ਸੂਰਜ ਡੁਬਦੇ ਹੀ ਸੀ. ਐੱਮ. ਸਿਟੀ ’ਚ ਛਾ ਜਾਂਦੈ ਘੁੱਪ ਹਨੇਰਾ
Tuesday, Jul 31, 2018 - 05:26 AM (IST)

ਪਟਿਆਲਾ, (ਬਲਜਿੰਦਰ, ਰਾਣਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਸ਼ਹਿਰ ’ਚ ਸੂਰਜ ਡੁਬਦੇ ਹੀ ਘੁੱਪ ਹਨੇਰਾ ਛਾ ਜਾਂਦਾ ਹੈ। ਸ਼ਹਿਰ ਦੇ ਅੰਦਰੂਨੀ ਹਿੱਸਿਅਾਂ ਵਿਚ ਹੀ ਨਹੀਂ ਸਗੋਂ ਮੁੱਖ ਸੜਕਾਂ ਅਤੇ ਚੌਕਾਂ ’ਚ ਹਨੇਰਾ ਪਸਰ ਜਾਂਦਾ ਹੈ। ਇਹ ਹਨੇਰਾ ਕੋਈ ਇਕ-ਦੋ ਦਿਨ ਨਹੀਂ, ਸਗੋਂ ਪਿਛਲੇ ਕਈ ਹਫਤਿਆਂ ਤੋਂ ਛਾਇਆ ਹੋਇਆ ਹੈ। ਨਗਰ ਨਿਗਮ ਵਿਚ ਰੋਜ਼ਾਨਾ ਇਸ ਸਬੰਧੀ ਕਈ ਸ਼ਿਕਾਇਤਾਂ ਪਹੁੰਚ ਰਹੀਆਂ ਹਨ ਪਰ ਕੋਈ ਹੱਲ ਨਹੀਂ ਹੋ ਰਿਹਾ। ਜੇਕਰ ਸੀ. ਐੱਮ. ਸਿਟੀ ਦੀਅਾਂ ਸਟਰੀਟ ਲਾਈਟਾਂ ਦਾ ਇਹ ਹਾਲ ਹੈ ਤਾਂ ਫਿਰ ਬਾਕੀ ਦੇ ਸ਼ਹਿਰ ਦਾ ਕੀ ਹਾਲ ਹੋਵੇਗਾ? ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਸ਼ਹਿਰ ਵਿਚ ਵਿਕਾਸ ਦੇ ਚੱਲ ਰਹੇ ਕੰਮਾਂ ਦੀ ਚਰਚਾ ਹਰੇਕ ਜ਼ੁਬਾਨ ’ਤੇ ਹੈ। ਜੋ ਹਾਲ ਇਨ੍ਹੀਂ ਦਿਨੀਂ ਸਟਰੀਟ ਲਾਈਟਾਂ ਦਾ ਹੋਇਆ ਪਿਆ ਹੈ, ਉਸ ਤੋਂ ਹਰ ਸ਼ਹਿਰੀ ਪਰੇਸ਼ਾਨ ਹੈ।
ਨਿਗਮ ਅਧਿਕਾਰੀ ਮਜਬੂਰ
ਕੰਪਨੀ ਕੋਲ ਜ਼ਿਆਦਾ ਕੰਮ ਹੋਣ ਕਾਰਨ ਜੇਕਰ ਕੋਈ ਕੰਪਲੇਂਟ ਆਉਂਦੀ ਹੈ ਤਾਂ ਸਿਰਫ ਦਿੱਤੇ ਗਏ ਪੋਰਟਲ ’ਤੇ ਪਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਵਾਰ-ਵਾਰ ਸ਼ਿਕਾਇਤ ਦਰਜ ਕਰਵਾਉਣ ਨਾਲ ਵੀ ਕੋਈ ਹੱਲ ਨਹੀਂ ਹੋ ਰਿਹਾ। ਕਈ ਵਾਰ ਨਿਗਮ ਅਧਿਕਾਰੀ ਵੀ ਮਜਬੂਰ ਨਜ਼ਰ ਆਉਂਦੇ ਹਨ।
ਕਿਹਡ਼ੇ ਇਲਾਕਿਆਂ ’ਚ ਛਾਇਆ ਰਹਿੰਦਾ ਹਨੇਰਾ
‘ਜਗ ਬਾਣੀ’ ਟੀਮ ਵੱਲੋਂ ਲੋਕਾਂ ਦੀਆਂ ਵਾਰ-ਵਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਅਾਧਾਰ ’ਤੇ ਜਦੋਂ ਸ਼ਨੀਵਾਰ ਰਾਤ ਸ਼ਹਿਰ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਰਜਬਾਹਾ ਰੋਡ, ਬਾਰਾਂਦਰੀ ਗਾਰਡਨ, ਫੁਹਾਰਾ ਚੌਕ, ਸੇਵਾ ਸਿੰਘ ਠੀਕਰੀਵਾਲਾ ਚੌਕ ਤੇ ਥਾਪਰ ਕਾਲਜ ਤੋਂ ਭਾਖਡ਼ਾ ਨਹਿਰ ਤੱਕ ਅੱਧੀਆਂ ਲਾਈਟਾਂ ਜਗਦੀਆਂ ਸਨ। ਲੋਅਰ ਮਾਲ ’ਤੇ ਜ਼ਿਆਦਾਤਰ ਸਟਰੀਟ ਲਾਈਟਾਂ ਬੰਦ ਸਨ। ਸਭ ਤੋਂ ਹੈਰਾਨ ਕਰਨ ਵਾਲੀ ਇਹ ਹੈ ਕਿ ਮੁੱਖ ਮੰਤਰੀ ਨਿਵਾਸੀ ਨਿਊ ਮੋਤੀ ਮਹਿਲ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਘਰ ਨੂੰ ਜਾ ਰਹੇ ਅੱਪਰ ਮਾਲ ’ਤੇ ਵੀ ਹਨੇਰਾ ਹੀ ਹਨੇਰਾ ਸੀ। ਅਪਰ ਮਾਲ ’ਤੇ ਸੇਵਾ ਸਿੰਘ ਠੀਕਰੀਵਾਲਾ ਚੌਕ ਤੋਂ ਪੋਲੋ ਗਰਾਊਂਡ ਤੱਕ ਦੀਆਂ ਲਾਈਟਾਂ ਵਿਚੋਂ ਜ਼ਿਆਦਾਤਰ ਨਹੀਂ ਜਗ ਰਹੀਆਂ ਹਨ। ਲੋਅਰ ਮਾਲ ’ਤੇ ਫੁਹਾਰਾ ਚੌਕ ਤੋਂ ਲੈ ਕੇ ਰਾਘੋਮਾਜਰਾ ਤੱਕ ਹਾਲਾਤ ਵੀ ਕੁਝ ਅਜਿਹੇ ਹੀ ਸਨ।
ਸ਼ਹਿਰ ’ਚ ਸਟਰੀਟ ਲਾਈਟਾਂ ਦੇ 34 ਹਜ਼ਾਰ ਪੁਆਇੰਟ
ਨਗਰ ਨਿਗਮ ਅਧੀਨ ਪੈਂਦੇ ਖੇਤਰ ਵਿਚ ਸਟਰੀਟ ਲਾਈਟਾਂ ਦੇ ਕੁੱਲ 34 ਹਜ਼ਾਰ ਪੁਆਇੰਟ ਹਨ। ਸ਼ਹਿਰ ਵਿਚ ਇਕ ਕੰਪਨੀ ਵੱਲੋਂ ਬੀ. ਓ. ਟੀ. ਬੇਸਿਸ ’ਤੇ ਸ਼ਹਿਰ ਦੀਆਂ ਪੁਰਾਣੀਆਂ ਲਾਈਟਾਂ ਉਤਾਰ ਕੇ ਐੈੱਲ. ਈ. ਡੀ. ਲਾਈਟਾਂ ਲਵਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਵਿਚ 34 ਹਜ਼ਾਰ ਵਿਚੋਂ ਕੁੱਲ 28 ਹਜ਼ਾਰ ਪੁਆਇੰਟ ਬਦਲ ਕੇ ਉਨ੍ਹਾਂ ਦੀ ਥਾਂ ਐੈੱਲ. ਈ. ਡੀ. ਲਾਈਟਾਂ ਲਾਈਆਂ ਜਾਣੀਆਂ ਹਨ। ਇਨ੍ਹਾਂ ਵਿਚੋਂ 22 ਹਜ਼ਾਰ ਲਾ ਵੀ ਦਿੱਤੀਅਾਂ ਗਈਆਂ ਹਨ। ਜ਼ਿਆਦਾਤਰ ਚੱਲ ਹੀ ਨਹੀਂ ਰਹੀਆਂ ਹਨ। ਜੇਕਰ ਪਹਿਲੇ 2 ਘੰਟੇ ਚੱਲ ਜਾਂਦੀਆਂ ਹਨ ਤਾਂ ਰਾਤ ਨੂੰ ਬੰਦ ਹੋ ਜਾਂਦੀਆਂ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਾਹਰੀ ਕਾਲੋਨੀਆਂ ਵਿਚ ਰਹਿਣ ਵਾਲੇ ਅਤੇ ਰਾਤ ਨੂੰ ਸ਼ਹਿਰ ਦੀਆਂ ਪ੍ਰਮੁੱਖ ਸਡ਼ਕਾਂ ’ਤੇ ਘੁੰਮਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਟਰੀਟ ਲਾਈਟਾਂ ਦਾ ਬਿੱਲ 40 ਲੱਖ ਰੁਪਏ
ਨਗਰ ਨਿਗਮ ਵੱਲੋਂ ਸ਼ਹਿਰ ਵਿਚੋਂ ਮਰਕਰੀ ਅਤੇ ਹੋਰ ਸਟਰੀਟ ਲਾਈਟ ਉਤਾਰ ਕੇ ਐੈੱਲ. ਈ. ਡੀ. ਲਾਈਟਾਂ ਲਾਉਣ ਪਿੱਛੇ ਸਭ ਤੋਂ ਵੱਡਾ ਕਾਰਨ ਬਿਜਲੀ ਦੀ ਬੱਚਤ ਕਰਨਾ ਹੈ। ਇਸ ਸਮੇਂ ਨਗਰ ਨਿਗਮ ਦਾ ਬਿਜਲੀ ਦਾ ਸਟਰੀਟ ਲਾਈਟਾਂ ਦਾ ਬਿੱਲ 40 ਲੱਖ ਰੁਪਏ ਦੇ ਕਰੀਬ ਆਉਂਦਾ ਹੈ। ਇਸ ਬਿੱਲ ਤੋਂ ਰਾਹਤ ਪਾਉਣ ਲਈ ਸ਼ਹਿਰ ਵਿਚ ਐੈੱਲ. ਈ. ਡੀ. ਲਾਈਟਾਂ ਲਾਈਆਂ ਹਨ।
