ਨਹੀਂ ਰੁਕ ਰਹੇ ''ਕੌਨ ਬਨੇਗਾ ਕਰੋੜਪਤੀ'' ਦੇ ਨਾਂ ''ਤੇ ਠੱਗੀ ਦੇ ਮਾਮਲੇ

Tuesday, Mar 27, 2018 - 07:08 AM (IST)

ਨਹੀਂ ਰੁਕ ਰਹੇ ''ਕੌਨ ਬਨੇਗਾ ਕਰੋੜਪਤੀ'' ਦੇ ਨਾਂ ''ਤੇ ਠੱਗੀ ਦੇ ਮਾਮਲੇ

ਜਲੰਧਰ, (ਅਮਿਤ) – ਲੱਖਾਂ-ਕਰੋੜਾਂ ਦੀ ਲਾਟਰੀ ਕੱਢਣ ਦਾ ਝਾਂਸਾ ਦੇ ਕੇ ਆਮ ਲੋਕਾਂ ਨੂੰ ਠੱਗਣ ਦੇ ਕਈ ਕਿੱਸੇ ਸੁਣਨ ਨੂੰ ਮਿਲਦੇ ਰਹਿੰਦੇ ਹਨ। ਇਸ ਤਰ੍ਹਾਂ ਦੇ ਸਾਰੇ ਮਾਮਲੇ ਸਾਈਬਰ ਕਰਾਈਮ ਰਾਹੀਂ ਸਾਹਮਣੇ ਆਉਂਦੇ ਹਨ। ਜਿਵੇਂ-ਜਿਵੇ ਆਧੁਨਿਕ ਤਕਨੀਕ ਸਾਡੀ ਰੋਜ਼ ਦੀ ਜ਼ਿੰਦਗੀ ਦਾ ਹਿੱਸਾ ਬਣਦੀ ਜਾ ਰਹੀ ਹੈ। ਉਸੇ ਤਰ੍ਹਾਂ ਸਾਈਬਰ ਕਰਾਈਮ ਦੇ ਮਾਮਲੇ ਵੀ ਵਧਣ ਲੱਗੇ ਹਨ। 
ਇਸ ਕੜੀ ਵਿਚ ਅੱਜ ਕੱਲ ਸਭ ਤੋਂ ਜ਼ਿਆਦਾ ਜਾਅਲਸਾਜ਼ੀ ਭੋਲੀ-ਭਾਲੀ ਜਨਤਾ ਨੂੰ ਟੀ. ਵੀ. ਜਗਤ ਦੇ ਸਭ ਤਂੋ ਮਸ਼ੂਹਰ ਸ਼ੋਅ 'ਕੌਨ ਬਨੇਗਾ ਕਰੋੜਪਤੀ' ਦੇ ਨਾਂ 'ਤੇ ਹੋ ਰਹੀ ਹੈ, ਜਿਸ ਵਿਚ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹੋਏ ਵਟਸਐਪ ਜਾਂ ਈ-ਮੇਲ 'ਤੇ ਲੱਖਾਂ ਕਰੋੜਾਂ ਰੁਪਏ ਦੀ ਲਾਟਰੀ ਕੱਢਣ ਦਾ ਕਹਿ ਕੇ ਉਨ੍ਹਾਂ ਤੋਂ ਪੈਸੇ ਲੁੱਟਣ ਦਾ ਕੰਮ ਚੱਲ ਰਿਹਾ ਹੈ। ਵਟਸਐਪ 'ਤੇ ਅਕਸਰ ਲੋਕ ਬਿਨਾਂ ਸੋਚੇ ਸਮਝੇ ਇਸ ਤਰ੍ਹਾਂ ਦੇ ਜਾਲ ਵਿਚ ਫਸ ਜਾਂਦੇ ਹਨ। ਜਿਸਦੇ ਨਤੀਜੇ ਵਜੋਂ ਉਹ ਆਪਣੀ ਖੂਨ-ਪਸੀਨੇ ਦੀ ਕਮਾਈ ਗੁਆ ਬੈਠਦੇ ਹਨ। ਵੈਸੇ ਅੱਜ-ਕੱਲ ਲਗਾਤਾਰ ਸਾਹਮਣੇ ਆ ਰਹੇ ਸਾਈਬਰ ਕਰਾਈਮ ਦੇ ਮਾਮਲਿਆਂ ਨੂੰ ਲੈ ਕੇ ਬਹੁਤ ਸਾਰੇ ਲੋਕ ਸੁਚੇਤ ਹੋ ਚੁੱਕੇ ਹਨ ਪਰ ਵੱਡੀ ਗਿਣਤੀ ਵਿਚ ਇਸ ਤਰ੍ਹਾਂ ਦੇ ਲੋਕ ਹਨ, ਜੋ ਜਾਗਰੂਕਤਾ ਦੀ ਘਾਟ ਵਿਚ ਇਸ ਤਰ੍ਹਾਂ ਦੇ ਠਗਾਂ ਦੇ ਝਾਂਸੇ ਵਿਚ ਫਸ ਜਾਂਦੇ ਹਨ।
