ਮਸੀਹੀ ਭਾਈਚਾਰੇ ਨੇ ਐਤਵਾਰ ਨੂੰ ਲਾਗੂ ਤਾਲਾਬੰਦੀ ਦੀ ਸਖ਼ਤ ਸ਼ਬਦਾਂ 'ਚ ਕੀਤੀ ਨਿਖੇਧੀ
Saturday, Jun 13, 2020 - 03:36 PM (IST)
ਟਾਂਡਾਉੜਮੁੜ(ਮੋਮੀ) - ਪਾਸਟਰ ਵੈੱਲਫੇਅਰ ਐਸੋਸੀਏਸ਼ਨ ਅਤੇ ਨੈਸ਼ਨਲ ਕ੍ਰਿਸਚੀਅਨ ਫਰੰਟ ਦੀ ਇੱਕ ਵਿਸ਼ੇਸ਼ ਮੀਟਿੰਗ ਟਾਂਡਾ ਵਿਖੇ ਹੋਈ। ਨੈਸ਼ਨਲ ਕ੍ਰਿਸ਼ਨ ਫਰੰਟ ਦੇ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕ੍ਰਿਸ਼ਨ ਫਰੰਟ ਦੇ ਬਲਾਕ ਪ੍ਰਧਾਨ ਪਰਮਜੀਤ ਪੰਮਾ ਅਤੇ ਪਾਸਟਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਤੀਰਥ ਗਿੱਲ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਦੌਰਾਨ ਪਾਸਟਰ ਸਾਹਿਬਾਨ ਅਤੇ ਮਸੀਹੀ ਭਾਈਚਾਰੇ ਦੇ ਲੋਕਾਂ ਨੇ ਭਾਗ ਲਿਆ। ਮੀਟਿੰਗ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਪ੍ਰਾਰਥਨਾ ਕਰਨ ਉਪਰੰਤ ਕੀਤੀ ਗਈ। ਇਸ ਮੌਕੇ ਹਾਜ਼ਰ ਪ੍ਰਧਾਨ ਪਾਸਟਰ ਤੀਰਥ ਗਿੱਲ ਅਤੇ ਬਲਾਕ ਪ੍ਰਧਾਨ ਪਰਮਜੀਤ ਪੰਮਾ ਨੇ ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਲਾਗੂ ਕੀਤੀ ਗਈ ਤਾਲਾਬੰਦੀ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਇਸ ਦਿਨ ਹੀ ਮਸੀਹੀ ਚਰਚ ਖੁੱਲ੍ਹੇ ਹੁੰਦੇ ਹਨ ਅਤੇ ਸਰਕਾਰ ਨੇ ਐਤਵਾਰ ਲਾਕ ਡਾਉਨ ਕਰਕੇ ਮਸੀਹੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਨੇ ਤਾਲਾਬੰਦੀ ਕਰਨੀ ਹੈ ਤਾਂ ਸੰਪੂਰਨ ਤੌਰ 'ਤੇ ਕਰੇ। ਐਤਵਾਰ ਕੋਰੋਨਾ ਵਾਇਰਸ ਰੁਕ ਨਹੀਂ ਜਾਵੇਗਾ। ਇਸ ਲਈ ਤਾਲਾਬੰਦੀ ਐਤਵਾਰ ਹੀ ਕਿਉਂ ? ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮਸੀਹੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਆਪਣਾ ਇਹ ਫੈਸਲਾ ਵਾਪਸ ਨਾ ਲਿਆ ਤਾਂ ਭਾਈਚਾਰੇ ਵੱਲੋਂ ਸੰਘਰਸ਼ ਕੀਤਾ ਜਾਵੇਗਾ। ਮੀਟਿੰਗ ਦੌਰਾਨ ਪਾਸਟਰ ਮੁਬਾਰਕ ਮਸੀਹ,ਪ੍ਰਧਾਨ ਪਰਮਜੀਤ ਪੰਮਾ,ਪਾਸਟਰ ਬਲਵੰਤ ਵਿਜੇ,ਪਾਸਟਰ ਨਥਾਨੀਅਲ ਮਸੀਹ,ਪਾਸਟਰ ਜੌਨ ਗਿੱਲ,ਡਾ.ਅਯੂਬ ਮਸੀਹ ਪਾਸਟਰ ਜੇਮਸ ਮਸੀਹ,ਪਾਸਟਰ ਰਾਹੁਲ,ਪਾਸਟਰ ਵਿਜੇ ਨੰਦਾ,ਪਾਸਟਰ ਤਰਸੇਮ ਮਸੀਹ,ਜੋਗਿੰਦਰਪਾਲ, ਬਲਵਿੰਦਰ ਮਸੀਹ ਅਤੇ ਪਾਸਟਰ ਬਲਕਾਰ ਮਸੀਹ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਹੀ ਜੀਜਸ ਕ੍ਰਾਈਸਟ ਨਿਊ ਲਾਈਫ ਚਰਚ ਵੈੱਲਫੇਅਰ ਸੁਸਾਇਟੀ ਜਾਜਾ ਦੇ ਮੁਖੀ ਪ੍ਰਚਾਰਕ ਪਾਸਟਰ ਲਖਵਿੰਦਰ ਮਸੀਹ ਮੱਟੂ ਨੇ ਜਾਰੀ ਪ੍ਰੈੱਸ ਬਿਆਨ ਰਾਹੀਂ ਪੰਜਾਬ ਸਰਕਾਰ ਦੇ ਐਤਵਾਰ ਦੇ ਲਾਕਡਾਉਨ ਅਤੇ ਲੋਕਾਂ ਦੇ ਘਰੋਂ ਬਾਹਰ ਆਉਣ 'ਤੇ ਲਗਾਈ ਗਈ ਪਾਬੰਦੀ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ।