ਤੇਰਾ ਪੁੱਤ ਅਸੀਂ ਅਪਰਾਧੀ ਨਾਲ ਫੜ ਲਿਆ, ਪਿਤਾ ਨੂੰ ਆਈ ਕਾਲ ਨੇ ਉਡਾਏ ਹੋਸ਼
Sunday, Feb 04, 2024 - 11:25 AM (IST)
ਲੁਧਿਆਣਾ (ਰਾਜ) : ਭੋਲੇ-ਭਾਲੇ ਲੋਕਾਂ ਨੂੰ ਠੱਗਣ ਲਈ ਸਾਈਬਰ ਕ੍ਰਿਮੀਨਲ ਹਰ ਵਾਰ ਨਵੇਂ-ਨਵੇਂ ਪੈਂਤੜੇ ਅਜ਼ਮਾਉਂਦੇ ਰਹਿੰਦੇ ਹਨ। ਹੁਣ ਫਿਰ ਸਾਈਬਰ ਠੱਗ ਨਵਾਂ ਪੈਂਤੜਾ ਅਜ਼ਮਾ ਰਹੇ ਹਨ। ਕਦੇ ਪੁਲਸ ਵਾਲੇ ਬਣ ਕੇ ਤਾਂ ਕਦੇ ਅਪਰਾਧੀ ਬਣ ਕੇ। ਚੰਡੀਗੜ੍ਹ ਰੋਡ ਦੇ ਇਕ ਪ੍ਰੋਵੀਜ਼ਨਲ ਸਟੋਰ ਮਾਲਕ ਨੂੰ ਸਾਈਬਰ ਠੱਗਾਂ ਨੇ ਠੱਗਣ ਦਾ ਯਤਨ ਕੀਤਾ। ਪੁਲਸ ਵਾਲਾ ਬਣ ਕੇ ਵਿਅਕਤੀ ਨੂੰ ਵਟਸਐੱਪ ’ਤੇ ਕਾਲ ਕਰਕੇ ਕਿਹਾ ਕਿ ਉਸ ਦਾ ਬੇਟਾ ਅਸੀਂ ਫੜਿਆ ਹੈ, ਜੋ ਕਿਸੇ ਅਪਰਾਧੀ ਨਾਲ ਸੀ। ਜੇਕਰ ਉਸ ਨੂੰ ਛੁਡਾਉਣਾ ਚਾਹੁੰਦੇ ਹੋ ਤਾਂ 2 ਲੱਖ ਰੁਪਏ ਬੈਂਕ ਅਕਾਊਂਟ ’ਚ ਟਰਾਂਸਫਰ ਕਰ ਦਿਓ ਪਰ ਦੁਕਾਨਦਾਰ ਨੇ ਅੱਗੋਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਸ ਦਾ ਬੇਟਾ ਅਜੇ ਸਕੂਲ ਗਿਆ ਹੋਇਆ ਹੈ। ਉਹ 10ਵੀਂ ਕਲਾਸ ਦਾ ਵਿਦਿਆਰਥੀ ਹੈ। ਦੁਕਾਨਦਾਰ ਨੇ ਪੁਲਸ ’ਚ ਸ਼ਿਕਾਇਤ ਦੇਣ ਦੀ ਧਮਕੀ ਦਿੱਤੀ ਤਾਂ ਠੱਗ ਨੇ ਅੱਗੋਂ ਧਮਕਾਉਂਦੇ ਹੋਏ ਫੋਨ ਕੱਟ ਦਿੱਤਾ। ਫਿਰ ਦੁਕਾਨਦਾਰ ਨੇ ਸਕੂਲ ਕਾਲ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਬੇਟਾ ਸਕੂਲ ’ਚ ਹੈ। ਫਿਰ ਉਸ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।
ਇਹ ਵੀ ਪੜ੍ਹੋ : ਆਖ਼ਰ ਕਿਉਂ ਦਿੱਤਾ ਪੰਜਾਬ ਗਵਰਨਰ ਨੇ ਅਸਤੀਫ਼ਾ !