ਸ਼ਹਿਰ ਦੇ ਪ੍ਰਮੁੱਖ ਚੌਕਾਂ ਦੇ ਸੀ. ਸੀ. ਟੀ. ਵੀ. ਕੈਮਰੇ ਖਰਾਬ
ਪਹਿਲਾਂ ਸ਼ਹਿਰ ਦੇ ਪ੍ਰਮੁੱਖ ਚੌਕਾਂ ਦੇ ਸੀ. ਸੀ. ਟੀ. ਵੀ. ਕੈਮਰੇ ਖਰਾਬ ਹਨ। ਤਿੰਨ ਸਾਲ ਪਹਿਲਾਂ ਬਡ਼ੇ ਸ਼ੌਕ ਨਾਲ ਲਾਏ ਇਨ੍ਹਾਂ ਕੈਮਰਿਆਂ ਦੀ ਕੋਈ ਸਾਰ ਨਹੀਂ ਲੈ ਰਿਹਾ। ਹੁਣ ਸਟਰੀਟ ਲਾਈਟ ਦਾ ਸਿਸਟਮ ਵੀ ਹਿੱਲ ਗਿਆ ਹੈ। ਇਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਪਰੇਸ਼ਾਨੀਅਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਅੱਜ ਦੇ ਤੇਜ਼ ਰਫਤਾਰ ਜ਼ਮਾਨੇ ਵਿਚ ਸ਼ਹਿਰ ਅਾਧੁਨਿਕ ਹੁੰਦੇ ਜਾ ਰਹੇ ਹਨ ਪਰ ਸੀ. ਐੱਮ. ਸਿਟੀ ਦੀ ਹਾਲਾਤ ਖਰਾਬ ਹੁੰਦੀ ਜਾ ਰਹੀ ਹੈ।
ਐੈੱਲ. ਈ. ਡੀ. ਲਾਈਟਾਂ ਲਾਉਣ ਸਬੰਧੀ ਕੰਪਨੀ ਦਾ ਟੈਂਡਰ ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੋਇਆ ਸੀ। ਸਟਰੀਟ ਲਾਈਟਾਂ ਬੰਦ ਰਹਿਣ ਸਬੰਧੀ ਕਈ ਕੌਂਸਲਰਾਂ ਨੇ ਸ਼ਿਕਾਇਤਾਂ ਕੀਤੀਆਂ ਹਨ। ਜਲਦ ਹੀ ਇਸ ਸਬੰਧੀ ਸਖਤ ਫੈਸਲਾ ਲਿਆ ਜਾਵੇਗਾ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ। –ਸੰਜੀਵ ਸ਼ਰਮਾ ਬਿੱਟੂ, ਮੇਅਰ ਨਗਰ ਨਿਗਮ
ਮੇਰੇ ਇਲਾਕੇ ਦੀਆਂ 80 ਫੀਸਦੀ ਲਾਈਟਾਂ ਬੰਦ ਹਨ। ਕਈ ਵਾਰ ਕੰਪਨੀ ਵਾਲਿਆਂ ਫੋਨ ਕੀਤਾ ਪਰ ਉਹ ਕੋਈ ਸੁਣਵਾਈ ਨਹੀਂ ਕਰ ਰਹੇ। ਨਿਗਮ ਦੇ ਬਿਜਲੀ ਬ੍ਰਾਂਚ ਦੇ ਕਰਮਚਾਰੀ ਜਦੋਂ ਖੁਦ ਲਾਈਟਾਂ ਦਾ ਕੰਮ ਦੇਖਦੇ ਸਨ ਤਾਂ ਉਦੋਂ ਕੰਮ ਠੀਕ ਚਲਦਾ ਸੀ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਹੁੰਦਾ ਸੀ। ਜਿਸ ਕੰਪਨੀ ਕੋਲ ਹੁਣ ਠੇਕਾ ਹੈ, ਉਸ ਦਾ ਕੰਮ ਤਸੱਲੀਬਖਸ਼ ਨਹੀਂ। ਮੈਂ ਇਸ ਸਬੰਧੀ ਮੇਅਰ ਅਤੇ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਕੰਪਨੀ ਖਿਲਾਫ ਐਕਸ਼ਨ ਲਿਆ ਜਾਵੇ।
–ਵਰਸ਼ਾ ਕਪੂਰ, ਕੌਂਸਲਰ