਦੀਪ ਸਿੱਧੂ, ਡੀ.ਸੀ.ਕਰਮਦੀਪ ਸਿੰਘ ਸੰਘਾ, ਕਮਿਸ਼ਨਰ ਗੁਰਲਵਲੀਨ ਸੰਧ, ਐਸ.ਐਸ.ਸ੍ਰੀਵਾਸਤਵ, ਕੁਲਬੀਰ ਸਿੰਘ ਬੱਬੀ, ਗੋਤਮ ਮਜੀਠੀਆ, ਅਮਨ ਕੁਮਾਰ, ਗੋਰਵ ਸ਼ਰਮਾ, ਵਿਕਾਸ ਦੱਤ ਵੀ ਹਾਜ਼ਰ ਸਨ।


Related News