ਲੜਕੀ ਨੂੰ ਵਿਦੇਸ਼ ਪੜ੍ਹਨ ਭੇਜ ਕੇ ਨਹੀਂ ਭਰੀਆਂ ਕਾਲਜ ਦੀਆਂ ਫ਼ੀਸਾਂ, ਪਿਓ-ਪੁੱਤਾਂ ਨੇ ਮਾਰੀ ਲੱਖਾਂ ਦੀ ਠੱਗੀ

Wednesday, Sep 27, 2023 - 04:56 PM (IST)

ਲੜਕੀ ਨੂੰ ਵਿਦੇਸ਼ ਪੜ੍ਹਨ ਭੇਜ ਕੇ ਨਹੀਂ ਭਰੀਆਂ ਕਾਲਜ ਦੀਆਂ ਫ਼ੀਸਾਂ, ਪਿਓ-ਪੁੱਤਾਂ ਨੇ ਮਾਰੀ ਲੱਖਾਂ ਦੀ ਠੱਗੀ

ਸੰਗਤ ਮੰਡੀ (ਮਨਜੀਤ) : ਪਿੰਡ ਝੁੰਬਾ ਵਿਖੇ ਲੜਕੀ ਨੂੰ ਵਿਦੇਸ਼ ਭੇਜਣ ਤੋਂ ਬਾਅਦ ਉਸ ਦੀਆਂ ਫੀਸਾਂ ਨਾ ਭਰ ਕੇ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਇਸ ਮਾਮਲੇ ’ਚ ਦੋ ਸਕੇ ਭਰਾਵਾਂ ਸਮੇਤ ਉਨ੍ਹਾਂ ਦੇ ਪਿਤਾ ਨੂੰ ਨਾਮਜ਼ਦ ਕੀਤਾ ਗਿਆ ਹੈ। ਕਰਮਜੀਤ ਸਿੰਘ ਪੁੱਤਰ ਜ਼ੋਰਾ ਸਿੰਘ ਵਾਸੀ ਝੁੰਬਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦੀ ਲੜਕੀ ਵੱਲੋਂ ਆਈਲੈਟਸ ਪਾਸ ਕੀਤੀ ਹੋਈ ਸੀ, ਅਤੇ ਉਹ ਉਸ ਨੂੰ ਬਾਹਰ ਭੇਜਣਾ ਚਾਹੁੰਦਾ ਸੀ।

ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ BJP ਪ੍ਰਧਾਨ ਸੁਨੀਲ ਜਾਖੜ ਨੇ ਚੁੱਕੇ ਇਹ ਮੁੱਦੇ

ਇਸ ਸਬੰਧੀ ਉਨ੍ਹਾਂ ਆਪਣੇ ਰਿਸ਼ਤੇਦਾਰ ਬਲਵਿੰਦਰ ਸਿੰਘ ਪੁੱਤਰ ਨੈਬ ਸਿੰਘ ਵਾਸੀ ਮਸ਼ਾਣੀ (ਹਨੂਮਾਨਗੜ੍ਹ) ਨਾਲ ਗੱਲ ਕੀਤੀ। ਅੱਗੋਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਰਿਸ਼ਤੇਦਾਰ ਮਨਜਿੰਦਰ ਸਿੰਘ, ਮਨਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਤੇ ਕਰਮਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਕੁੱਸਰ ਜ਼ਿਲਾ ਸਿਰਸਾ (ਹਰਿਆਣਾ) ਜੋ ਕਿ ਚੰਡੀਗੜ੍ਹ ’ਚ ਰਹਿੰਦਾ ਹੈ ਤੇ ਬੱਚੇ ਵਿਦੇਸ਼ ਭੇਜਣ ਦਾ ਕਾਰੋਬਾਰ ਕਰਦਾ ਹੈ। 

