ਸ਼ੱਕੀ ਹਾਲਾਤ ''ਚ ਨੌਜਵਾਨ ਦੀ ਲਾਸ਼ ਬਰਾਮਦ
Friday, Jan 26, 2018 - 01:53 AM (IST)
ਅੰਮ੍ਰਿਤਸਰ, (ਸੰਜੀਵ)- ਅਟਾਰੀ ਰੋਡ 'ਤੇ ਇੰਡੀਆ ਗੇਟ ਦੇ ਨੇੜੇ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਸ਼ੱਕੀ ਹਾਲਾਤ 'ਚ ਸੜਕ 'ਤੇ ਪਏ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ, ਜਿਸ ਦੀ ਪਛਾਣ ਵਿਜੇ ਕੁਮਾਰ ਵਾਸੀ ਕੋਟ ਖਾਲਸਾ ਦੇ ਰੂਪ ਵਿਚ ਹੋਈ। ਲਾਸ਼ ਦੀ ਹਾਲਤ ਬਿਆਨ ਕਰ ਰਹੀ ਸੀ ਕਿ ਉਸ ਨੂੰ ਹੱਤਿਆ ਕਰ ਕੇ ਸੁੱਟਿਆ ਗਿਆ ਹੈ ਪਰ ਪੁਲਸ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਹੱਤਿਆ ਜਾਂ ਹਾਦਸਾ, ਇਸ ਨੌਜਵਾਨ ਦੇ ਪੋਸਟਮਾਰਟਮ ਉਪਰੰਤ ਹੀ ਪਤਾ ਲੱਗੇਗਾ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਥਾਨਕ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਵਿਜੇ ਦੀ ਭੈਣ ਦੇ ਘਰ ਪੁੱਤਰ ਪੈਦਾ ਹੋਇਆ ਸੀ, ਜਿਸ ਕਾਰਨ ਵਿਜੇ ਆਪਣੇ ਪਰਿਵਾਰ ਨਾਲ ਲੋਪੋਕੇ ਸਥਿਤ ਆਪਣੀ ਭੈਣ ਦੇ ਘਰ ਆਯੋਜਿਤ ਸਮਾਰੋਹ 'ਚ ਗਿਆ ਹੋਇਆ ਸੀ। ਘਰ ਦੇ ਸਾਰੇ ਮੈਂਬਰ ਵਾਪਸ ਪਰਤ ਆਏ ਪਰ ਉਹ ਉਥੇ ਹੀ ਰੁਕ ਗਿਆ ਸੀ। ਰਾਤ ਭਰ ਵਿਜੇ ਦੇ ਵਾਪਸ ਨਾ ਆਉਣ ਕਾਰਨ ਉਸ ਦਾ ਪਰਿਵਾਰ ਉਸ ਨੂੰ ਲੱਭ ਰਿਹਾ ਸੀ ਕਿ ਸਵੇਰੇ ਪੁਲਸ ਵੱਲੋਂ ਸੜਕ ਕੰਢੇ ਪਈ ਲਾਸ਼ ਦੀ ਬਰਾਮਦਗੀ ਉਪਰੰਤ ਉਸ ਦੇ ਘਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ।
