ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਬਜਟ ਦੀ ਤਰੀਕ ਦਾ ਹੋ ਸਕਦੈ ਐਲਾਨ

01/29/2019 8:45:37 AM

ਚੰਡੀਗੜ੍ਹ— ਪੰਜਾਬ ਦਾ ਬਜਟ 18 ਫਰਵਰੀ ਨੂੰ ਪੇਸ਼ ਹੋਣ ਦੀ ਸੰਭਾਵਨਾ ਹੈ। ਇਸ 'ਤੇ ਫਾਈਨਲ ਮੋਹਰ ਅੱਜ ਹੋਣ ਵਾਲੀ ਕੈਬਨਿਟ ਦੀ ਬੈਠਕ 'ਚ ਲੱਗ ਸਕਦੀ ਹੈ। ਉੱਥੇ ਹੀ, ਇਸ ਬੈਠਕ 'ਚ ਕਿਲ੍ਹਾ ਰਾਏਪੁਰ ਦੀਆਂ ਮਿਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਖੇਡਾਂ 'ਚ ਮੁੜ ਬੈਲ ਗੱਡੀਆਂ ਦੀਆਂ ਦੌੜਾਂ ਸ਼ੁਰੂ ਕਰਵਾਉਣ ਲਈ ਬਿਲ 'ਤੇ ਵਿਚਾਰ ਕੀਤੇ ਜਾਣ ਦੀ ਵੀ ਸੰਭਾਵਨਾ ਹੈ।

ਜਾਣਕਾਰੀ ਮੁਤਾਬਕ, ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਸਾਢੇ 11 ਵਜੇ ਹੋਵੇਗੀ, ਜਿਸ 'ਚ ਅਗਲੇ ਬਜਟ ਇਜਲਾਸ ਬਾਰੇ ਫੈਸਲਾ ਕੀਤਾ ਜਾਵੇਗਾ। ਸੂਤਰਾਂ ਮੁਤਾਬਕ, ਬੈਲ ਗੱਡੀਆਂ ਦੀ ਦੌੜ ਸ਼ੁਰੂ ਕਰਵਾਉਣ ਲਈ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਇਸ ਨੂੰ ਕੈਬਨਿਟ ਦੇ ਵਿਚਾਰ ਲਈ ਰੱਖਣਗੇ। ਵਿਭਾਗ ਇਸ ਨੂੰ ਜਲੀਕੱਟੂ ਦੀ ਤਰਜ਼ 'ਤੇ ਸ਼ੁਰੂ ਕਰਵਾਉਣ 'ਤੇ ਵਿਚਾਰ ਕਰ ਰਿਹਾ ਹੈ। ਜਲੀਕੱਟੂ ਤਮਿਲਨਾਡੂ ਦੇ ਪੇਂਡੂ ਇਲਾਕਿਆਂ 'ਚ ਖੇਡਿਆ ਜਾਣ ਵਾਲਾ ਇਕ ਪਰੰਪਰਾਗਤ ਖੇਡ-ਤਿਉਹਾਰ ਹੈ, ਜੋ ਪੋਂਗਲ ਨਾਮ ਦੇ ਤਿਓਹਾਰ ਤੇ ਆਯੋਜਿਤ ਕੀਤਾ ਜਾਂਦਾ ਹੈ।
ਇਸ ਦੇ ਨਾਲ ਹੀ ਮਾਲ ਵਿਭਾਗ ਵਲੋਂ ਵੱਖ-ਵੱਖ ਕੈਟਾਗਰੀਆਂ ਦੀਆਂ ਫੀਸਾਂ ਵਧਾਉਣ ਨੂੰ ਵੀ ਪ੍ਰਵਾਨਗੀ ਮਿਲਣ ਦੀ ਆਸ ਹੈ ਅਤੇ ਤਹਿਸਲੀਦਾਰਾਂ ਦੀਆਂ ਸੇਵਾਵਾਂ ਦੇ ਨਿਯਮਾਂ 'ਚ ਤਬਦੀਲੀ ਨੂੰ ਵੀ ਪ੍ਰਵਾਨਗੀ ਦੇਣ ਦੀ ਤਿਆਰੀ ਹੈ।ਇਸ ਮੀਟਿੰਗ 'ਚ ਪਿੰਡਾਂ ਨੂੰ ਸਮਾਰਟ ਪਿੰਡਾਂ ਵਜੋਂ ਵਿਕਸਤ ਕਰਨ 'ਤੇ ਚਰਚਾ ਕੀਤੇ ਜਾਣ ਦੀ ਵੀ ਸੰਭਾਵਨਾ ਹੈ।


Related News