ਵਟਸਐਪ ਨੰਬਰ 'ਤੇ ਕਾਲ ਕਰਨ 'ਤੇ ਨਹੀਂ ਆਉਂਦਾ ਕੋਈ ਜਵਾਬ
ਜਿਸ ਵਟਸਐਪ ਨੰਬਰ ਤੇ ਲੱਖਾਂ ਰੁਪਏ ਦੀ ਲਾਟਰੀ ਕੱਢਣ ਦਾ ਰਿਕਾਰਡ ਮੈਸੇਜ ਆਉਂਦਾ ਹੈ, ਉਹ ਪੰਜਾਬ ਦੀ ਆਈਡੀਆ ਕੰਪਨੀ ਦਾ ਨੰਬਰ ਹੈ ਪਰ ਆਪ ਉਸਦੇ ਉਪਰ ਦੁਬਾਰਾ ਫੋਨ ਕਾਲ ਕਰਦੇ ਹੋ ਤਾਂ ਸਾਹਮਣੇ ਤੋਂ ਕੋਈ ਜਵਾਬ ਹੀਂ ਨਹੀਂ ਆਉਂਦਾ ਹੈ। ਕਈ ਵਾਰ ਫੋਨ ਸਵਿੱਚ ਆਫ ਆਉਂਦਾ ਹੈ।
ਪਾਕਿਸਤਾਨੀ ਨੰਬਰ ਨੂੰ ਦੱਸ ਰਹੇ ਪੀ. ਐੱਨ. ਬੀ. ਮੈਨੇਜਰ ਦਾ ਨੰਬਰ
ਇਸ ਪੂਰੇ ਮਾਮਲੇ ਵਿਚ ਸਭ ਤੋਂ ਖਾਸ ਗੱਲ ਇਹ ਹੈ ਕਿ ਵਟਸਐਪ 'ਤੇ ਜੋ ਨੰਬਰ 00923457860988 ਪੀ. ਐੱਨ. ਬੀ. ਦੇ ਮੈਨੇਜਰ ਦਾ ਦੱਸਿਆ ਜਾ ਰਿਹਾ ਹੈ ਉਹ ਭਾਰਤ ਦਾ ਨਹੀਂ, ਬਲਕਿ ਪਾਕਿਸਤਾਨ ਦਾ ਨੰਬਰ ਹੈ। ਜਤਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਮੈਸੇਜ ਸੁਣਦੇ ਹੀ ਸ਼ੱਕ ਹੋ ਗਿਆ ਸੀ ਅਤੇ ਜਦੋਂ ਉਨ੍ਹਾਂ ਪਾਕਿਸਤਾਨ ਦਾ ਨੰਬਰ ਦੇਖਿਆ ਤਾਂ ਉਨਾਂ ਦਾ ਸ਼ੱਕ ਯਕੀਨ ਵਿਚ ਬਦਲ ਗਿਆ। ਇਸ ਵਜ੍ਹਾ ਨਾਲ ਉਨ੍ਹਾਂ ਇਸ ਨੂੰ ਪਹਿਲੀ ਨਜ਼ਰ ਵਿਚ ਹੀ ਨਜ਼ਰਅੰਦਾਜ਼ ਕਰਨਾ ਠੀਕ ਸਮਝਿਆ। ਜਤਿੰਦਰ ਨੇ ਕਿਹਾ ਜੇਕਰ ਉਹ ਗਲਤੀ ਨਾਲ ਫੋਨ ਕਰ ਦਿੰਦਾ ਤਾਂ ਉਨ੍ਹਾਂ ਨਾਲ ਕੋਈ ਵੀ ਧੋਖਾ ਹੋ ਸਕਦਾ ਸੀ।
ਕਿਵੇਂ ਹੋ ਰਹੀ ਹੈ ਠੱਗੀ, ਕਿਵੇਂ ਲੁੱਟੇ ਜਾ ਰਹੇ ਹਨ ਪੈਸੇ?
