11 ਸਾਲਾਂ ਤੋਂ ਬਾਅਦ ਦਸੰਬਰ ਦੇ ਆਖਰੀ ਦਿਨ ਸਭ ਤੋਂ ਠੰਡੇ, ਸੀਤ ਲਹਿਰ ਨੇ ਠੁਰ-ਠੁਰ ਕਰਨੇ ਲਾਏ ਲੋਕ

Monday, Dec 26, 2022 - 05:53 PM (IST)

11 ਸਾਲਾਂ ਤੋਂ ਬਾਅਦ ਦਸੰਬਰ ਦੇ ਆਖਰੀ ਦਿਨ ਸਭ ਤੋਂ ਠੰਡੇ, ਸੀਤ ਲਹਿਰ ਨੇ ਠੁਰ-ਠੁਰ ਕਰਨੇ ਲਾਏ ਲੋਕ

ਜਲੰਧਰ (ਸੁਰਿੰਦਰ)-ਸੀਤ ਲਹਿਰ ਅਤੇ ਸੰਘਣੀ ਧੁੰਦ ਕਾਰਨ ਠੰਡ ਵਧ ਗਈ ਹੈ। ਦਿਨ ਵੇਲੇ ਵੀ ਤਾਪਮਾਨ ਵਿਚ ਕੋਈ ਖ਼ਾਸ ਫਰਕ ਨਹੀਂ ਪੈਂਦਾ। ਸੂਰਜ ਦੀ ਤਪਸ਼ ਨੂੰ ਵੀ ਸੀਤ ਲਹਿਰ ਨੇ ਠੰਡਾ ਕਰ ਦਿੱਤਾ ਹੈ, ਜਿਸ ਕਾਰਨ ਦਿਨੋ-ਦਿਨ ਤਾਪਮਾਨ ਘਟਦਾ ਜਾ ਰਿਹਾ ਹੈ। 11 ਸਾਲਾਂ ਬਾਅਦ ਦਸੰਬਰ ਦੇ ਆਖਰੀ ਦਿਨ ਸਭ ਤੋਂ ਠੰਡੇ ਲੰਘ ਰਹੇ ਹਨ ਅਤੇ ਸੀਤ ਲਹਿਰ ਰੁਕਣ ਦਾ ਨਾਂ ਨਹੀਂ ਲੈ ਰਹੀ। 2011 ਤੋਂ ਲੈ ਕੇ 2021 ਤੱਕ ਦਸੰਬਰ ਮਹੀਨੇ ਵਿਚ ਔਸਤਨ ਦਿਨ ਸਮੇਂ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 12 ਡਿਗਰੀ ਦੇ ਨੇੜੇ ਰਿਹਾ ਸੀ ਪਰ ਇਸ ਵਾਰ ਜਾਰੀ ਸੀਤ ਲਹਿਰ ਨੇ ਦਸੰਬਰ ਮਹੀਨੇ ਦਾ ਰਿਕਾਰਡ ਤੋੜ ਦਿੱਤਾ ਹੈ।

ਦਿਨ ਦਾ ਵੱਧ ਤੋਂ ਵੱਧ ਤਾਪਮਾਨ 16 ਤੋਂ 18 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 6 ਤੋਂ 8 ਡਿਗਰੀ ਦੇ ਵਿਚਕਾਰ ਚੱਲ ਰਿਹਾ ਹੈ। ਸ਼ਾਮ ਸਮੇਂ ਇਹ 12 ਡਿਗਰੀ ਦੇ ਨੇੜੇ-ਤੇੜੇ ਰਿਕਾਰਡ ਕੀਤਾ ਜਾ ਰਿਹਾ ਹੈ। ਠੰਡ ਦਾ ਕਹਿਰ ਘੱਟ ਨਹੀਂ ਰਿਹਾ, ਜਿਸ ਕਾਰਨ ਗਰਮ ਕੱਪੜਿਆਂ ਦਾ ਬਾਜ਼ਾਰ ਹੋਰ ਵੀ ਗਰਮ ਹੋ ਗਿਆ ਹੈ। ਐਤਵਾਰ ਨੂੰ ਰੈਣਕ ਬਾਜ਼ਾਰ ’ਚ ਸਜੇ ਸੰਡੇ ਬਾਜ਼ਾਰ ’ਚ ਗਰਮ ਕੱਪੜਿਆਂ ਦੀ ਕਾਫ਼ੀ ਖ਼ਰੀਦਦਾਰੀ ਹੋਈ। ਸਾਰਾ ਦਿਨ ਬਾਜ਼ਾਰ ਵਿਚ ਭਾਰੀ ਭੀੜ ਰਹੀ। ਸੀਤ ਲਹਿਰ ਦਿਨੋ-ਦਿਨ ਜ਼ੋਰ ਫੜਦੀ ਜਾ ਰਹੀ ਹੈ। ਮੌਸਮ ਵਿਚ ਆਏ ਬਦਲਾਅ ਦੇ ਮੱਦੇਨਜ਼ਰ ਮੌਸਮ ਮਹਿਕਮੇ ਨੇ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਠੰਡ ਤੋਂ ਬਚਣ ਦੀ ਹਦਾਇਤ ਕੀਤੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਕ ਹਫ਼ਤੇ ਤੱਕ ਠੰਡ ਦਾ ਅਸਰ ਬਣੇ ਰਹਿਣ ਦੀ ਸੰਭਾਵਨਾ ਹੈ। ਦਿਨ ਦਾ ਤਾਪਮਾਨ 18 ਤੋਂ 16 ਡਿਗਰੀ ਦੇ ਵਿਚਕਾਰ ਆ ਗਿਆ ਹੈ।

ਇਹ ਵੀ ਪੜ੍ਹੋ : ਅਗਲੇ 24 ਘੰਟਿਆਂ ’ਚ ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਪਵੇਗੀ, ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

PunjabKesari

ਅਗਲੇ ਪੰਜ ਦਿਨਾਂ ਲਈ ਮੌਸਮ ’ਚ ਕੋਈ ਬਦਲਾਅ ਨਹੀਂ
ਮੌਸਮ ਮਹਿਕਮੇ ਮੁਤਾਬਕ ਅਗਲੇ ਪੰਜ ਦਿਨਾਂ ਤੱਕ ਮੌਸਮ ਵਿਚ ਕੋਈ ਬਦਲਾਅ ਨਹੀਂ ਵੇਖਣ ਨੂੰ ਮਿਲੇਗਾ, ਸਗੋਂ ਤਾਪਮਾਨ ਵਿਚ ਭਾਰੀ ਗਿਰਾਵਟ ਆਵੇਗੀ। ਸ਼ਨੀਵਾਰ ਦੁਪਹਿਰੇ ਥੋੜ੍ਹੇ ਸਮੇਂ ਲਈ ਹੀ ਸੂਰਜ ਨਿਕਲਿਆ ਪਰ ਇਸ ਤੋਂ ਬਾਅਦ ਇਹ ਫਿਰ ਧੁੰਦ ਦੀ ਚਾਦਰ ਵਿਚ ਸਮਾ ਗਿਆ। ਸ਼ਾਮ ਸਮੇਂ ਸੀਤ ਲਹਿਰ ਨੇ ਜ਼ੋਰ ਫੜਿਆ ਹੋਇਆ ਸੀ। ਗਰਮ ਕੱਪੜਿਆਂ ਦਾ ਬਾਜ਼ਾਰ ਹੁਣ ਹੋਰ ਗਰਮ ਹੋ ਗਿਆ ਹੈ। ਲੋਕ ਦੁਕਾਨਾਂ ਅਤੇ ਘਰਾਂ ਵਿਚ ਅੱਗ ਬਾਲ ਕੇ ਠੰਡ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਾਵਰ ਸੈਕਟਰ ਵਿਚ ਧੁੰਦ ਕਾਰਨ ਟ੍ਰਿਪਿੰਗ ਵਧ ਗਈ ਹੈ, ਜੋਕਿ ਪਾਵਰਕਾਮ ਲਈ ਇਕ ਚੁਣੌਤੀ ਹੈ। ਤਰੇਲ ਦੀਆਂ ਬੂੰਦਾਂ ਸ਼ਾਰਟ ਸਰਕਟ ਦਾ ਕਾਰਨ ਬਣ ਰਹੀਆਂ ਹਨ। ਇਸ ਦੇ ਨਾਲ ਹੀ ਏਅਰ ਕੁਆਲਿਟੀ ਇੰਡੈਕਸ ’ਚ ਵੀ ਕੋਈ ਸੁਧਾਰ ਨਹੀਂ ਹੋ ਰਿਹਾ। ਦਿਨ ਦੇ ਸਮੇਂ 152 ਤੋਂ ਪਾਰ ਅਤੇ ਸ਼ਾਮ 7 ਵਜੇ ਦੇ ਲਗਭਗ 182 ਸੀ। ਇਸ ਤੋਂ ਸਾਫ਼ ਹੈ ਕਿ ਲੋਕ ਕੂੜੇ ਨੂੰ ਅੱਗ ਲਾਉਣ ਤੋਂ ਬਾਜ਼ ਨਹੀਂ ਆ ਰਹੇ ਅਤੇ ਟੁੱਟੀਆਂ ਸੜਕਾਂ ਵੀ ਇਸ ਦਾ ਮੁੱਖ ਕਾਰਨ ਹਨ।

