ਰਿਸ਼ਵਤਖੋਰ ਬਿੱਲ ਅਸਿਸਟੈਂਟ ਨੂੰ ਕਾਨੂੰਨੀ ਹਿਰਾਸਤ 'ਚ ਭੇਜਿਆ

Friday, Jun 08, 2018 - 05:39 AM (IST)

ਚੰਡੀਗੜ੍ਹ, (ਸੰਦੀਪ)- ਸੀ. ਬੀ. ਆਈ. ਦੀ ਐਂਟੀ ਕੁਰੱਪਸ਼ਨ ਬ੍ਰਾਂਚ ਵਲੋਂ ਬੁੱਧਵਾਰ ਨੂੰ 3500 ਰੁਪਏ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤੇ ਗਏ ਸੈਕਟਰ-9 ਸਥਿਤ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਸੀ. ਪੀ. ਡਵੀਜ਼ਨ ਇਕ ਦੇ ਬਿੱਲ ਅਸਿਸਟੈਂਟ ਫਤਿਹ ਸਿੰਘ ਨੂੰ ਅੱਜ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਬਿੱਲ ਅਸਿਸਟੈਂਟ ਰਿਸ਼ਵਤ ਦੀ ਮੰਗ ਮ੍ਰਿਤਕ ਕਰਮਚਾਰੀ ਦਾ ਏਰੀਅਰ ਬਿੱਲ ਪਾਸ ਕਰਨ ਦੇ ਨਣ 'ਤੇ ਮੰਗ ਰਿਹਾ ਸੀ। 
ਮ੍ਰਿਤਕ ਕਰਮਚਾਰੀ ਦੇ ਬੇਟੇ ਰਾਜਿੰਦਰ ਕੁਮਾਰ ਦੀ ਸ਼ਿਕਾਇਤ 'ਤੇ ਸੀ. ਬੀ. ਆਈ. ਨੇ ਫਤਿਹ ਸਿੰਘ ਖਿਲਾਫ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਸੀ। ਸੈਕਟਰ-38 ਵੈਸਟ ਨਿਵਾਸੀ ਰਾਜਿੰਦਰ ਕੁਮਾਰ ਨੇ ਸੀ. ਬੀ. ਆਈ.  ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ ਉਸ ਦੇ ਪਿਤਾ ਧਨ ਸਿੰਘ ਪੀ. ਡਬਲਯੂ. ਡੀ. ਤੋਂ 31 ਜੁਲਾਈ 2010 ਨੂੰ ਰਿਟਾਇਰਡ ਹੋਏ ਸਨ। 19 ਜਨਵਰੀ 2014 ਨੂੰ ਪਿਤਾ ਦੀ ਮੌਤ ਹੋ ਗਈ ਸੀ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਪੈਨਸ਼ਨ ਉਸ ਦੀ ਮਾਂ ਦੇ ਨਾਂ 'ਤੇ ਟ੍ਰਾਂਸਫਰ ਹੋ ਗਈ। ਪੀ. ਡਬਲਯੂ. ਵਿਭਾਗ ਦੇ ਕਰਮਚਾਰੀਆਂ ਦੀ ਪ੍ਰਮੋਸ਼ਨ ਸਬੰਧੀ ਮਾਮਲੇ 'ਚ ਫੈਸਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਰਮਚਾਰੀਆਂ ਦੀ ਹੱਕ ਵਿਚ ਦਿੱਤਾ ਸੀ ਤੇ ਇਸ ਕਾਰਨ ਉਨ੍ਹਾਂ ਦੇ ਪਿਤਾ ਦੀ ਪੈਨਸ਼ਨ ਵਧ ਗਈ ਸੀ। 
ਉਸ ਨੇ ਪਿਤਾ ਦਾ ਏਰੀਅਰ ਲੈਣ ਲਈ ਸੈਕਟਰ-9 ਸਥਿਤ ਇੰਜੀਨੀਅਰਿੰਗ ਡਿਪਾਰਟਮੈਂਟ ਦੀ ਸੀ. ਪੀ. ਡਵੀਜ਼ਨ ਇਕ ਵਿਚ ਅਪਲਾਈ ਕੀਤਾ ਸੀ। ਦਫਤਰ ਵਿਚ ਮੌਜੂਦ ਬਿੱਲ ਅਸਿਸਟੈਂਟ ਫਤਿਹ ਸਿੰਘ ਏਰੀਅਰ ਬਿੱਲ ਬਣਾਉਣ ਤੇ ਪਾਸ ਕਰਵਾਉਣ ਲਈ ਬਹਾਨੇ ਬਣਾਉਣ ਲੱਗਾ। ਬਿੱਲ ਅਸਿਸਟੈਂਟ ਨੇ ਕਿਹਾ ਬਿੱਲ ਪਾਸ ਕਰਵਾਉਣੇ ਹਨ ਤਾਂ 4 ਹਜ਼ਾਰ ਰੁਪਏ ਦੇਣੇ ਹੋਣਗੇ। ਪੈਸੇ ਨਹੀਂ ਦੇਵੇਂਗਾ ਤਾਂ ਉਸ ਦੇ ਬਿੱਲ ਪਾਸ ਨਹੀਂ ਹੋਣਗੇ। ਅਖੀਰ 'ਚ ਫਤਿਹ ਸਿੰਘ ਨੇ 3500 ਰੁਪਏ 'ਚ ਬਿੱਲ ਪਾਸ ਕਰਨ ਦਾ ਵਾਅਦਾ ਕੀਤਾ ਸੀ।


Related News