ਨਸ਼ਿਆਂ ਦੇ ਖ਼ਾਤਮੇ ਤੱਕ ਮੁਹਿੰਮ ਚਾਲੂ ਰਹੇਗੀ, ਆਮ ਲੋਕਾਂ ਵੱਲੋਂ ਹੋਰ ਸਹਿਯੋਗ ਦੀ ਅਪੀਲ : ਬਰਸਟ
Tuesday, Jul 29, 2025 - 05:09 PM (IST)

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪੰਜਾਬ ਦੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ 'ਚ ਵੱਧ-ਚੜ੍ਹ ਕੇ ਹਿੱਸਾ ਲਿਆ ਹੈ। ਪੰਜਾਬ ਦੇ ਲੋਕ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਹਰ ਗਲੀ, ਮੁਹੱਲੇ, ਪਿੰਡਾਂ, ਸ਼ਹਿਰਾਂ 'ਚ ਸਵੇਰੇ ਸ਼ਾਮ ‘ਸਰਬੱਤ ਦੇ ਭੱਲੇ’ ਦੀ ਅਰਦਾਸ ਕਰਨ ਵਾਲੇ ਲੋਕ ਹਨ। ਪਿਛਲੇ 20-25 ਸਾਲਾਂ ਤੋਂ ਜਿਸ ਤਰ੍ਹਾਂ ਕੁੱਝ ਲਾਲਚੀ ਲੋਕਾਂ ਨੇ ਕੁੱਝ ਪੈਸਿਆਂ ਦੀ ਲਾਲਸਾ ਨੂੰ ਮੁੱਖ ਰੱਖ ਕੇ ਪੰਜਾਬ ਦੇ ਨੌਜਵਾਨਾਂ ਅੰਦਰ ਨਸ਼ਿਆਂ ਦਾ ਪਰਵਾਹ ਚਲਾਇਆ ਹੈ, ਬਹੁਤ ਹੀ ਨਿੰਦਣਯੋਗ ਹੈ।
ਕਾਂਗਰਸ ਅਤੇ ਅਕਾਲੀ ਸਰਕਾਰਾਂ ਨੇ ਪਿਛਲੇ 25 ਸਾਲਾਂ ਤੋਂ ਨਸ਼ਿਆਂ ਨੂੰ ਰੋਕਣ ਲਈ ਕੋਈ ਉਪਰਾਲਾ ਨਹੀਂ ਕੀਤਾ। ਨਿੱਜੀ ਲਾਲਚ ਲਈ ਆਪਸੀ ਭਾਈਚਾਰੇ ਅਤੇ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰ ਕੇ ਨਸ਼ੇ ਵੱਲ ਪ੍ਰੇਰਿਤ ਕਰਨਾ ਇਨ੍ਹਾਂ ਲੋਕਾਂ ਦੀ ਮਾੜੀ ਸੋਚ ਦੀ ਨਿਸ਼ਾਨੀ ਹੈ। ਇਹ ਸਭ ਥੋੜ੍ਹੇ ਸਮੇਂ 'ਚ ਅਮੀਰ ਬਣਨ ਦੀ ਲਾਲਸਾ ਕਾਰਨ ਸਿਆਸੀ ਸੱਤਾ ਦੀ ਦੁਰਵਰਤੋਂ ਕਰ ਕੇ ਕੀਤਾ ਗਿਆ ਹੈ। ਪਿਛਲੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਇਸ ਸਾਰੇ ਵਰਤਾਰੇ ਨੂੰ ਰੋਕਣ ਲਈ ਪਲਾਨਿੰਗ ਕੀਤੀ ਗਈ। ਨਸ਼ੇ ਦੇ ਵਪਾਰੀਆਂ ਨੂੰ ਠੱਲ ਪਾਉਣ ਲਈ ਟੋਲ ਫ੍ਰੀ ਨੰਬਰ 9779100200 ਜਾਰੀ ਕੀਤਾ ਗਿਆ। ਪੰਜਾਬ ਪੁਲਸ, ਪ੍ਰਸ਼ਾਸਨ ਅਤੇ ਆਮ ਲੋਕਾਂ ਨੂੰ ਨਾਲ ਲੈ ਕੇ ਜਾਗਰੂਕਤਾ ਮੁਹਿੰਮ ਚਲਾਈ ਗਈ, ਜੋ ਕਿ ਨਸ਼ਿਆਂ ਦੇ ਖ਼ਤਮ ਹੋਣ ਤੱਕ ਜਾਰੀ ਰਹੇਗੀ।
ਅੱਜ ਸਮਾਜ ਦਾ ਹਰ ਵਰਗ ਮੁੱਖ ਮੰਤਰੀ ਪੰਜਾਬ ਅਤੇ ਆਮ ਆਦਮੀ ਪਾਰਟੀ ਦੀ ਸ਼ਲਾਘਾ ਕਰ ਰਿਹਾ ਹੈ। ਨਸ਼ੇ ਦਾ ਕਾਰੋਬਾਰ ਕਰਨ ਵਾਲੇ ਭੈ-ਭੀਤ ਹਨ। ਨਸ਼ਿਆਂ ਵਿੱਚ ਫਸੇ ਨੌਜਵਾਨਾਂ ਦਾ ਸਰਕਾਰੀ ਪੱਧਰ 'ਤੇ ਇਲਾਜ ਕੀਤਾ ਜਾ ਰਿਹਾ ਹੈ। ਨਸ਼ਾਂ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਇਸ ਮੁਹਿੰਮ ਵਿੱਚ ਸ਼ਾਮਲ ਸਭ ਲੋਕਾਂ ਦਾ ਧੰਨਵਾਦ ਕਰਦੇ ਹੋਏ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਵਚਨਬੱਧ ਹੋ ਕੇ ਆਮ ਲੋਕਾਂ ਵੱਲੋਂ ਪ੍ਰਸ਼ਾਸਨ ਅਤੇ ਪੁਲਸ ਦੇ ਹੋਰ ਸਹਿਯੋਗ ਦੀ ਮੰਗ ਕਰਦੀ ਹੈ।