ਜਾਣਕਾਰੀ ਦਿੰਦੇ ਹੋਏ ਤਾਜਪੁਰ ਰੋਡ ਦੇ ਜੀ. ਕੇ. ਕਾਲੋਨੀ ਦੇ ਨਰਿੰਦਰ ਜੈਨ ਨੇ ਦੱਸਿਆ ਕਿ ਉਨ੍ਹਾਂ ਦਾ ਸੈਕਟਰ-32 ’ਚ ਪ੍ਰੋਵਿਜ਼ਨਲ ਸਟੋਰ ਹੈ। ਉਨ੍ਹਾਂ ਦਾ ਬੇਟਾ ਪ੍ਰਾਈਵੇਟ ਸਕੂਲ ’ਚ 10ਵੀਂ ਕਲਾਸ ਦਾ ਵਿਦਿਆਰਥੀ ਹੈ। ਸਵੇਰ ਉਨ੍ਹਾਂ ਨੂੰ ਇਕ ਅਣਪਛਾਤੇ ਨੰਬਰ ਤੋਂ ਕਾਲ ਆਈ ਕਿ ਉਨ੍ਹਾਂ ਦਾ ਬੇਟਾ ਸਕੂਲ ਤੋਂ ਬੰਕ ਕਰਕੇ ਇਕ ਅਪਰਾਧੀ ਵਿਅਕਤੀ ਨਾਲ ਜਾ ਰਿਹਾ ਸੀ। ਪੁਲਸ ਨੂੰ ਦੇਖ ਕੇ ਅਪਰਾਧੀ ਤਾਂ ਭੱਜ ਗਿਆ ਪਰ ਉਸ ਦੇ ਬੇਟੇ ਨੂੰ ਫੜ ਲਿਆ ਹੈ। ਅਪਰਾਧੀ ਦੀ ਮਦਦ ਦੇ ਦੋਸ਼ ’ਚ ਉਸ ’ਤੇ ਕੇਸ ਕੀਤਾ ਜਾ ਰਿਹਾ ਹੈ ਜੇਕਰ ਉਹ ਬੇਟੇ ਨੂੰ ਬਚਾਉਣਾ, ਛੁਡਾਉਣਾ ਚਾਹੁੰਦਾ ਹੈ ਤਾਂ 2 ਲੱਖ ਰੁਪਏ ਆਨਲਾਈਨ ਟਰਾਂਸਫਰ ਕਰ ਦੇਵੇ। ਨਰਿੰਦਰ ਜੈਨ ਨੇ ਕਿਹਾ ਕਿ ਉਸ ਦਾ ਬੇਟਾ ਅਜਿਹਾ ਗਲਤ ਕੰਮ ਨਹੀਂ ਕਰ ਸਕਦਾ ਹੈ ਤੇ ਨਾ ਹੀ ਉਸ ਕੋਲ ਪੈਸੇ ਹਨ। ਉਹ ਪੁਲਸ ਨੂੰ ਸ਼ਿਕਾਇਤ ਦੇਣ ਜਾ ਰਿਹਾ ਹੈ, ਜਿਸ ਤੋਂ ਬਾਅਦ ਠੱਗਾਂ ਨੇ ਕਾਲ ਕੱਟ ਦਿੱਤੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਕਾਂਗਰਸ ਛੱਡੂ ਜਾਂ ਫਿਰ ਸਿੱਧੂ ਨੂੰ ਪਾਰਟੀ ਬਾਹਰ ਕੱਢੂ, ਖੜਗੇ ਕਰਨਗੇ 11 ਨੂੰ ਖੜਕਾ!
ਇਸ ਦੌਰਾਨ ਨਰਿੰਦਰ ਜੈਨ ਨੇ ਜਦੋਂ ਸਕੂਲ ਪਤਾ ਕੀਤਾ ਤਾਂ ਉਸ ਦਾ ਬੇਟਾ ਸਕੂਲ ’ਚ ਹੀ ਸੀ। ਇਸ ਤੋਂ ਬਾਅਦ ਉਸ ਨੇ ਥਾਣਾ ਡਵੀਜ਼ਨ ਨੰ.7 ਦੀ ਪੁਲਸ ਨੂੰ ਸਾਰੀ ਘਟਨਾ ਬਾਰੇ ਦੱਸਿਆ। ਉਧਰ, ਐੱਸ. ਐੱਚ. ਓ. ਇੰਸਪੈਕਟਰ ਸੁਖਦੇਵ ਸਿੰਘ ਬਰਾੜ ਨੇ ਦੱਸਿਆ ਕਿ ਪੁਲਸ ਕੋਲ ਮਾਮਲੇ ਦੀ ਸ਼ਿਕਾਇਤ ਆ ਗਈ ਹੈ। ਜਾਂਚ ਜਾਰੀ ਹੈ ਅਤੇ ਜਲਦ ਹੀ ਫੋਨ ਕਰਨ ਵਾਲੇ ਦਾ ਪਤਾ ਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ : ਕਾਂਗਰਸ ਕਲੇਸ਼ ’ਤੇ ਬੋਲੇ ਢਿੱਲੋਂ, ਦਿੱਲੀ ਵਾਲੇ ਹੀ ਕਰਵਾਉਂਦੇ ਹਨ ਸਾਰਾ ਤਮਾਸ਼ਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8