ਕੇਂਦਰ ਸਰਕਾਰ ਹਰ ਫਰੰਟ ''ਤੇ ਫੇਲ ਸਾਬਤ ਹੋਈ : ਚੀਮਾ
Saturday, Feb 03, 2018 - 07:41 AM (IST)
ਸੁਲਤਾਨਪੁਰ ਲੋਧੀ, (ਧੀਰ)- ਰਾਜਸਥਾਨ 'ਚ ਹੋਈਆਂ ਉਪ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਮਿਲੀ ਜਿੱਤ ਨੇ ਕੇਂਦਰ 'ਚ 2019 ਦੀਆਂ ਲੋਕ ਸਭਾ ਚੋਣਾਂ 'ਚ ਮੋਦੀ ਸਰਕਾਰ ਦੀ ਪੁੱਠੀ ਗਿਣਤੀ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਸੂਬੇ ਦੇ ਲੋਕ ਮੋਦੀ ਸਾਹਿਬ ਦੇ ਦਿੱਤੇ ਨਾਅਰੇ ਤੋਂ ਦੁਖੀ ਹੋ ਕੇ ਉਨ੍ਹਾਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਝੂਠੇ ਲਾਰਿਆਂ ਤੇ ਵਾਅਦਿਆਂ ਤੋਂ ਜਨਤਾ ਜ਼ਿਆਦਾ ਦੇਰੀ ਨਾਲ ਚੁੱਪ ਨਹੀਂ ਬੈਠਦੀ ਤੇ ਉਹ ਆਪਣਾ ਹਿਸਾਬ ਕਿਤਾਬ ਚੋਣਾਂ ਮੌਕੇ ਦੇ ਕੇ ਬਰਾਬਰ ਕਰ ਲੈਂਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸ਼ਾਸਿਤ ਸੂਬੇ ਰਾਜਸਥਾਨ 'ਚ ਭਾਜਪਾ ਦੀ ਸਰਕਾਰ ਹੋਵੇ ਤੇ ਉਸਦੀ ਚੋਣਾਂ 'ਚ ਅਜਿਹੀ ਲੋਕ ਦੁਰਦਸ਼ਾ ਕਰ ਦੇਣ ਇਸ ਤੋਂ ਸਾਫ ਹੈ ਕਿ ਰਾਜਸਥਾਨ 'ਚ ਭਾਜਪਾ ਦੀ ਸਰਕਾਰ ਹਰ ਫਰੰਟ 'ਤੇ ਫੇਲ ਸਾਬਿਤ ਹੋਈ ਹੈ।
ਰਾਜਸਥਾਨ 'ਚ ਨੌਜਵਾਨ ਕਾਂਗਰਸ ਆਗੂ ਸਚਿਨ ਪਾਇਲਟ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਹੁਣ ਦੇਸ਼ ਨੌਜਵਾਨਾਂ ਦੀ ਅਗਵਾਈ ਪਸੰਦ ਕਰਦਾ ਹੈ ਤੇ 2019 'ਚ ਲੋਕ ਮਹਿਬੂਬ ਨੌਜਵਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦੇਸ਼ ਦੀ ਵਾਗਡੋਰ ਸੰਭਾਲਣ ਲਈ ਤਿਆਰ ਬੈਠੇ ਹਨ। ਮੋਦੀ ਸਰਕਾਰ ਦੇ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਪੇਸ਼ ਕੀਤੇ ਗਏ ਸਰਕਾਰ ਦੇ ਸਾਲਾਨਾ ਬਜਟ ਤੇ ਆਪਣੀ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਵਿਧਾਇਕ ਚੀਮਾ ਨੇ ਕਿਹਾ ਕਿ ਇਸ ਬਜਟ ਨੇ ਮੋਦੀ ਸਰਕਾਰ ਦੇ ਪਤਨ ਦੀ ਕਹਾਣੀ ਲਿੱਖ ਦਿੱਤੀ ਹੈ।
ਇਸ ਮੌਕੇ ਸੀ. ਕਾਂਗਰਸ ਆਗੂ ਸੁਰਜੀਤ ਸਿੰਘ ਸੈਦੂਵਾਲ, ਹਰਚਰਨ ਸਿੰਘ ਬੱਗਾ ਜ਼ਿਲਾ ਮੀਤ ਪ੍ਰਧਾਨ, ਸਤਿੰਦਰ ਸਿੰਘ ਚੀਮਾ ਦਫ਼ਤਰ ਇੰਚਾਰਜ, ਜਸਵੰਤ ਸਿੰਘ ਬਿੱਟੂ, ਜਗਜੀਤ ਸਿੰਘ ਚੰਦੀ ਸਕੱਤਰ ਕਿਸਾਨ ਸੈੱਲ ਕਾਂਗਰਸ, ਰਵਿੰਦਰ ਰਵੀ ਪੀ. ਏ., ਬਲਜਿੰਦਰ ਸਿੰਘ ਪੀ. ਏ. ਆਦਿ ਵੀ ਹਾਜ਼ਰ ਸਨ।
