ਪ੍ਰਮੁੱਖ ਦੇਸ਼ਾਂ ਵਲੋਂ ਸਟੱਡੀ ਵੀਜ਼ਾ ਬੰਦ ਹੋਣ ਨਾਲ ਆਈਲੈਟਸ ਸੈਂਟਰਾਂ ਦੇ ਕਾਰੋਬਾਰ  ''ਚ ਆਈ ਭਾਰੀ ਗਿਰਾਵਟ

09/29/2017 3:02:11 AM

ਕਪੂਰਥਲਾ, (ਭੂਸ਼ਣ)- ਬੀਤੇ ਕੁਝ ਮਹੀਨਿਆਂ ਤੋਂ ਕੈਨੇਡਾ ਸਮੇਤ ਵੱਖ-ਵੱਖ ਦੇਸ਼ਾਂ ਦੇ ਦੂਤਘਰਾਂ ਵੱਲੋਂ ਸਟੱਡੀ ਵੀਜ਼ਾ ਨੂੰ ਲੈ ਕੇ ਕੀਤੀ ਗਈ ਭਾਰੀ ਸਖਤੀ ਨੇ ਜਿਥੇ ਇਮੀਗ੍ਰੇਸ਼ਨ ਕਾਰੋਬਾਰ 'ਤੇ ਕਾਫ਼ੀ ਬੁਰਾ ਪ੍ਰਭਾਵ ਪਾਇਆ ਹੈ, ਉਥੇ ਹੀ ਇਸ ਵੀਜ਼ੇ ਦੇ ਲਗਭਗ ਬੰਦ ਹੋਣ ਨਾਲ ਆਈਲੈਟਸ ਸੈਂਟਰਾਂ ਦੇ ਕਾਰੋਬਾਰ 'ਤੇ ਇੰਨਾ ਉਲਟ ਅਸਰ ਦੇਖਣ ਨੂੰ ਮਿਲਿਆ ਹੈ ਕਿ ਇਸ ਦੇ ਸਿੱਟੇ ਵਜੋਂ ਫਗਵਾੜਾ 'ਚ ਇਕ ਆਈਲੈਟਸ ਸੈਂਟਰ ਦੇ ਮਾਲਕ ਨੂੰ ਖੁਦਕੁਸ਼ੀ ਲਈ ਮਜਬੂਰ ਹੋਣਾ ਪਿਆ।   
ਸਟੱਡੀ ਵੀਜ਼ਾ 'ਚ ਆਏ ਬੂਮ ਨੇ ਰਾਤੋ-ਰਾਤ ਕਰੋੜਪਤੀ ਬਣਾਏ ਸਨ ਕਈ ਵੀਜ਼ਾ ਸੰਚਾਲਕ 
90 ਦੇ ਦਹਾਕੇ ਦੇ ਅੰਤ 'ਚ ਆਸਟ੍ਰੇਲੀਆ ਤੇ ਨਿਊਜੀਲੈਂਡ ਵਰਗੇ ਦੇਸ਼ਾਂ ਵਲੋਂ ਸਟੱਡੀ ਵੀਜ਼ਾ ਨਿਯਮਾਂ 'ਚ ਲਿਆਂਦੀ ਗਈ ਭਾਰੀ ਨਰਮੀ ਦੇ ਕਾਰਨ ਰਾਤੋ-ਰਾਤ ਅਜਿਹੇ ਵੀਜ਼ਾ ਸੰਚਾਲਕ ਜਿਥੇ ਕਰੋੜਪਤੀ ਬਣ ਗਏ, ਜੋ ਪਹਿਲਾਂ ਕਦੇ ਛੋਟੇ-ਮੋਟੇ ਕਾਰੋਬਾਰ ਚਲਾ ਕੇ ਆਪਣੀ ਰੋਜ਼ੀ-ਰੋਟੀ ਕਮਾ ਰਹੇ ਸਨ, ਉਥੇ ਹੀ ਇਸ ਵੀਜ਼ੇ ਦੀ ਬੂਮ ਦੇ ਦੌਰਾਨ ਹਜ਼ਾਰਾਂ ਵਿਦਿਆਰਥੀ ਆਸਟ੍ਰੇਲੀਆ ਅਤੇ ਨਿਊਜੀਲੈਂਡ ਪਹੁੰਚ ਕੇ ਕੁੱਝ ਹੀ ਸਾਲਾਂ 'ਚ ਉਥੋਂ ਦੇ ਨਾਗਰਿਕ ਬਣ ਗਏ। ਜਿਸਦੇ ਬਾਅਦ ਕੈਨੇਡਾ ਤੇ ਇੰਗਲੈਂਡ ਵਲੋਂ ਸਟੱਡੀ ਵੀਜ਼ਾ ਨਿਯਮਾਂ 'ਚ ਦਿੱਤੀ ਗਈ ਢਿੱਲ ਦੇ ਦੌਰਾਨ ਵੀ ਸੰਚਾਲਕਾਂ ਦੀ ਚਾਂਦੀ ਹੋ ਗਈ ਸੀ। ਜਿਸ ਦੇ ਬਾਅਦ ਇੰਗਲੈਂਡ ਦੇ ਸਟੱਡੀ ਵੀਜ਼ਾ 'ਚ ਤਾਂ ਸਖਤੀ ਆ ਗਈ ਪਰ ਸਾਲ 2016 ਤੱਕ ਕੈਨੇਡਾ, ਆਸਟ੍ਰੇਲੀਆ ਤੇ ਨਿਊਜੀਲੈਂਡ ਦਾ ਇਹ ਸਿਸਟਮ ਆਸਾਨੀ ਨਾਲ ਚੱਲਦਾ ਰਿਹਾ, ਜਿਸਦੇ ਕਾਰਨ ਸੰਚਾਲਕਾਂ ਤੇ ਆਈਲੈਟਸ ਸੈਂਟਰਾਂ 'ਚ ਵਿਦਿਆਰਥੀਆਂ ਦੀ ਭੀੜ ਲਗਾਤਾਰ ਵੱਧਦੀ ਰਹੀ । 
ਪਰ ਇਸ ਦੌਰਾਨ ਸਾਲ 2016 ਦੇ ਵਿਚਕਾਰ 'ਚ ਆਸਟ੍ਰੇਲੀਆ ਅਤੇ ਨਿਊਜੀਲੈਂਡ ਦਾ ਵੀਜ਼ਾ ਲਗਭਗ ਬੰਦ ਹੋਣ ਨਾਲ ਇਸ ਦੇ ਸੰਚਾਲਕ ਕੈਨੇਡਾ ਦਾ ਸਟੱਡੀ ਵੀਜ਼ਾ ਕਰਦੇ ਰਹੇ ਪਰ ਹੁਣ ਬੀਤੇ 3 ਮਹੀਨਿਆਂ ਤੋਂ ਕੈਨੇਡਾ 'ਚ ਇਸ ਕਦਰ ਸਖਤੀ ਦੇਖਣ ਨੂੰ ਮਿਲ ਰਹੀ ਹੈ ਕਿ 90 ਫ਼ੀਸਦੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਸਬੰਧਤ ਦੂਤਘਰਾਂ ਵੱਲੋਂ ਰਿਫਿਊਜ਼ ਕੀਤੇ ਜਾਣ ਨਾਲ ਇਸ ਦੇ ਕਾਰੋਬਾਰ 'ਚ ਜਿਥੇ ਭਿਆਨਕ ਮੰਦੀ ਆ ਗਈ ਹੈ, ਉਥੇ ਹੀ ਆਈਲੈਟਸ ਸੈਟਰਾਂ ਨੂੰ ਵੀ ਭਾਰੀ ਮੁਸ਼ਕਿਲਾਂ ਆ ਗਈਆਂ ਹਨ।  


Related News