ਮੌਸਮ ਵਿਭਾਗ ਦੀ ਐਡਵਾਈਜ਼ਰੀ
-ਜੇਕਰ ਤੁਹਾਨੂੰ ਕੰਬਣੀ ਛਿੜੇ ਤਾਂ ਤੁਰੰਤ ਡਾਕਟਰ ਨੂੰ ਵਿਖਾਓ, ਕਿਉਂਕਿ ਸਰੀਰ ਦਾ ਤਾਪਮਾਨ ਘਟ ਰਿਹਾ ਹੈ।
-ਕਿਸਾਨਾਂ ਵੱਲੋਂ ਫਸਲਾਂ ਦੀ ਬਿਜਾਈ ’ਤੇ ਅਸਰ ਪੈ ਸਕਦਾ ਹੈ।
-ਰੋਜ਼ਾਨਾ ਆਪਣੇ ਸਰੀਰ ’ਤੇ ਤੇਲ ਅਤੇ ਕਰੀਮ ਲਾਓ।
-ਵਿਟਾਮਿਨ-ਸੀ ਅਤੇ ਹਰੀਆਂ ਸਬਜ਼ੀਆਂ ਖਾਓ, ਖੂਬ ਪਾਣੀ ਪੀਓ ਤਾਂ ਜੋ ਇਮਿਊਨਿਟੀ ਸਹੀ ਬਣੀ ਰਹੇ।
-ਬੱਚਿਆਂ ਨੂੰ ਬਿਨਾਂ ਵਜ੍ਹਾ ਘਰੋਂ ਬਾਹਰ ਨਾ ਨਿਕਲਣ ਦਿਓ।
-ਗਿੱਲੇ ਕੱਪੜੇ ਨਾ ਪਾਓ।
-ਠੰਡ ਕਾਰਨ ਸਰੀਰ ਦੇ ਜਿਸ ਹਿੱਸੇ ’ਤੇ ਖਾਰਿਸ਼ ਹੋ ਰਹੀ ਹੈ, ਨੂੰ ਵਾਰ-ਵਾਰ ਨਾ ਰਗੜੋ।
-ਜੇਕਰ ਸਰੀਰ ਦਾ ਕੋਈ ਹਿੱਸਾ ਕਾਲਾ ਹੋ ਰਿਹਾ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ।
-ਘਰਾਂ, ਦੁਕਾਨਾਂ ਅਤੇ ਇਮਾਰਤਾਂ ਦੀ ਵੈਂਟੀਲੇਸ਼ਨ ਸਹੀ ਰੱਖੋ, ਜ਼ਿਆਦਾ ਹੀਟ ਵੀ ਸਹੀ ਨਹੀਂ ਹੈ।
-ਇਲੈਕਟ੍ਰੀਕਲ ਹੀਟਰ ਅਤੇ ਗੀਜ਼ਰ ਦੀ ਵਰਤੋਂ ਸਾਵਧਾਨੀ ਨਾਲ ਕਰੋ।
-ਡਰਾਈਵਿੰਗ ਕਰਨ ਸਮੇਂ ਫੌਗ ਲਾਈਟਾਂ ਦੀ ਵਰਤੋਂ ਕਰੋ।
-ਰੇਲਵੇ ਅਤੇ ਏਅਰਲਾਈਨ ਦੇ ਸ਼ਡਿਊਲ ਨੂੰ ਚੈੱਕ ਕਰਦੇ ਰਹੋ, ਜਿਨ੍ਹਾਂ ਨੇ ਸਫ਼ਰ ਕਰਨਾ ਹੈ।

ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਖ਼ਬਰ ਨੇ ਪਰਿਵਾਰ 'ਚ ਪੁਆਏ ਵੈਣ, ਲੋਹੀਆਂ ਖ਼ਾਸ ਦੇ ਨੌਜਵਾਨ ਦੀ ਕੈਨੇਡਾ 'ਚ ਸ਼ੱਕੀ ਹਾਲਾਤ 'ਚ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News