ਮੁੱਖ ਮੰਤਰੀ ਵੱਲੋਂ ਵਿਰੋਧੀ ਧਿਰ ਨੂੰ ਅਪੀਲ : ''ਸਿਰਫ ਆਲੋਚਨਾ ਕਰਨ ਲਈ ਹੀ ਆਲੋਚਨਾ ਨਾ ਕਰੋ''

11/21/2017 12:35:59 AM

ਚੰਡੀਗੜ੍ਹ  (ਪਰਾਸ਼ਰ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਵੇਂ ਸਿਹਤਮੰਦ ਆਲੋਚਨਾ ਦਾ ਖਿੜੇ-ਮੱਥੇ ਸਵਾਗਤ ਕਰਦੀ ਹੈ ਪਰ ਇਸ ਦੇ ਨਾਲ ਵਿਰੋਧੀ ਧਿਰ ਨੂੰ ਵੀ ਸਿਰਫ ਆਲੋਚਨਾ ਕਰਨ ਦੀ ਖਾਤਰ ਹੀ ਸਰਕਾਰ ਦੀ ਆਲੋਚਨਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 15ਵੀਂ ਵਿਧਾਨ ਸਭਾ ਦੇ ਸਮੂਹ ਵਿਧਾਇਕਾਂ ਨੂੰ ਪਵਿੱਤਰ ਸਦਨ ਦੇ ਵਿਧਾਨਕ ਕੰਮਕਾਜ ਦੇ ਬੁਨਿਆਦੀ ਸਦਾਚਾਰ ਤੇ ਸ਼ਿਸ਼ਟਾਚਾਰ ਨੂੰ ਅਪਣਾਉਣਾ ਚਾਹੀਦਾ ਹੈ।
ਅੱਜ ਇਥੇ ਪੰਜਾਬ ਵਿਧਾਨ ਸਭਾ ਵੱਲੋਂ ਮਹਾਤਮਾ ਗਾਂਧੀ ਲੋਕ ਪ੍ਰਸ਼ਾਸਨ ਸੰਸਥਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 2 ਰੋਜ਼ਾ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਦੇ ਪਹਿਲੇ ਦਿਨ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਵਡੇਰੇ ਜਨਤਕ ਹਿੱਤ 'ਚ ਉਸਾਰੂ ਅਤੇ ਹਾਂ-ਪੱਖੀ ਭੂਮਿਕਾ ਅਦਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਉਸਾਰੂ ਆਲੋਚਨਾ ਲੋਕ-ਪੱਖੀ ਉਪਰਾਲਿਆਂ ਨੂੰ ਪ੍ਰਭਾਵੀ ਢੰਗ ਨਾਲ ਅਮਲ ਵਿਚ ਲਿਆਉਣ ਲਈ ਸਾਰਥਕ ਨਤੀਜੇ ਕੱਢਣ 'ਚ ਸਹਾਈ ਸਿੱਧ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਮੈਂਬਰਾਂ ਨੂੰ ਸਦਨ ਵਿਚ ਵੱਖ-ਵੱਖ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕਰਨ ਮੌਕੇ ਤੈਅ ਵਿਧਾਨਕ ਪ੍ਰਕਿਰਿਆਵਾਂ, ਸ਼ਿਸ਼ਟਾਚਾਰ, ਰਵਾਇਤਾਂ, ਕਦਰਾਂ-ਕੀਮਤਾਂ ਅਤੇ ਮਰਿਆਦਾ ਦਾ ਪੱਲਾ ਨਹੀਂ ਛੱਡਾ ਚਾਹੀਦਾ। ਉਨ੍ਹਾਂ ਵਿਧਾਇਕਾਂ ਨੂੰ ਪਵਿੱਤਰ ਸਦਨ ਨੂੰ ਉਸ ਦਾ ਬਣਦਾ ਮਾਣ-ਸਤਿਕਾਰ ਦੇਣ ਦਾ ਵੀ ਸੱਦਾ ਦਿੱਤਾ। ਸੂਬੇ ਦੀ ਭਲਾਈ ਲਈ ਸਾਰੇ ਭਾਈਵਾਲਾਂ ਦੇ ਸਹਿਯੋਗ ਨਾਲ ਅੱਗੇ ਵਧਣ 'ਤੇ ਜ਼ੋਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਜ਼ਾਹਿਰ ਕੀਤੀ ਕਿ ਸੱਤਾਧਾਰੀ ਧਿਰ ਦੇ ਮੈਂਬਰਾਂ ਦੇ ਨਾਲ-ਨਾਲ ਵਿਰੋਧੀ ਧਿਰ ਵੀ ਇਸ ਮੌਕੇ ਦਾ ਪੂਰਾ ਫਾਇਦਾ ਉਠਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਸਦਨ ਦੇ ਮੈਂਬਰਾਂ ਨੂੰ ਅਨੁਸ਼ਾਸਨਬੱਧ ਹੋਣ ਅਤੇ ਲੋਕਾਂ ਦੇ ਹਿੱਤ ਵਿਚ ਸਮੇਂ ਦੀ ਢੁੱਕਵੀਂ ਵਰਤੋਂ ਕਿਸ ਤਰ੍ਹਾਂ ਕੀਤੇ ਜਾਣ ਬਾਰੇ ਜਾਣੂ ਹੋਣ ਲਈ ਲਾਭਦਾਇਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਕਦਮ ਵਿਧਾਇਕਾਂ ਨੂੰ ਪ੍ਰਸ਼ਨਕਾਲ, ਸਿਫਰ ਕਾਲ ਦੌਰਾਨ ਆਪਣੇ ਅਧਿਕਾਰਾਂ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਆਮ ਵਿਧਾਨਕ ਕੰਮਕਾਜ ਬਾਰੇ ਵੀ ਜਾਗਰੂਕ ਕਰੇਗਾ। ਮੁੱਖ ਮੰਤਰੀ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਸਦਨ ਦੇ ਨਿਗਰਾਨ ਹੋਣ ਦੇ ਨਾਤੇ ਵਿਧਾਇਕਾਂ ਦੇ ਸਲਾਹ-ਮਸ਼ਵਰੇ ਨਾਲ ਸੈਸ਼ਨ ਦਾ ਏਜੰਡਾ ਉਲੀਕਣ ਤਾਂ ਕਿ ਵਡੇਰੇ ਜਨਤਕ ਹਿੱਤ ਵਿਚ ਵਿਧਾਨਕ ਕੰਮਕਾਜ ਨੂੰ ਹੋਰ ਅਰਥਪੂਰਨ ਬਣਾਇਆ ਜਾ ਸਕੇ।
ਸੰਸਦ ਮੈਂਬਰ ਵਜੋਂ ਆਪਣੇ ਤਜਰਬੇ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੰਸਦ ਮੈਂਬਰਾਂ ਲਈ ਲਗਾਤਾਰ ਸਿਖਲਾਈ ਪ੍ਰੋਗਰਾਮ ਕਰਵਾਉਂਦੇ ਸਨ ਅਤੇ ਉਨ੍ਹਾਂ ਨੂੰ ਯਾਦ ਹੈ ਕਿ ਸੂਰਜਕੁੰਡ 'ਚ ਹੋਏ ਅਜਿਹੇ ਇਕ ਸੈਸ਼ਨ 'ਚ ਉਨ੍ਹਾਂ ਨੇ ਵੀ ਹਿੱਸਾ ਲਿਆ ਸੀ। ਉਨ੍ਹਾਂ ਕਿਹਾ ਕਿ ਇਸ ਤਜਰਬੇ ਤੋਂ ਉਨ੍ਹਾਂ ਨੂੰ ਬਹੁਤ ਫਾਇਦਾ ਹੋਇਆ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਤੇ ਸਦਨ ਦੇ ਨੇਤਾ ਅਤੇ ਸਮੂਹ ਵਿਧਾਇਕਾਂ ਦਾ ਰਸਮੀ ਸਵਾਗਤ ਕਰਦਿਆਂ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਉਪਰਾਲਾ ਵਿੱਢਣ ਦੀ ਤਜਵੀਜ਼ ਪੇਸ਼ ਕੀਤੀ ਗਈ ਸੀ, ਜਿਸ ਦਾ ਉਦੇਸ਼ ਨਵੇਂ ਮੈਂਬਰਾਂ ਨੂੰ ਵਿਧਾਨ ਸਭਾ ਦੀਆਂ ਰਵਾਇਤਾਂ ਅਤੇ ਕੰਮਕਾਜ ਬਾਰੇ ਜਾਣੂ ਕਰਵਾਉਣਾ ਹੈ। ਸਦਨ ਦੇ ਮੈਂਬਰਾਂ ਨੂੰ ਇਸ ਪ੍ਰੋਗਰਾਮ ਦਾ ਭਰਪੂਰ ਲਾਹਾ ਖੱਟਣ ਦਾ ਸੱਦਾ ਦਿੰਦਿਆਂ ਸਪੀਕਰ ਨੇ ਆਖਿਆ ਕਿ ਇਹ ਉਪਰਾਲਾ ਸਦਨ 'ਚ ਸੁਖਾਵਾਂ ਮਾਹੌਲ ਸਿਰਜਣ ਲਈ ਕਾਰਗਰ ਭੂਮਿਕਾ ਅਦਾ ਕਰੇਗਾ।
ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਇਸ ਨਾਲ ਵਿਧਾਨ ਸਭਾ, ਜਿਸ ਨੂੰ ਜਮਹੂਰੀਅਤ ਦਾ ਮਜ਼ਬੂਤ ਥੰਮ੍ਹ ਮੰਨਿਆ ਜਾਂਦਾ ਹੈ, ਦੀਆਂ ਸ਼ਾਨਦਾਰ ਕਦਰਾਂ-ਕੀਮਤਾਂ ਹੋਰ ਮਜ਼ਬੂਤ ਹੋਣਗੀਆਂ।
ਸਮਾਗਮ 'ਚ ਪਹੁੰਚੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਆਖਿਆ ਕਿ ਅਜਿਹੇ ਪ੍ਰੋਗਰਾਮ ਸੰਸਦੀ ਜਮਹੂਰੀਅਤ ਦੀ ਭਾਵਨਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਾਰਗਰ ਸਿੱਧ ਹੁੰਦੇ ਹਨ। ਵਿਧਾਨ ਸਭਾ ਦੇ ਪਿਛਲੇ ਇਜਲਾਸ ਨੂੰ ਚੇਤੇ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਇਜਲਾਸ ਦੌਰਾਨ ਪਹਿਲੀ ਵਾਰ ਚੁਣੇ ਵਿਧਾਇਕਾਂ ਨੇ ਗਲਤ ਢੰਗ ਨਾਲ ਸਦਨ ਨੂੰ ਪਾਰ ਕਰ ਲਿਆ ਸੀ, ਜਿਸ ਕਰਕੇ ਉਨ੍ਹਾਂ ਨੂੰ ਸਦਨ ਦੇ ਸਦਾਚਾਰ ਤੇ ਸ਼ਿਸ਼ਟਾਚਾਰ ਦੀ ਲੋੜੀਂਦੀ ਸਿਖਲਾਈ ਦੇਣੀ ਜ਼ਰੂਰੀ ਸੀ।


Related News