ਖੁਰਾਕ ਸਪਲਾਈ ਵਿਭਾਗ ''ਚ ਹੋਇਆ ਮਹਾਘਪਲਾ, ਕੀਤੀ ਜਾਵੇ ਸੀ. ਬੀ. ਆਈ. ਜਾਂਚ : ਭਾਜਪਾ
Monday, Jun 22, 2020 - 12:13 AM (IST)
ਲੁਧਿਆਣਾ,(ਗੁਪਤਾ)- ਭਾਰਤੀ ਜਨਤਾ ਪਾਰਟੀ ਨੇ ਸੂਬੇ ਦੇ ਖੁਰਾਕ ਸਪਲਾਈ ਵਿਭਾਗ ਦੀ ਜਨਤਕ ਵੰਡ ਪ੍ਰਣਾਲੀ ’ਚ ਕਰੋੜਾਂ ਦੇ ਮਹਾਘਪਲੇ ਦਾ ਦੋਸ਼ ਲਾਉਂਦਿਆਂ ਇਸ ਘਪਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਅੱਜ ਭਾਜਪਾ ਦਫਤਰ ’ਚ ਆਯੋਜਿਤ ਪੱਤਰਕਾਰ ਸੰਮੇਲਨ ’ਚ ਲੁਧਿਆਣਾ ਸੈਂਟਰਲ ਵਿਧਾਨ ਸਭਾ ਖੇਤਰ ਦੇ ਸੀਨੀਅਰ ਭਾਜਪਾ ਨੇਤਾ ਗੁਰਦੇਵ ਸ਼ਰਮਾ ਦੇਬੀ, ਪ੍ਰਦੇਸ਼ ਦੇ ਜਨਰਲ ਜੀਵਨ ਗੁਪਤਾ, ਪ੍ਰਦੇਸ਼ ਬੁਲਾਰੇ ਅਨਿਲ ਸਰੀਨ, ਜ਼ਿਲਾ ਭਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਨੇ ਦੋਸ਼ ਲਾਇਆ ਕਿ ਇਸ ਘਪਲੇ ਵਿਚ ਪੂਰੇ ਪੰਜਾਬ ’ਚ ਆਟਾ, ਦਾਲ ਯੋਜਨਾ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 66,870 ਮੀਟ੍ਰਿਕ ਟਨ ਕਣਕ ਅਤੇ 3000 ਮੀਟ੍ਰਿਕ ਟਨ ਦਾਲ ਦਾ ਇਕ ਵੱਡਾ ਹਿੱਸਾ ਖੁਰਦ-ਬੁਰਦ ਕਰ ਦਿੱਤਾ ਹੈ। ਭਾਜਪਾ ਨੇਤਾਵਾਂ ਨੇ ਕਿਹਾ ਕਿ ਕੋਰੋਨਾ ਕਾਲ ’ਚ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਦਾਇਰੇ ਵਿਚ ਆਉਣ ਵਾਲੇ ਪੰਜਾਬ ਦੇ 1.41 ਕਰੋੜ ਜ਼ਰੂਰਤਮੰਦਾਂ ਲਈ ਅਨਾਜ ਭੇਜਿਆ ਗਿਆ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਇਹ ਅਨਾਜ ਜਨਤਕ ਵੰਡ ਪ੍ਰਣਾਲੀ ’ਚ ਘਪਲੇ ਜ਼ਰੀਏ ਖੁਰਦ-ਬੁਰਦ ਕਰ ਦਿੱਤਾ ਗਿਆ। ਇਸ ਘਪਲੇ ਨੂੰ ਲੈ ਕੇ ਲੁਧਿਆਣਾ ਨਾਲ ਸਬੰਧਤ ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਵਿਭਾਗ ਦੇ ਸਾਰੇ ਅਧਿਕਾਰੀ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹਨ। ਭਾਜਪਾ ਨੇਤਾਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਕਣਕ ਅਤੇ ਦਾਲ ਪੰਜਾਬ ਦੀ ਪੂਰੀ ਆਬਾਦੀ ਦੇ ਲਗਭਗ 50 ਫੀਸਦੀ ਲੋਕਾਂ ਨੂੰ ਮਿਲਣੀ ਚਾਹੀਦੀ ਸੀ ਪਰ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਅਨਾਜ ਦੀ ਬਾਂਦਰ ਵੰਡ ਕੀਤੇ ਜਾਣ ਕਾਰਨ ਪ੍ਰਦੇਸ਼ ਦੀ ਜਨਤਾ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਲਾਭ ਤੋਂ ਵਾਂਝੇ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਦਿੱਤੇ ਗਏ ਨਿਰਦੇਸ਼ ’ਤੇ ਭਾਜਪਾ ਨੇਤਾ ਗੁਰਦੇਵ ਸ਼ਰਮਾ ਦੇਬੀ ਜਦ ਲੁਧਿਆਣਾ ਸੈਂਟਰਲ ਹਲਕੇ ਦੇ ਵਾਰਡ ਨੰ. 51 ਦੇ ਡਿਪੂ ’ਤੇ ਕਣਕ ਅਤੇ ਦਾਲ ਦੀ ਵੰਡ ਸਹੀ ਢੰਗ ਨਾਲ ਹੋਵੇ ਇਹ ਦੇਖਣ ਗਏ ਤਾਂ ਉਨ੍ਹਾਂ ਡਿਪੂ ’ਤੇ ਰਾਜਨੀਤੀ ਇਸ਼ਾਰੇ ’ਤੇ ਅਨਾਜ ਦੀ ਸਪਲਾਈ ਹੀ ਰੋਕ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਦ ਨੀਲੇ ਕਾਰਡਧਾਰਕ ਲੋਕਾਂ ਨੇ ਗੁਰਦੇਵ ਸ਼ਰਮਾ ਦੇਬੀ ਦੇ ਦਫਤਰ ’ਚ ਆ ਕੇ ਮੰਗ ਕੀਤੀ ਤਾਂ ਬਾਇਓਮੀਟ੍ਰਿਕ ਸਿਸਟਮ ਨਾਲ ਬਣੇ ਨੀਲੇ ਕਾਰਡਾਂ ਦੀਆਂ ਪਰਚੀਆਂ ਕੱਢ ਕੇ ਉਨ੍ਹਾਂ ਦੇ ਦਫਤਰ ਨੇ ਲੋਕਾਂ ਨੂੰ ਦਿੱਤੀਆਂ ਪਰ ਕਾਰਡ ਬਣੇ ਹੋਣ ਦੇ ਬਾਵਜੂਦ ਡਿਪੂ ’ਤੇ ਇਨ੍ਹਾਂ ਲੋਕਾਂ ਨੂੰ ਅਨਾਜ ਮੁਹੱਈਆ ਨਹੀਂ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਜਦ ਬਣੇ ਹੋਏ ਕਾਰਡਾਂ ਸਬੰਧੀ ਭਾਜਪਾ ਨੇਤਾ ਨੇ ਜਾਂਚ ਕਰਵਾਈ ਤਾਂ ਅਜਿਹੇ ਸੈਂਕੜੇ ਹੀ ਕਾਰਡ ਮਿਲੇ ਜੋ ਫਰਜ਼ੀ ਨਾਵਾਂ ’ਤੇ ਬਣੇ ਹੋਏ ਹਨ। ਕਾਰਡ ਧਾਰਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਦਾ ਕਾਰਡ ਬਣਿਆ ਹੈ ਉਸ ਨੂੰ ਪਤਾ ਹੀ ਨਹੀਂ। ਫਿਰ ਵੀ ਉਸ ਦੇ ਨਾਂ ’ਤੇ ਆਟਾ, ਦਾਲ ਯੋਜਨਾ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਰਾਸ਼ਨ ਵੰਡਿਆ ਗਿਆ। ਭਾਜਪਾ ਨੇਤਾਵਾਂ ਨੇ ਕਿਹਾ ਕਿ ਜਾਂਚ ਵਿਚ ਪਾਇਆ ਗਿਆ ਕਿ ਕਾਂਗਰਸ ਕੌਂਸਲਰ ਗੁਰਦੀਪ ਸਿੰਘ ਨੀਟੂ ਦੇ ਨਾਂ ’ਤੇ ਡਿਪੂ ਚੱਲ ਰਿਹਾ ਹੈ ਅਤੇ ਆਪਣੇ ਪਿਤਾ ਦਾ ਡਿਪੂ ਵੀ ਚਲਾ ਰਹੇ ਹਨ, ਜਦਕਿ ਉਨ੍ਹਾਂ ਦੇ ਪਿਤਾ ਦੀ ਮੌਤ ਕਾਫੀ ਸਮਾਂ ਪਹਿਲਾਂ ਹੋ ਚੁੱਕੀ ਹੈ। ਭਾਜਪਾ ਨੇਤਾਵਾਂ ਨੇ ਕਿਹਾ ਕਿ ਨਿਯਮਾਂ ਮੁਤਾਬਕ ਚੁਣਿਆ ਹੋਇਆ ਕੌਂਸਲਰ ਡਿਪੂ ਨਹੀਂ ਚਲਾ ਸਕਦਾ ਪਰ ਕਾਂਗਰਸ ਕੌਂਸਲਰ ਧੜੱਲੇ ਨਾਲ ਡਿਪੂ ਚਲਾ ਰਿਹਾ ਹੈ। ਇਸੇ ਤਰ੍ਹਾਂ ਕਸ਼ਮੀਰ ਨਗਰ ਵਿਚ ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੇ ਨਾਵਾਂ ’ਤੇ 3 ਡਿਪੂ ਚੱਲ ਰਹੇ ਹਨ, ਜਦਕਿ ਇਕ ਪਰਿਵਾਰ ਦੇ ਇਕ ਹੀ ਮੈਂਬਰ ਨੂੰ ਡਿਪੂ ਮਿਲ ਸਕਦਾ ਹੈ। ਭਾਜਪਾ ਨੇਤਾਵਾਂ ਨੇ ਕਿਹਾ ਕਿ ਇਹ ਘਪਲਾ ਸਾਰੇ ਪੰਜਾਬ ਵਿਚ ਚੱਲ ਰਿਹਾ ਹੈ। ਇਸ ਮਾਮਲੇ ਵਿਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਜਾਂਚ ਕਰਵਾਉਣੀ ਚਾਹੀਦੀ ਅਤੇ ਮੁੱਖ ਮੰਤਰੀ ਨੂੰ ਨਿਰਪੱਖ ਜਾਂਚ ਕਰਵਾਉਣ ਲਈ ਇਹ ਮਾਮਲਾ ਸੀ. ਬੀ. ਆਈ. ਜਾਂਚ ਨੂੰ ਦੇਣਾ ਚਾਹੀਦਾ ਹੈ।
ਕੀ ਕਹਿੰਦੇ ਹਨ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ
ਇਸ ਮਾਮਲੇ ਬਾਰੇ ਜਦ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਜ਼ਿਲਾ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਤੋਂ ਪੱਖ ਲਿਆ ਜਾਵੇ। ਇਹ ਕਹਿ ਕੇ ਉਨ੍ਹਾਂ ਨੇ ਆਪਣਾ ਪੱਖ ਦੇਣ ਤੋਂ ਇਨਕਾਰ ਕਰ ਦਿੱਤਾ।
ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ : ਗੁਰਦੀਪ ਸਿੰਘ ਨੀਟੂ
ਦੂਜੇ ਪਾਸੇ ਕਾਂਗਰਸ ਕੌਂਸਲਰ ਗੁਰਦੀਪ ਸਿੰਘ ਨੀਟੂ ਨੇ ਕਿਹਾ ਕਿ ਉਨ੍ਹਾਂ ਦੇ ਡਿਪੂ ਕੌਂਸਲਰ ਬਣਨ ਤੋਂ ਪਹਿਲਾਂ ਦਾ ਹੈ ਜਦ ਉਹ ਭਾਜਪਾ ਵਿਚ ਸਨ, ਜੋ ਉਨ੍ਹਾਂ ਦੇ ਪਿਤਾ ਦਾ ਡਿਪੂ ਹੈ। ਉਸ ਦਾ ਨਾਂ ਟਰਾਂਸਫਰ ਕਰਨ ਲਈ ਉਨ੍ਹਾਂ ਨੇ ਅਰਜ਼ੀ ਕੀਤੀ ਹੋਈ ਹੈ। ਉਨ੍ਹਾਂ ਦੇ ਪਿਤਾ ਸਿੱਖ ਰੈਜ਼ੀਮੈਂਟ ਵਿਚ ਫੌਜ਼ੀ ਸਨ। ਜਿਸ ਤਰ੍ਹਾਂ ਨਾਲ ਉਨ੍ਹਾਂ ਨੂੰ ਇਹ ਡਿਪੂ ਮਿਲਿਆ ਸੀ। ਮੇਰੇ ’ਤੇ ਦੋਸ਼ ਰਾਜਨੀਤੀ ਤਹਿਤ ਲਾਏ ਜਾ ਰਹੇ ਹਨ, ਮੈਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ।