ਤਰਨਤਾਰਨ 'ਚ ਬਿਆਸ ਦਰਿਆ ਖ਼ਤਰੇ ਦੇ ਨਿਸ਼ਾਨ ’ਤੇ, ਦਰਜਨਾਂ ਪਿੰਡਾਂ ’ਚ ਹੜ੍ਹ ਦਾ ਖ਼ਦਸ਼ਾ
Friday, Jul 07, 2023 - 03:38 PM (IST)

ਤਰਨਤਾਰਨ (ਰਮਨ ਚਾਵਲਾ) : ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਬਿਆਸ ਦਰਿਆ ਇਲਾਕੇ ਅੱਧੀ ਦਰਜਨ ਪਿੰਡਾਂ ਦੀ ਕਰੀਬ ਤਿੰਨ ਹਜ਼ਾਰ ਏਕੜ ਫਸਲ ਬੰਨ੍ਹ ਟੁੱਟਣ ਕਾਰਨ ਪਾਣੀ ਦੀ ਮਾਰ ਹੇਠ ਆ ਗਈ ਹੈ, ਜਿਸ ਦੇ ਚੱਲਦਿਆਂ ਜਿੱਥੇ ਕਿਸਾਨਾਂ ’ਚ ਸੂਬਾ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉੱਥੇ ਹੀ ਉਨ੍ਹਾਂ ਵਲੋਂ ਇਸ ਦਾ ਬਣਦਾ ਮੁਆਵਜ਼ਾ ਤੁਰੰਤ ਜਾਰੀ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਇਲਾਕੇ ’ਚ ਆਉਂਦੇ ਦਰਜਨਾਂ ਪਿੰਡਾਂ ਦੀ ਫਸਲ ਹਰ ਸਾਲ ਪਾਣੀ ਦੀ ਮਾਰ ਹੇਠ ਆਉਣ ਕਾਰਨ ਤਬਾਹ ਹੋ ਜਾਂਦੀ ਹੈ, ਜਿਸ ਨੂੰ ਠੀਕ ਕਰਨ ਲਈ ਪੁਰਾਣੀਆਂ ਸਰਕਾਰਾਂ ਵਲੋਂ ਅੱਜ ਤੱਕ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਬਲਰਾਜ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਘੜਕਾ ਨੇ ਦੱਸਿਆ ਕਿ ਉਸਦੀ 20 ਏਕੜ ਜ਼ਮੀਨ ਬਿਆਸ ਦਰਿਆ ਦੇ ਬੰਨ੍ਹ ਟੁੱਟਣ ਕਾਰਨ ਪਾਣੀ ਦੀ ਮਾਰ ਹੇਠ ਆ ਗਈ ਹੈ। ਇਸੇ ਤਰ੍ਹਾਂ ਨਰਿੰਦਰ ਸਿੰਘ ਵਾਸੀ ਘੜਕਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਸਦੀ 20 ਏਕੜ ਝੋਨੇ ਦੀ ਫਸਲ ਜੋ ਹਾਲ ਵਿਚ ਹੀ ਬੀਜੀ ਗਈ ਸੀ ਤਬਾਹ ਹੋ ਚੁੱਕੀ ਹੈ। ਨਿਰਮਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਕਿਸਾਨ ਹਰ ਸਾਲ ਇਸ ਮਾਰ ਹੇਠ ਆ ਜਾਂਦੇ ਹਨ ਪਰ ਜਿੱਥੇ ਪਿਛਲੀਆਂ ਸਰਕਾਰਾਂ ਵਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਉਸੇ ਤਰ੍ਹਾਂ ਮੌਜੂਦਾ ਸਰਕਾਰ ਵਲੋਂ ਵੀ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ। ਇਸੇ ਦੌਰਾਨ ਗੱਲਬਾਤ ਕਰਦੇ ਹੋਏ ਕਈ ਹੋਰ ਕਿਸਾਨਾਂ ਨੇ ਦੱਸਿਆ ਕਿ ਹਰ ਸਾਲ ਹੁੰਦੇ ਇਸ ਨੁਕਸਾਨ ਕਾਰਨ ਕਿਸਾਨਾਂ ਦਾ ਬਹੁਤ ਮਾਡ਼ਾ ਹਾਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਐੱਨ. ਸੀ. ਪੀ. ’ਚ ਟੁੱਟ ਤੋਂ ਬਾਅਦ ਮਹਾਰਾਸ਼ਟਰ ਦੀ ਸ਼ਿੰਦੇ ਸਰਕਾਰ ’ਚ ਮਚਿਆ ਘਮਾਸਾਨ
ਉਨ੍ਹਾਂ ਦੱਸਿਆ ਕਿ ਘੜਕਾ ਕਿਸ਼ਨਪੁਰਾ ਦੇ ਨਾਲ ਲੱਗਦੇ ਕਰੀਬ ਅੱਧੀ ਦਰਜਨ ਪਿੰਡਾਂ ਦੀ ਕਰੀਬ 3 ਹਜ਼ਾਰ ਏਕੜ ਫ਼ਸਲ ਤਬਾਹ ਹੋ ਗਈ ਹੈ। ਕਿਸਾਨਾਂ ਨੇ ਰੋਸ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਆਪਣੇ ਤੌਰ ’ਤੇ ਇਕੱਠੀ ਕੀਤੀ ਗਈ ਰਕਮ ਰਾਹੀਂ ਨਿੱਜੀ ਤੌਰ ਉੱਪਰ ਬੰਨ੍ਹ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਬੀਤੇ ਕੱਲ੍ਹ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਬੰਨ੍ਹ ਟੁੱਟ ਗਿਆ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕਈ ਮਸ਼ੀਨਾਂ ਵੀ ਪਾਣੀ ਦੀ ਮਾਰ ਹੇਠ ਆ ਗਈਆਂ ਹਨ। ਸਬੰਧਿਤ ਕਿਸਾਨਾਂ ਨੇ ਮੁੱਖ ਮੰਤਰੀ ਪੰਜਾਬ ਪਾਸੋਂ ਇਸ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਜਲਦ ਤੋਂ ਜਲਦ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਦੱਸਿਆ ਕਿ ਕਿਸ ਹੋਏ ਨੁਕਸਾਨ ਸਬੰਧੀ ਉਹ ਸਬੰਧਿਤ ਐੱਸ.ਡੀ.ਐੱਮ. ਨੂੰ ਜਾਂਚ ਦੇ ਆਦੇਸ਼ ਜਾਰੀ ਕਰ ਰਹੇ ਹਨ, ਜਿਸ ਤੋਂ ਬਾਅਦ ਬਣਦਾ ਮੁਆਵਜ਼ਾ ਕਿਸਾਨਾਂ ਨੂੰ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ 8 ਮਹੀਨਿਆਂ ਬਾਅਦ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
‘ਜਗਬਾਣੀ’ ਦੀ ਆਈਫੋਨ ਐਪ ਨੂੰ ਕਰੋ ਡਾਊਨਲੋਡ
https://apps.apple.com/in/app/jagbani/id538323711
‘ਜਗਬਾਣੀ’ ਦੀ ਐਂਡਰਾਇਡ ਐਪ ਨੂੰ ਕਰੋ ਡਾਊਨਲੋਡ
https://play.google.com/store/apps/details?id=com.jagbani&hl=en&gl=US