ਕੈਪਟਨ ਸਰਕਾਰ ਪਹਿਲਾਂ ਪੰਜਾਬ ਦੇ ਲੋਕਾਂ ਤੇ ਲਾਏ ਵਾਧੂ ਟੈਕਸ ਵਾਪਸ ਲਏ : ਫਫੜੇ, ਡਾ : ਨਿਸ਼ਾਨ

Friday, Jun 22, 2018 - 10:43 AM (IST)

ਬੁਢਲਾਡਾ (ਮਨਜੀਤ) — ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਪੱਧਰ ਤੇ ਕੀਤੇ ਜਾਣ ਵਾਲੇ ਰੋਸ ਮੁਜਾਹਰੇ ਨੂੰ ਲੈ ਕੇ ਹਲਕਾ ਬੁਢਲਾਡਾ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਵਪਾਰੀ ਆਗੂ ਸ਼ਾਮ ਲਾਲ ਧਲੇਵਾਂ ਦੇ ਨਿਵਾਸ ਸਥਾਨ 'ਤੇ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਦਿਹਾਤੀ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ ਤੇ ਹਲਕਾ ਇੰਚਾਰਜ ਡਾ : ਨਿਸ਼ਾਨ ਸਿੰਘ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਧਿਆਨ ਹਟਾਉਣ ਲਈ ਮੋਦੀ ਸਰਕਾਰ ਵਿਰੁੱਧ ਕੂੜ ਪ੍ਰਚਾਰ ਪਿੰਡ ਪੱਧਰ ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੈਪਟਨ ਸਰਕਾਰ ਦਾ ਲੋਕਾਂ ਦੀ ਕਚਿਹਰੀ 'ਚ ਚਿਹਰਾ ਨੰਗਾ ਕਰਨ ਲਈ 26 ਜੂਨ ਨੂੰ 11 ਤੋਂ 1 ਵਜੇ ਤੱਕ ਡੀ.ਸੀ ਦਫਤਰ ਨੇੜੇ ਰੋਸ ਮੁਜਾਹਰਾ ਕੀਤਾ ਜਾਵੇਗਾ ਅਤੇ ਜ਼ਿਲਾ ਡਿਪਟੀ ਕਮਿਸ਼ਨਰ ਨੂੰ ਦਿੱਤੇ ਜਾ ਰਹੇ ਮੰਗ ਪੱਤਰ ਸੌਂਪਿਆ ਜਾਵੇਗਾ। ਇਸ ਮੰਗ ਪੱਤਰ 'ਚ ਮੰਗ ਕੀਤੀ ਜਾਵੇਗੀ ਕਿ ਕੈਪਟਨ ਸਰਕਾਰ ਆਪਣੇ ਹਿੱਸੇ ਦਾ ਪੈਟਰੋਲ ਡੀਜਲ ਅਤੇ ਹੋਰ ਵਸਤਾਂ 'ਤੇ ਲਾਏ ਵਾਧੂ ਟੈਕਸ ਅਤੇ ਜੀ.ਐੱਸ.ਟੀ ਮੁਆਫ ਕਰੇ ਉਸ ਤੋ ਬਾਅਦ ਹੀ ਕੇਂਦਰ ਸਰਕਾਰ ਅੱਗੇ ਮੰਗ ਰੱਖੀ ਜਾ ਸਕਦੀ ਹੈ । ਉਕਤ ਨੇਤਾਵਾਂ ਨੇ ਮੀਟਿੰਗ 'ਚ ਸਰਕਲ ਪ੍ਰਧਾਨਾਂ ਅਤੇ ਆਗੂਆਂ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਵੱਧ ਤੋਂ ਵੱਧ ਵਰਕਰਾਂ ਨੂੰ 26 ਦੇ ਰੋਸ ਮੁਜਾਹਰੇ 'ਚ ਸ਼ਾਮਲ ਕੀਤਾ ਜਾਵੇ ਤਾਂ ਕਿ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੂਬੇ 'ਚ ਹੋਣ ਵਾਲੇ ਰੋਸ ਮੁਜਾਹਰੇ 'ਚ ਸ਼ਾਮਲ ਆਮ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਾਇਆ ਜਾ ਸਕੇ । ਇਸ ਮੋਕੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਸ਼ਾਮ ਲਾਲ ਧਲੇਵਾਂ, ਚੇਅਰਮੈਨ ਬੱਲਮ ਸਿੰਘ ਕਲੀਪੁਰ, ਕੋਮੀ ਯੂਥ ਆਗੂ ਗੁਰਦੀਪ ਸਿੰਘ ਟੋਡਰਪੁਰ, ਜਥੇਦਾਰ ਜੋਗਾ ਸਿੰਘ, ਜਥੇਦਾਰ ਹਰਮੇਲ ਸਿੰਘ ਕਲੀਪੁਰ, ਮੈਬਰ ਜ਼ਿਲਾ ਪ੍ਰੀਸ਼ਦ ਕਾਲਾ ਕੁਲਰੀਆਂ, ਸਰਕਲ ਬੁਢਲਾਡਾ ਦੇ ਪ੍ਰਧਾਨ ਅਮਰਜੀਤ ਕੁਲਾਣਾ, ਬੱਛੋਆਣਾ ਦੇ ਬਲਵੀਰ ਸਿੰਘ ਬੀਰੋਕੇ, ਬੋਹਾ ਦੇ ਮਹਿੰਦਰ ਸਿੰਘ ਸੈਦੇਵਾਲਾ, ਬਰੇਟਾ ਦੇ ਬਲਦੇਵ ਸਿਰਸੀਵਾਲਾ, ਚੇਅਰਮੈਨ ਸਮਸੇਰ  ਸਿੰਘ ਗੁੜੱਦੀ, ਸਰਪੰਚ ਦਰਸ਼ਨ ਸਿੰਘ ਗੰਢੂ ਕਲਾਂ ਤੋ ਇਲਾਵਾ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ।


Related News