ਲਾਪਤਾ ਵਿਅਕਤੀ ਦੀ ਲਾਸ਼ ਝਾੜੀਆਂ ''ਚੋਂ ਬਰਾਮਦ
Sunday, Oct 22, 2017 - 10:20 AM (IST)
ਮੋਗਾ (ਆਜ਼ਾਦ) - ਕਸਬਾ ਸਮਾਲਸਰ ਨਿਵਾਸੀ ਕੁਲਵੰਤ ਸਿੰਘ (30), ਜੋ ਬੀਤੀ 15 ਅਕਤੂਬਰ ਤੋਂ ਲਾਪਤਾ ਸੀ, ਦੀ ਲਾਸ਼ ਸਮਾਲਸਰ ਦੀ ਨਹਿਰ ਕੋਲੋਂ ਝਾੜੀਆਂ 'ਚੋਂ ਬਰਾਮਦ ਕੀਤੀ ਗਈ, ਜਿਸ ਨੂੰ ਕੁੱਤੇ ਨੋਚ ਰਹੇ ਸਨ। ਇਸ ਬਾਰੇ ਸੂਚਨਾ ਮਿਲਣ 'ਤੇ ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਵਕੀਲ ਸਿੰਘ, ਹੌਲਦਾਰ ਬੂਟਾ ਸਿੰਘ ਅਤੇ ਗਗਨਦੀਪ ਸਿੰਘ ਪੁਲਸ ਮੁਲਾਜ਼ਮ ਨਾਲ ਮੌਕੇ 'ਤੇ ਪਹੁੰਚੇ ਅਤੇ ਆਲੇ-ਦੁਆਲੇ ਦੇ ਲੋਕਾਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜਿਆ।
ਇਸ ਸਬੰਧੀ ਮ੍ਰਿਤਕ ਦੇ ਪਿਤਾ ਗੁਰਦੀਪ ਸਿੰਘ ਦੇ ਬਿਆਨਾਂ 'ਤੇ ਹੌਲਦਾਰ ਬੂਟਾ ਸਿੰਘ ਵੱਲੋਂ ਅ/ਧ 174 ਦੀ ਕਾਰਵਾਈ ਕੀਤੀ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕੁਲਵੰਤ ਸਿੰਘ, ਜੋ ਇਕ ਬੱਚੇ ਦਾ ਪਿਤਾ ਸੀ, ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਰਹਿੰਦਾ ਸੀ। ਉਹ 15 ਅਕਤੂਬਰ ਨੂੰ ਘਰ ਬਿਨਾਂ ਕਿਸੇ ਨੂੰ ਦੱਸੇ ਕਿਤੇ ਚਲਾ ਗਿਆ ਸੀ। ਇਸ ਸਬੰਧੀ 19 ਅਕਤੂਬਰ ਨੂੰ ਸਮਾਲਸਰ ਪੁਲਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਸੀ। ਅੱਜ ਸਵੇਰੇ ਜਦੋਂ ਸਮਾਲਸਰ ਨਿਵਾਸੀ ਮਿੱਠੂ ਸਿੰਘ ਤੇ ਹੋਰ ਵਿਅਕਤੀ ਬੱਕਰੀਆਂ ਚਾਰਦੇ ਹੋਏ ਪੁਲ ਨਹਿਰ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਦੇਖਿਆ ਕਿ ਕੁੱਤੇ ਇਕ ਵਿਅਕਤੀ ਦੀ ਲਾਸ਼ ਨੂੰ ਨੋਚ ਰਹੇ ਹਨ, ਜਿਸ 'ਤੇ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਬੂਟਾ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਮੋਗਾ 'ਚੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਮੌਤ ਹੋਣ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ।