ਉਕਤ ਵਿਅਕਤੀਆਂ ਨੇ ਉਸ ਦੀ ਲੜਕੀ ਨੂੰ ਬਾਹਰ ਭੇਜਣ ਲਈ ਉਸ ਤੋਂ ਸਾਢੇ 12 ਲੱਖ ਰੁਪਏ ਖਾਤੇ ’ਚ ਪਵਾ ਲਏ। ਉਸ ਤੋਂ ਬਾਅਦ ਮਨਪ੍ਰੀਤ ਤੇ ਮਨਜਿੰਦਰ ਉਸ ਨੂੰ ਕਹਿਣ ਲੱਗੇ ਕਿ ਲੜਕੀ ਦਾ ਕਾਲਜ ਬਦਲੀ ਕਰਨਾ ਪਵੇਗਾ, ਜਿਸ ਬਦਲੇ ਚਾਰ ਸਮੈਸਟਰਾਂ ਦੇ ਉਸ ਤੋਂ ਚਾਰ ਲੱਖ ਰੁਪਏ ਹੋਰ ਖਾਤੇ ’ਚ ਪੁਵਾ ਲਏ। ਜਦ ਉਨ੍ਹਾਂ ਬਾਹਰ ਗਈ ਲੜਕੀ ਨਾਲ ਗੱਲ ਕੀਤੀ ਤਾਂ ਲੜਕੀ ਨੇ ਦੱਸਿਆ ਕਿ ਉਸ ਦੇ ਦੋ ਸਮੈਸਟਰਾਂ ਦੀ ਫੀਸ ਨਹੀਂ ਭਰੀ ਗਈ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਪਰਾਲੀ ਦਾ ਸਹੀ ਉਪਚਾਰ ਕਰਨ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਿਤ, ਕੀਤੀ ਇਹ ਅਪੀਲ

ਉਕਤ ਵਿਅਕਤੀਆਂ ਵੱਲੋਂ ਗੱਲਾਂ ’ਚ ਲੈ ਕੇ ਉਸ ਤੋਂ ਹੋਰ ਤਿੰਨ ਲੱਖ ਰੁਪਏ ਲੈ ਲਏ। ਉਕਤ ਵਿਅਕਤੀਆਂ ਨੇ ਕਿਹਾ ਕਿ ਦੋ ਸਮੈਸਟਰਾਂ ਦੀ 10 ਲੱਖ ਫੀਸ ਜ਼ਿਆਦਾ ਚਲੀ ਗਈ ਹੈ ਉਹ ਵਾਪਸ ਆ ਜਾਵੇਗੀ ਪਰ ਉਕਤ ਵਿਅਕਤੀਆਂ ਵੱਲੋਂ ਅੱਜ ਤਕ ਉਨ੍ਹਾਂ ਨੂੰ ਕੋਈ ਪੈਸਾ ਵਾਪਸ ਨਹੀਂ ਕੀਤਾ, ਜਦ ਉਨ੍ਹਾਂ ਹੋਰ ਡੂੰਘਾਈ ਨਾਲ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਕਤ ਮੁਲਜ਼ਮਾਂ ਵੱਲੋਂ ਲੜਕੀ ਦੀ ਕੋਈ ਫੀਸ ਭਰੀ ਹੀ ਨਹੀਂ ਗਈ, ਸਗੋਂ ਉਨ੍ਹਾਂ ਖੁਦ ਦੁਬਾਰਾ ਪੈਸੇ ਭੇਜ ਕੇ ਲੜਕੀ ਦੀ ਫੀਸ ਭਰੀ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਵੱਲੋਂ ਭੋਲੇ-ਭਾਲੇ ਲੋਕਾਂ ਨਾਲ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮੋਟੀਆਂ ਠੱਗੀਆਂ ਮਾਰੀਆਂ ਗਈਆਂ ਹਨ।

ਇਹ ਵੀ ਪੜ੍ਹੋ : ICP ਅਟਾਰੀ 'ਤੇ 11 ਸਾਲ ਬਾਅਦ ਵੀ ਨਹੀਂ ਲੱਗਿਆ ਟਰੱਕ ਸਕੈਨਰ, ਗ੍ਰਹਿ ਮੰਤਰੀ ਸ਼ਾਹ ਅੱਗੇ ਵਪਾਰੀ ਚੁੱਕਣਗੇ ਮੁੱਦਾ

ਪੁਲਸ ਵੱਲੋਂ ਮੁਦਈ ਦੇ ਬਿਆਨਾਂ ’ਤੇ ਮਨਪ੍ਰੀਤ ਸਿੰਘ ਤੇ ਮਨਜਿੰਦਰ ਸਿੰਘ ਪੁੱਤਰ ਕਰਮਜੀਤ ਸਿੰਘ ਤੇ ਕਰਮਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਕੁੱਸਰ ਜ਼ਿਲਾ ਸਿਰਸਾ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News