ਵਿੱਤ ਮੰਤਰੀ ’ਤੇ ਫੰਡ ਰੋਕਣ ਦੇ ਦੋਸ਼, ਮੇਅਰ ਤੇ ਅਕਾਲੀ-ਭਾਜਪਾ ਕੌਂਸਲਰ ਬੈਠੇ ਧਰਨੇ ’ਤੇ

08/21/2018 2:13:15 AM

 ਬਠਿੰਡਾ, (ਜ.ਬ.)- ਪੰਜਾਬ ਸਰਕਾਰ ਖਾਸ ਕਰ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਬਠਿੰਡਾ ਮਹਾਨਗਰ ਦੇ ਵਿਕਾਸ ਦੇ ਸਾਰੇ ਫੰਡ ਰੋਕਣ ਦੇ ਦੋਸ਼ ਲਾਉਂਦਿਆਂ ਨਗਰ ਨਿਗਮ ’ਤੇ ਕਾਬਜ਼ ਅਕਾਲੀ-ਭਾਜਪਾ ਦੇ ਮੇਅਰ ਬਲਵੰਤ ਰਾਏ ਨਾਥ ਤੇ ਅਕਾਲੀ-ਭਾਜਪਾ ਦੇ ਕੌਂਸਲਰਾਂ ਨੇ ਨਗਰ ਨਿਗਮ ਦਫਤਰ ਵਿਚ ਧਰਨਾ  ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਧਰਨੇ ਵਿਚ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਵੀ ਸ਼ਿਰਕਤ ਕਰ ਕੇ ਵਿੱਤ ਮੰਤਰੀ ਖਿਲਾਫ ਗੁੱਸਾ ਕੱਢਿਆ। ਮੇਅਰ ਬਲਵੰਤ ਰਾਏ ਨਾਥ ਤੇ ਕੌਂਸਲਰਾਂ ਨੇ ਕਿਹਾ ਕਿ ਜੇਕਰ 5 ਦਿਨਾਂ ’ਚ ਸਰਕਾਰ ਨੇ ਜ਼ਰੂਰੀ ਕੰਮਾਂ ਲਈ ਫੰਡ ਜਾਰੀ ਨਾ ਕੀਤੇ ਤਾਂ ਅਕਾਲੀ-ਭਾਜਪਾ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੌਰਾਨ ਧਰਨਾਕਾਰੀਆਂ ਨੇ ਵਿੱਤ ਮੰਤਰੀ ਖਿਲਾਫ ਨਾਅਰੇਬਾਜ਼ੀ ਕਰ ਕੇ ਗੁੱਸਾ ਕੱਢਿਆ। ਨਗਰ ਨਿਗਮ ਦਫਤਰ ’ਚ ਹੀ ਲਾਏ ਧਰਨੇ ’ਤੇ ਬੈਠੇ ਮੇਅਰ ਬਲਵੰਤ ਰਾਏ ਨਾਥ ਨੇ ਕਿਹਾ ਕਿ ਲੋਕਾਂ ਨੇ ਮਨਪ੍ਰੀਤ ਸਿੰਘ ਬਾਦਲ ਨੂੰ  ਚੋਣਾਂ ’ਚ ਸ਼ਾਨਦਾਰ ਜਿੱਤ ਦਿਵਾਈ ਤੇ ਲੋਕਾਂ ਨੂੰ ਉਮੀਦ ਸੀ ਕਿ ਉਹ ਬਠਿੰਡਾ ਦੇ ਵਿਕਾਸ ਨੂੰ ਹੋਰ ਤੇਜ਼ ਕਰਨਗੇ ਪਰ ਵਿੱਤ ਮੰਤਰੀ ਬਣਦੇ ਹੀ ਮਨਪ੍ਰੀਤ ਸਿੰਘ ਬਾਦਲ ