ਇਕ ਲੱਖ ਤੋਂ ਜ਼ਿਆਦਾ ਲੋਕਾਂ ਨਾਲ ਠੱਗੀ, ਕੰਪਨੀ ਦੇ ਮਾਲਕ ਜੀਜਾ-ਸਾਲਾ ਸਮੇਤ ਸਾਂਢੂ ਫ਼ਰਾਰ

Friday, Jul 17, 2020 - 03:55 PM (IST)

ਇਕ ਲੱਖ ਤੋਂ ਜ਼ਿਆਦਾ ਲੋਕਾਂ ਨਾਲ ਠੱਗੀ, ਕੰਪਨੀ ਦੇ ਮਾਲਕ ਜੀਜਾ-ਸਾਲਾ ਸਮੇਤ ਸਾਂਢੂ ਫ਼ਰਾਰ

ਜਲੰਧਰ (ਵਰੁਣ) – ਵਿਜ ਪਾਵਰ ਕੰਪਨੀ ਵਲੋਂ ਕੀਤੇ ਗਏ ਕਰੋੜਾਂ ਰੁਪਏ ਦੇ ਫਰਾਡ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਇਸ ਕੰਪਨੀ ਨਾਲ ਇਕ ਲੱਖ ਤੋਂ ਵੀ ਜ਼ਿਆਦਾ ਇਨਵੈਸਟਰ ਜੁੜੇ ਹੋਏ ਸਨ ਅਤੇ ਕੰਪਨੀ ਇਨ੍ਹਾਂ ਸਾਰਿਆਂ ਦਾ ਪੈਸਾ ਲੈ ਕੇ ਫਰਾਰ ਹੋ ਗਈ ਹੈ। ਪੁਲਸ ਨੇ ਬੁੱਧਵਾਰ ਨੂੰ ਵਿਜ ਪਾਵਰ ਕੰਪਨੀ ਦੇ ਮੈਨੇਜਮੈਂਟ ਦੇ ਮੈਂਬਰਾਂ ਅਸ਼ੀਸ਼ ਸ਼ਰਮਾ, ਪੁਨੀਤ ਵਰਮਾ, ਆਦਿਤਿਆ ਸੇਠੀ ਨੂੰ ਹਿਰਾਸਤ ਵਿਚ ਲਿਆ ਹੈ, ਜਦਕਿ ਚੌਥੀ ਮਹਿਲਾ ਮੈਂਬਰ ਅਜੇ ਅੰਡਰਗਰਾਊਂਡ ਹੈ। ਇਸ ਸਾਰੇ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ 23 ਏ ਸ਼ਿਵ ਵਿਹਾਰ ਦੇ ਰਹਿਣ ਵਾਲੇ ਕੰਪਨੀ ਦੇ ਮਾਲਕ ਜਿਨ੍ਹਾਂ ਦਾ ਆਪਸ ਵਿਚ ਜੀਜਾ-ਸਾਲਾ ਅਤੇ ਸਾਂਢੂ ਦਾ ਰਿਸ਼ਤਾ ਹੈ, ਫਰਾਰ ਹੋ ਚੁੱਕੇ ਹਨ, ਜਿਨ੍ਹਾਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਕੰਪਨੀ 6 ਸਾਲ ਤੋਂ ਜਲੰਧਰ ਵਿਚ ਚੱਲ ਰਹੀ ਸੀ ਅਤੇ ਕਾਫੀ ਘੱਟ ਸਮੇਂ ਵਿਚ ਇਕ ਲੱਖ ਤੋਂ ਜ਼ਿਆਦਾ ਇਨਵੈਸਟਰ ਇਸ ਕੰਪਨੀ ਨੇ ਆਪਣੇ ਨਾਲ ਜੋੜੇ ਸਨ। ਉਥੇ ਹੀ ਫਰਾਡ ਦਾ ਸ਼ਿਕਾਰ ਹੋਏ ਲੋਕਾਂ ਦੀ ਸ਼ਿਕਾਇਤ ਜਾਣ ਤੋਂ ਬਾਅਦ ਪੁਲਸ ਨੇ ਸਾਰੇ ਲੀਡਰਾਂ ਦੇ ਬਿਆਨ ਦਰਜ ਕਰ ਲਏ ਹਨ। ਵੀਰਵਾਰ ਨੂੰ ਕੰਪਨੀ ਦੇ ਮਾਲਕਾਂ ਸਮੇਤ ਹੋਰ ਸਟਾਫ ਦੇ ਮੈਂਬਰਾਂ ’ਤੇ ਐੱਫ. ਆਈ. ਆਰ. ਦਰਜ ਹੋ ਜਾਵੇਗੀ।

ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫਿਲਹਾਲ ਕਿਸੇ ਨੂੰ ਹਿਰਾਸਤ ਵਿਚ ਨਹੀਂ ਲਿਆ ਅਤੇ ਸਾਰੀ ਰਿਪੋਰਟ ਤਿਆਰ ਕਰ ਲਈ ਹੈ ਤੇ ਜਲਦ ਹੀ ਸਾਰੇ ਮੁਲਜ਼ਮਾਂ ’ਤੇ ਕੇਸ ਦਰਜ ਕਰ ਲਿਆ ਜਾਵੇਗਾ। ਦੱਸ ਦੇਈਏ ਕਿ 2 ਦਿਨ ਪਹਿਲਾਂ ਪੀ. ਪੀ. ਆਰ. ਮਾਲ ਸਥਿਤ ਵਿਜ ਪਾਵਰ ਕੰਪਨੀ ਵਲੋਂ ਕੀਤੇ ਗਏ ਕਰੋੜਾਂ ਰੁਪਏ ਦੇ ਫਰਾਡ ਦਾ ਖੁਲਾਸਾ ਹੋਇਆ ਸੀ, ਕੰਪਨੀ ਲਈ ਕੰਮ ਕਰਨ ਵਾਲੇ ਲੀਡਰਾਂ ਦਾ ਦੋਸ਼ ਸੀ ਕਿ ਕੰਪਨੀ ਦੇ ਮੈਂਬਰਾਂ ਅਤੇ ਮਾਲਕਾਂ ਨੇ ਪਹਿਲਾਂ ਤਾਂ ਉਨ੍ਹਾਂ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ ਪਰ ਹੁਣ ਜਦੋਂ ਉਹ ਆਪਣੀ ਟੀਮ ਵਿਚ ਆਉਣ ਵਾਲੇ ਲੋਕਾਂ (ਇਨਵੈਸਟਰਾਂ) ਦੇ ਪੈਸੇ ਲੈਣ ਪਹੁੰਚੇ ਤਾਂ ਪੀ. ਪੀ. ਆਰ. ਮਾਲ ਸਥਿਤ ਵਿਜ ਪਾਵਰ ਕੰਪਨੀ ਦੇ ਦਫਤਰ ਵਿਚ ਤਾਲੇ ਲੱਗੇ ਹੋਏ ਸਨ। ਜ਼ਿਕਰਯੋਗ ਹੈ ਕਿ ਲੋਕਾਂ ਨੂੰ ਗੋਲਡ ਕਿੱਟੀ ਦੇ ਨਾਂ ’ਤੇ ਇਸ ਕੰਪਨੀ ਨੇ ਆਪਣੇ ਨਾਲ ਜੋੜਿਆ ਹੋਇਆ ਸੀ। ਲੋਕਾਂ ਨੂੰ ਲਾਲਚ ਦਿੱਤਾ ਜਾਂਦਾ ਸੀ ਕਿ 12 ਮਹੀਨੇ ਵਿਚੋਂ 11 ਮਹੀਨੇ ਦੀਆਂ ਕਿਸ਼ਤਾਂ ਹੀ ਦੇਣੀਆਂ ਹੋਣਗੀਆਂ, ਜਦਕਿ ਇਕ ਕਿਸ਼ਤ ਕੰਪਨੀ ਦੇਵੇਗੀ, ਜਿਸ ਦੇ ਬਾਅਦ ਲੋਕਾਂ ਨੂੰ ਗੋਲਡ ਦੀ ਕੋਈ ਚੀਜ਼ ਦੇ ਦਿੱਤੀ ਜਾਵੇਗੀ ਜਾਂ ਫਿਰ ਉਨ੍ਹਾਂ ਨੂੰ ਪੈਸੇ ਮੋੜ ਦਿੱਤੇ ਜਾਣਗੇ। ਕੰਪਨੀ ਦੀ ਇਕ ਸਾਲ ਤੋਂ ਲੈ ਕੇ 3 ਸਾਲ ਤੱਕ ਦੀ ਸਕੀਮ ਚੱਲ ਰਹੀ ਸੀ, ਇਸ ਕੰਪਨੀ ਵਿਚ ਲੋਕਾਂ ਨੇ 2 ਹਜ਼ਾਰ ਤੋਂ ਲੈ ਕੇ 2 ਲੱਖ ਤੱਕ ਪ੍ਰਤੀ ਮਹੀਨਾ ਕਿਸ਼ਤ ਬੰਨ੍ਹੀ ਹੋਈ ਸੀ। ਇਸ ਕੰਪਨੀ ਰਾਹੀਂ 300 ਕਰੋੜ ਰੁਪਏ ਤੋਂ ਜ਼ਿਆਦਾ ਰੁਪਏ ਦਾ ਫਰਾਡ ਕੀਤਾ ਗਿਆ ਹੈ।

ਸਾਰਾ ਸਾਮਾਨ ਛੱਡ ਕੇ ਘਰਾਂ ਨੂੰ ਤਾਲੇ ਲਾ ਕੇ ਫਰਾਰ ਹੋਏ ਮਾਲਕ

ਸ਼ਿਵ ਨਗਰ ਦੇ ਰਹਿਣ ਵਾਲੇ ਵਿਜ ਪਾਵਰ ਕੰਪਨੀ ਦੇ ਮਾਲਕ ਆਪਣੇ ਘਰਾਂ ਨੂੰ ਤਾਲੇ ਲਾ ਕੇ ਫਰਾਰ ਤਾਂ ਹੋ ਗਏ ਹਨ ਪਰ ਘਰਾਂ ਵਿਚ ਸਾਰਾ ਸਾਮਾਨ ਪਹਿਲਾਂ ਵਾਂਗ ਹੀ ਪਿਆ ਹੈ। ਉਥੇ ਹੀ ਕੰਪਨੀ ਦੇ ਲੀਡਰਾਂ ਨੇ ਮੰਗ ਕੀਤੀ ਕਿ ਪੁਲਸ ਇਨ੍ਹਾਂ ਲੋਕਾਂ ਦੇ ਘਰਾਂ ਦੇ ਤਾਲੇ ਤੋੜ ਕੇ ਸਾਰਾ ਸਾਮਾਨ ਆਪਣੇ ਕਬਜ਼ੇ ਵਿਚ ਲਵੇ। ਉਨ੍ਹਾਂ ਕਿਹਾ ਕਿ ਕੰਪਨੀ ਦੇ ਮਾਲਕਾਂ ਅਤੇ ਕੰਪਨੀ ਦੇ ਨਿੱਜੀ ਸਾਰੇ ਬੈਂਕ ਅਕਾਊਂਟਾਂ ਨੂੰ ਵੀ ਫਰੀਜ਼ ਕੀਤਾ ਜਾਵੇ ਤਾਂ ਕਿ ਉਸ ਵਿਚ ਜਿੰਨੇ ਵੀ ਪੈਸੇ ਹਨ, ਉਹ ਕੱਢੇ ਨਾ ਜਾ ਸਕਣ। ਦੱਸ ਦੇਈਏ ਕਿ ਕੰਪਨੀ ਦੇ ਲੀਡਰ ਹੀ ਸਿੱਧਾ ਇਨਵੈਸਟਰਾਂ ਨਾਲ ਜੁੜੇ ਹੋਏ ਸਨ ਜਦਕਿ ਇਕ-ਇਕ ਲੀਡਰ ਕੋਲ ਇਕ ਹਜ਼ਾਰ ਤੋਂ 3 ਹਜ਼ਾਰ ਤੱਕ ਲੋਕ ਪੈਸੇ ਇਨਵੈਸਟ ਕਰਦੇ ਸਨ।

ਪਿਛਲੇ 5 ਮਹੀਨਿਆਂ ਤੋਂ ਇਨਵੈਸਟਰ ਹੋ ਰਹੇ ਸਨ ਪ੍ਰੇਸ਼ਾਨ

ਕੰਪਨੀ ਦੇ ਲੀਡਰ ਰਜਤ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੰਪਨੀ ਬਿਲਕੁਲ ਸਹੀ ਤਰੀਕੇ ਨਾਲ ਇਨਵੈਸਟਰਾਂ ਦੇ ਨਾਲ ਡੀਲ ਕਰ ਰਹੀ ਸੀ ਪਰ ਪਿਛਲੇ 5 ਮਹੀਨਿਆਂ ਤੋਂ ਇਸ ਕੰਪਨੀ ਦੇ ਮਾਲਕ ਅਤੇ ਮੈਨੇਜਮੈਂਟ ਦੇ ਮੈਂਬਰ ਪ੍ਰੇਸ਼ਾਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੰਪਨੀ 5 ਮਹੀਨੇ ਤੋਂ ਪੈਸੇ ਤਾਂ ਲੈ ਰਹੀ ਸੀ ਪਰ ਜਿਨ੍ਹਾਂ-ਜਿਨ੍ਹਾਂ ਲੋਕਾਂ ਦੀ ਕਿੱਟੀ ਦੀ ਮਿਆਦ ਪੂਰੀ ਹੋ ਚੁੱਕੀ ਸੀ, ਉਨ੍ਹਾਂ ਦਾ ਇਕ ਵੀ ਪੈਸਾ ਨਹੀਂ ਦਿੱਤਾ ਗਿਆ ਅਤੇ ਬਾਅਦ ਵਿਚ ਪਤਾ ਲੱਗਾ ਕਿ ਕੰਪਨੀ ਦਫਤਰ ਨੂੰ ਤਾਲੇ ਲਾ ਕੇ ਫਰਾਰ ਹੋ ਚੁੱਕੀ ਹੈ। ਸੂਤਰਾਂ ਦੀ ਮੰਨੀਏ ਤਾਂ ਕੰਪਨੀ ਦੇ ਮਾਲਕ ਅਤੇ ਇਕ ਮਹਿਲਾ ਮੈਂਬਰ ਅਜੇ ਪੰਜਾਬ ਵਿਚ ਹੀ ਆਪਣੇ ਰਿਸ਼ਤੇਦਾਰਾਂ ਕੋਲ ਲੁਕੇ ਹੋਏ ਹਨ।


author

Harinder Kaur

Content Editor

Related News