ਸੈਂਟਰਲ ਜੇਲ ’ਚ ਕੈਦੀਆਂ ਤੇ ਹਵਾਲਾਤੀਆਂ ਤੋਂ ਮਿਲ ਰਹੇ ਹਨ ਲਗਾਤਾਰ ਮੋਬਾਇਲ

Sunday, Feb 14, 2021 - 12:23 AM (IST)

ਸੈਂਟਰਲ ਜੇਲ ’ਚ ਕੈਦੀਆਂ ਤੇ ਹਵਾਲਾਤੀਆਂ ਤੋਂ ਮਿਲ ਰਹੇ ਹਨ ਲਗਾਤਾਰ ਮੋਬਾਇਲ

ਲੁਧਿਆਣਾ, (ਸਿਆਲ)- ਕੋਰੋਨਾ ਮਹਾਮਾਰੀ ਕਾਰਨ ਤਾਜਪੁਰ ਰੋਡ ਦੀ ਕੇਂਦਰੀ ਜੇਲ ਵਿਚ ਪਿਛਲੇ 11 ਮਹੀਨਿਆਂ ਦੌਰਾਨ ਕੈਦੀਆਂ ਅਤੇ ਹਵਾਲਾਤੀਆਂ ਤੋਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਣ ’ਤੇ ਹੁਣ ਤੱਕ ਪੂਰੀ ਤਰ੍ਹਾਂ ਪਾਬੰਦੀ ਹੈ ਪਰ ਜੇਲ ਪ੍ਰਸ਼ਾਸਨ ਵੱਲੋਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਵੀਡੀਓਗ੍ਰਾਫੀ ਜ਼ਰੀਏ ਗੱਲਬਾਤ ਕਰਵਾਈ ਜਾਂਦੀ ਹੈ।

ਇਸ ਦੇ ਬਾਵਜੂਦ ਜੇਲ ’ਚ ਲਗਾਤਾਰ ਮੋਬਾਇਲਾਂ ਦਾ ਮਿਲਣਾ ਜਾਰੀ ਹੈ। ਪਿਛਲੇ ਜਨਵਰੀ ਮਹੀਨੇ ਦੌਰਾਨ ਜੇਲ ਵਿਚ ਚਲਾਈ ਗਈ ਚੈਕਿੰਗ ਮੁਹਿੰਮ ਤਹਿਤ ਕੈਦੀਆਂ ਤੋਂ ਹੁਣ ਤੱਕ 16 ਦੇ ਕਰੀਬ ਮੋਬਾਇਲ ਮਿਲ ਚੁੱਕੇ ਹਨ। ਜੇਲ ਵਿਚ ਲਈ ਗਈ ਤਲਾਸ਼ੀ ਦੌਰਾਨ ਸੁਰੱਖਿਆ ਮੁਲਾਜ਼ਮਾਂ ਨੇ 1 ਕੈਦੀ ਅਤੇ 2 ਹਵਾਲਾਤੀਆਂ ਤੋਂ 2 ਮੋਬਾਇਲ ਬਰਾਮਦ ਕੀਤੇ ਹਨ, ਜਿਸ ਕਾਰਨ ਪੁਲਸ ਸਹਾਇਕ ਸੁਪਰਡੈਂਟ ਪੁਨੀਤ ਕੁਮਾਰ ਗਰਗ ਦੀ ਸ਼ਿਕਾਇਤ ’ਤੇ ਮੁਲਜ਼ਮ ਕੈਦੀਆਂ ਵਿਰੁੱਧ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਜਾਂਚ ਅਧਿਕਾਰੀ ਤਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਕੈਦੀਆਂ ਵਿਰੁੱਧ ਪ੍ਰੀਜ਼ਨ ਐਕਟ ਦੀ ਧਾਰਾ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਅਤੇ ਉਕਤ ਕੈਦੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਬਰੀਕੀ ਨਾਲ ਪੁੱਛਗਿੱਛ ਕਰੇਗੀ।

ਜੇਲ ’ਚ ਕੈਦੀਆਂ ਦਾ ਮੋਬਾਇਲ ਜ਼ਰੀਏ ਚਲਦਾ ਹੈ ਨਸ਼ੇ ਦਾ ਨੈੱਟਵਰਕ

ਯਾਦ ਰਹੇ ਕਿ ਸੈਂਟਰਲ ਜੇਲ ਦੀ ਸੁਰੱਖਿਆ ਸੀ. ਆਰ. ਪੀ. ਐੱਫ,. ਪੰਜਾਬ ਪੁਲਸ, ਜੇਲ ਗਾਰਦ, ਪੈਸਕੋ, ਆਈ. ਆਰ. ਬੀ., ਹੋਮਗਾਰਡ ਮੁਲਾਜ਼ਮਾਂ ਕੋਲ ਹੈ। ਸ਼ਹਿਰ ਤੋਂ ਕੁੱਝ ਕਿਲੋਮੀਟਰ ਦੂਰ ਤਾਜਪੁਰ ਜੇਲ ਤੋਂ ਬੰਦੀ ਮੋਬਾਇਲ ਜ਼ਰੀਏ ਨਸ਼ੇ ਦਾ ਨੈੱਟਵਰਕ ਚਲਾਉਣ ਦੀਆ ਸੁਰਖੀਆਂ ਆਮ ਕਰਕੇ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ ਪਰ ਹੁਣ ਜੇਲ ਤੋਂ ਮੋਬਾਇਲ ਅਤੇ ਨਸ਼ਾ ਮਿਲਣਾ ਤਾਂ ਆਮ ਗੱਲ ਹੋ ਗਈ ਹੈ। ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਜੇਲ ਦੀ ਸੁਰੱਖਿਆ ਪ੍ਰਤੀ ਪ੍ਰਸ਼ਾਸਨ ਗੰਭੀਰ ਨਹੀਂ ਦਿਖ ਰਿਹਾ। ਸੈਂਟਰਲ ਜੇਲ ਵਿਚ ਕਈ ਖਤਰਨਾਕ ਕਿਸਮ ਦੇ ਅਪਰਾਧੀ ਵੀ ਬੰਦ ਹਨ। ਜੇਕਰ ਇਸੇ ਤਰ੍ਹਾਂ ਜੇਲ ਤੋਂ ਮੋਬਾਇਲ ਬਰਾਮਦ ਹੁੰਦੇ ਰਹੇ ਤਾਂ ਜੇਲ ਦੀ ਸੁਰੱਖਿਆ ਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਲੱਗਣੇ ਲਾਜ਼ਮੀ ਹਨ।
 


author

Bharat Thapa

Content Editor

Related News