ਜਤਿੰਦਰ ਗਰੋਵਰ ਨਿਵਾਸੀ ਕਬੀਰ ਨਗਰ ਜੋ ਕਿ ਇਨਵਰਟਰ, ਕਾਰ ਆਦਿ ਦੀ ਬੈਟਰੀ  ਦਾ ਕੰਮ ਕਰਦੇ ਹਨ, ਉਨ੍ਹਾਂ ਦੇ ਵਟਸਐਪ ਨੰਬਰ 'ਤੇ ਇਕ ਰਿਕਾਰਡਿੰਗ ਆਈ, ਜਿਸ ਵਿਚ ਇਕ ਵਿਅਕਤੀ ਹਿੰਦੀ ਵਿਚ ਗੱਲਾਂ ਕਰਦੇ ਹੋਏ ਖੁਦ ਨੂੰ 'ਕੌਨ ਬਨੇਗਾ ਕਰੋੜਪਤੀ' ਸ਼ੋਅ ਟੀਮ ਦਾ ਹਿੱਸਾ ਦੱਸਦੇ ਹੋਏ ਉਨ੍ਹਾਂ ਦੀ 25 ਲੱਖ ਰੁਪਏ ਦੀ ਲਾਟਰੀ ਨਿਕਲਣ ਦੀ ਗੱਲ ਕਰਦਾ ਹੈ। ਇੰਨਾ ਹੀ ਨਹੀਂ ਭੇਜੀ ਗਈ ਰਿਕਾਰਡਿੰਗ ਵਿਚ ਇਸ ਗੱਲ ਦੀ ਖੁਸ਼ੀ ਵੀ ਜ਼ਾਹਿਰ ਕੀਤੀ ਜਾਂਦੀ ਹੈ ਕਿ ਅੱਜ ਤੁਹਾਡਾ ਦਿਨ ਬਹੁਤ ਲੱਕੀ ਹੈ ਕਿਉਂਕਿ ਤੁਹਾਡੀ ਕਿਸਮਤ ਚਮਕ ਗਈ ਹੈ। ਇਸ ਲਈ ਤੁਹਾਨੂੰ ਪੀ. ਐੱਨ. ਬੀ. ਬੈਂਕ ਮੈਨੇਜਰ ਦੇ ਨੰਬਰ 'ਤੇ ਫੋਨ ਕਰਕੇ ਆਪਣੇ ਖਾਤੇ ਦੀ ਜਾਣਕਾਰੀ ਦੇਣੀ ਹੋਵੇਗੀ, ਜਿਸਦੇ ਬਾਅਦ ਚੰਦ ਮਿੰਟਾਂ ਵਿਚ ਤੁਹਾਡੇ ਖਾਤੇ ਵਿਚ 25 ਲੱਖ ਦੀ ਰਾਸ਼ੀ ਟਰਾਂਸਫਰ ਹੋ ਜਾਵੇਗੀ, ਜੋ ਲੋਕ ਇਨ੍ਹਾਂ ਠੱਗਾਂ ਦੇ ਝਾਂਸੇ ਵਿਚ ਫਸ ਜਾਂਦੇ ਹਨ, ਉਸ ਤੋਂ ਬੈਂਕ ਅਕਾਊਂਟ ਡਿਟੇਲ ਅਤੇ ਹੋਰ ਜ਼ਰੂਰੀ ਜਾਣਕਾਰੀ ਲੈ ਕੇ ਉਨ੍ਹਾਂ ਨਾਲ ਲੁੱਟ ਹੋ ਰਹੀ ਹੈ। ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹਨ ਜੋ ਬਦਨਾਮੀ ਦੇ ਡਰ ਤੋਂ ਆਪਣੇ ਨਾਲ ਹੋਈ ਠੱਗੀ ਨੂੰ ਲੈ ਕੇ ਪੁਲਸ ਵਿਚ ਸ਼ਿਕਾਇਤ ਵੀ ਦਰਜ ਨਹੀਂ ਕਰਵਾਉਂਦੇ ਹਨ, ਜਿਸ ਤਂੋ ਠੱਗਾਂ ਦੇ ਹੌਸਲੇ ਹੋਰ ਵੀ ਵਧ ਜਾਂਦੇ ਹਨ ਅਤੇ ਬਹੁਤ ਸਾਰੇ ਲੋਕ ਇਨ੍ਹਾਂ ਦਾ ਸ਼ਿਕਾਰ ਬਣਦੇ ਰਹਿੰਦੇ ਹਨ।


Related News