ਭਾਜਪਾ ਦੀਆਂ ਨਜ਼ਰਾਂ ''ਚ ਬਾਦਲ ਦਲ ਦੀ ਕੋਈ ਅਹਿਮੀਅਤ ਨਹੀਂ

Friday, Feb 09, 2018 - 07:06 AM (IST)

ਭਾਜਪਾ ਦੀਆਂ ਨਜ਼ਰਾਂ ''ਚ ਬਾਦਲ ਦਲ ਦੀ ਕੋਈ ਅਹਿਮੀਅਤ ਨਹੀਂ

ਜਲੰਧਰ  (ਚਾਵਲਾ) - 1984 ਸਿੱਖ ਕਤਲੇਆਮ ਦੇ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਦੀ ਕਥਿਤ ਵੀਡੀਓ ਵਾਇਰਲ ਹੋਣ 'ਤੇ ਉਸ ਨੂੰ ਪੁਲਸ ਹਿਰਾਸਤ 'ਚ ਲੈਣ ਲਈ ਬਾਦਲ ਧੜੇ ਵਲੋਂ ਸੜਕਾਂ 'ਤੇ ਪ੍ਰਦਰਸ਼ਨ ਕਰਨ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਮੀਤ ਪ੍ਰਧਾਨ 'ਤੇ ਦਿੱਲੀ ਗੁਰਦੁਆਰਾ ਚੋਣਾਂ ਮਾਮਲੇ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਾਬਜ਼ ਬਾਦਲ ਦਲ ਵਲੋਂ ਟਾਈਟਲਰ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਦਿੱਲੀ ਪੁਲਸ ਹੈੱਡਕੁਆਰਟਰ 'ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਮੂਹਰੇ ਮੁਜ਼ਾਹਰੇ ਕਰਨ ਦੇ ਐਲਾਨ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਮੌਜੂਦਾ ਸਮੇਂ ਭਾਜਪਾ ਦੀਆਂ ਨਜ਼ਰਾਂ 'ਚ ਅਕਾਲੀ ਦਲ (ਬ) ਦੀ ਕੋਈ ਅਹਿਮੀਅਤ ਨਹੀਂ ਰਹਿ ਗਈ ਹੈ। ਅਕਾਲੀ ਦਲ 1984 ਸਿੱਖ ਕਤਲੇਆਮ ਦੇ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਦੇ ਖਿਲਾਫ ਇਕ ਐੱਫ.ਆਈ.ਆਰ. ਦਰਜ ਕਰਵਾਉਣ 'ਚ ਵੀ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਪ੍ਰਧਾਨ ਜੀ. ਕੇ. ਹੁਣ ਹਿੰਮਤ ਕਰਕੇ ਸਭ ਤੋਂ ਪਹਿਲਾਂ ਉਹ ਬਾਦਲ ਦਲ ਨਾਲ ਸਬੰਧਤ ਭਾਜਪਾ ਦੀ ਟਿਕਟ 'ਤੇ ਜਿੱਤੇ ਦਿੱਲੀ ਦੇ ਐੱਮ. ਐੱਲ. ਏ. 'ਤੇ ਸਾਰੇ ਕੌਂਸਲਰਾਂ ਕੋਲੋਂ ਅਸਤੀਫਾ ਦਿਵਾਉਣ 'ਤੇ ਪਾਰਟੀਬਾਜ਼ੀ ਨੂੰ ਦਰਕਿਨਾਰ ਕਰਦੇ ਹੋਏ ਹੋਰਨਾਂ ਪੰਥਕ ਪਾਰਟੀਆਂ 'ਤੇ ਪੰਥਕ ਧੜਿਆਂ ਨਾਲ ਇਕਜੁੱਟ ਹੋ ਕੇ ਇਸ ਮਸਲੇ 'ਚ ਅਗਲੇਰੀ ਕਾਰਵਾਈ ਕਰਨ ਦਾ ਉਪਰਾਲਾ ਕਰਨ । ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਸਰਕਾਰ ਦੇ ਹੁੰਦਿਆਂ ਉਸ ਦੇ ਸਿਆਸੀ ਭਾਈਵਾਲ ਬਾਦਲ ਦਲ 1984 ਕਤਲੇਆਮ ਪੀੜਤਾਂ ਨੂੰ ਇਨਸਾਫ ਦਿਵਾਉਣ 'ਚ ਅਸਮਰੱਥ ਹੈ ਤਾਂ ਇਹ ਧਰਨੇ, ਪ੍ਰਦਰਸ਼ਨ ਤੇ ਮੁਜ਼ਾਹਰੇ ਪੀੜਤਾਂ ਨਾਲ ਖਿਲਵਾੜ ਕਰਕੇ ਸਿਆਸੀ ਰੋਟੀਆਂ ਸੇਕਣ ਤਕ ਹੀ ਸੀਮਤ ਰਹਿ ਜਾਣਗੇ।


Related News