ਛੇ ਦਿਨ ਪਹਿਲਾਂ ਲਾਪਤਾ ਹੋਏ ਕਿਸਾਨ ਦੀ ਖ਼ੂਹੀ ’ਚੋਂ ਮਿਲੀ ਲਾਸ਼
Sunday, Dec 26, 2021 - 05:36 PM (IST)
ਸੰਦੌੜ (ਰਿਖੀ)-ਨੇੜਲੇ ਪਿੰਡ ਝਨੇਰ ਵਿਖੇ ਲੰਘੀ 20 ਦਸੰਬਰ ਨੂੰ ਭੇਦਭਰੀ ਹਾਲਤ ’ਚ ਲਾਪਤਾ ਹੋਏ ਕਿਸਾਨ ਜਰਨੈਲ ਸਿੰਘ ਦੀ ਲਾਸ਼ ਬੀਤੀ ਰਾਤ ਇਕ ਖੇਤ ’ਚ ਬਣੀ ਖੂਹੀ ’ਚੋਂ ਬਰਾਮਦ ਹੋਣ ਤੋਂ ਬਾਅਦ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ’ਤੇ ਸੰਦੌੜ ਪੁਲਸ ਵੱਲੋਂ ਜਿਸ ਖੂਹੀ ’ਚੋਂ ਮ੍ਰਿਤਕ ਜਰਨੈਲ ਸਿੰਘ ਦੀ ਲਾਸ਼ ਮਿਲੀ ਹੈ, ਉਸ ਖੇਤ ਦੇ ਮਾਲਕ ਅਵਤਾਰ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਝਨੇਰ ਸਮੇਤ ਦੋ ਹੋਰ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸੰਦੌੜ ਦੇ ਮੁਖੀ ਸਿਕੰਦਰ ਸਿੰਘ ਚੀਮਾ ਅਨੁਸਾਰ ਮਾਮਲੇ ’ਚ ਗੁਰਦੀਪ ਸਿੰਘ ਗੱਗੀ ਅਤੇ ਲਛਮਣ ਚੰਦ ਉਰਫ ਨਾਇਤਾ ਦੋਵੇਂ ਵਾਸੀ ਝਨੇਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਤੋਂ ਤਫਤੀਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ਧਮਾਕੇ ਦੇ ਮੁਲਜ਼ਮ ਗਗਨਦੀਪ ਗੱਗੀ ਨੂੰ ਲੈ ਕੇ ਗੁਆਂਢੀਆਂ ਨੇ ਕੀਤੇ ਵੱਡੇ ਖੁਲਾਸੇ
ਦੱਸਣਯੋਗ ਹੈ ਕਿ ਲੰਘੀ ਦੇਰ ਸ਼ਾਮ ਲਾਸ਼ ਮਿਲਣ ਦੀ ਖ਼ਬਰ ਮਿਲਦਿਆਂ ਹੀ ਪੁਲਸ ਪ੍ਰਸ਼ਾਸਨ ਹਰਕਤ ’ਚ ਆ ਗਿਆ ਅਤੇ ਦੇਰ ਰਾਤ ਨਾਇਬ ਤਹਿਸੀਲਦਾਰ ਅਹਿਮਦਗੜ੍ਹ ਪਵਨਜੀਤ ਸਿੰਘ ਦੀ ਹਾਜ਼ਰੀ ’ਚ ਲਾਸ਼ ਨੂੰ ਬਾਹਰ ਕੱਢਿਆ ਗਿਆ। ਮ੍ਰਿਤਕ ਜਰਨੈਲ ਸਿੰਘ ਦੇ ਪੁੱਤਰ ਰਸਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਦੇ ਗੁਆਂਢੀ ਅਵਤਾਰ ਸਿੰਘ ਨਿੱਕੜਾ ਦੇ ਨਾਲ ਉਨ੍ਹਾਂ ਦਾ ਪੁਰਾਣਾ ਵਿਵਾਦ ਚੱਲ ਰਿਹਾ ਸੀ, ਜਿਸ ਕਰਕੇ ਉਨ੍ਹਾਂ ਨੂੰ ਅਵਤਾਰ ਸਿੰਘ ’ਤੇ ਹੀ ਸ਼ੱਕ ਸੀ। ਉਸ ਨੇ ਦੱਸਿਆ ਕਿ ਲੰਘੀ 20 ਦਸੰਬਰ ਨੂੰ ਉਸ ਦਾ ਪਿਤਾ ਘਰੋਂ ਆਪਣੇ ਮੋਟਰਸਾਈਕਲ ’ਤੇ ਖੇਤ ਗਿਆ ਸੀ ਪਰ ਵਾਪਸ ਨਹੀਂ ਮੁੜਿਆ। ਉਸ ਅਨੁਸਾਰ ਉਸ ਦਾ ਪਿਤਾ ਜਦੋਂ ਘਰ ਨਾ ਆਇਆ ਤਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਉਸ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਸ ਕੋਲ ਦਰਜ ਕਰਵਾਈ ਗਈ ਸੀ ਅਤੇ ਉਨ੍ਹਾਂ ਵੱਲੋਂ ਵੀ ਆਪਣੇ ਪੱਧਰ ’ਤੇ ਮ੍ਰਿਤਕ ਦੀ ਭਾਲ ਜਾਰੀ ਸੀ । ਸੰਦੌੜ ਪੁਲਸ ਨੇ ਆਪਣੀ ਮੁੱਢਲੀ ਤਫ਼ਤੀਸ ਵਿਚ ਇਸ ਮਾਮਲੇ ਵਿਚ ਕਥਿਤ ਤੌਰ ’ਤੇ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਜਿਸ ਦੇ ਖੇਤ ’ਚ ਬਣੀ ਖੂਹੀ ਵਿਚੋਂ ਮ੍ਰਿਤਕ ਜਰਨੈਲ ਸਿੰਘ ਦੀ ਲਾਸ਼ ਮਿਲੀ ਹੈ, ਉਹ ਹਾਲੇ ਤੱਕ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਸ ਅਨੁਸਾਰ ਫੜੇ ਗਏ ਵਿਅਕਤੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