ਖੁਦ ਹੀ ਬੀਮਾਰ ਹੈ ਸਿਵਲ ਹਸਪਤਾਲ; ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ

Thursday, Feb 01, 2018 - 05:11 AM (IST)

ਖੁਦ ਹੀ ਬੀਮਾਰ ਹੈ ਸਿਵਲ ਹਸਪਤਾਲ; ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ

ਹੁਸ਼ਿਆਰਪੁਰ, (ਘੁੰਮਣ)- ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਫੈਲੀ ਗੰਦਗੀ, ਥਾਂ-ਥਾਂ 'ਤੇ ਲੱਗੇ ਕੂੜਾ-ਕਰਕਟ ਦੇ ਢੇਰ, ਪਲਾਸਟਿਕ ਦੇ ਲਿਫਾਫੇ, ਘੁੰਮ ਰਹੇ ਆਵਾਰਾ ਪਸ਼ੂ ਤੇ ਖਿੱਲਰੇ ਬਾਇਓ ਮੈਡੀਕਲ ਵੇਸਟ ਵੱਲ ਹਸਪਤਾਲ ਦੇ ਅਧਿਕਾਰੀ ਤੇ ਸਿਵਲ ਸਰਜਨ ਕੋਈ ਧਿਆਨ ਨਹੀਂ ਦੇ ਰਹੇ। 
ਇਹ ਜਾਣਕਾਰੀ ਦਿੰਦਿਆਂ ਹੈਲਥ ਕੇਅਰ ਮੂਵਮੈਂਟ ਪੰਜਾਬ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਜਨਰਲ ਸਕੱਤਰ ਜਸਵਿੰਦਰ ਬੰਬੇਲੀ ਤੇ ਕਸ਼ਮੀਰ ਕੌਰ ਕੈਂਡੋਵਾਲ ਨੇ ਕਿਹਾ ਕਿ ਜੇਕਰ ਜ਼ਿਲਾ ਹੈੱਡਕੁਆਰਟਰ  ਸਥਿਤ ਸਿਵਲ ਹਸਪਤਾਲ ਦੀ ਇਹ ਦੁਰਦਸ਼ਾ ਹੈ ਤਾਂ ਕਮਿਊਨਿਟੀ ਹੈਲਥ ਸੈਂਟਰਾਂ ਤੇ ਮੁੱਢਲੇ ਸਿਹਤ ਕੇਂਦਰਾਂ ਦਾ ਕੀ ਹਾਲ ਹੋਵੇਗਾ। 
ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ 'ਚ ਫੈਲੀ ਗੰਦਗੀ ਸਬੰਧੀ ਪੰਜਾਬ ਰਾਜ ਮਨੁੱਖੀ ਅਧਿਕਾਰ ਸੰਗਠਨ ਤੇ ਪੰਜਾਬ ਦੀ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਦੀ ਪ੍ਰਧਾਨ ਸਕੱਤਰ ਨੂੰ ਵੀ ਸ਼ਿਕਾਇਤਾਂ ਭੇਜੀਆਂ ਗਈਆਂ ਸਨ ਪਰ ਇਸ ਦੇ ਬਾਵਜੂਦ ਸਥਿਤੀ ਸੁਧਾਰਨ ਵੱਲ ਕੋਈ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਕਿ ਹਸਪਤਾਲ 'ਚ ਫੈਲੀ ਗੰਦਗੀ ਇੰਡੀਅਨ ਪਬਲਿਕ ਹੈਲਥ ਸਟੈਂਡਰਡ ਗਾਈਡ ਲਾਈਨਜ਼ ਦੀ ਪੂਰੀ ਤਰ੍ਹਾਂ ਉਲੰਘਣਾ ਹੈ। 
ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੀ ਸਥਿਤੀ ਸਬੰਧੀ ਪੰਜਾਬ ਦੇ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਬ੍ਰਹਮ ਮਹਿੰਦਰਾ ਅਤੇ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਦੀ ਡਾਇਰੈਕਟਰ ਡਾ. ਜਸਪਾਲ ਕੌਰ ਅਤੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੂੰ ਵੀ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਵਲ ਹਸਪਤਾਲ ਦੀ ਦਸ਼ਾ ਸੁਧਾਰਨ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਹੋਰਨਾਂ ਐੱਨ. ਜੀ. ਓਜ਼ ਨਾਲ ਮਿਲ ਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। 


Related News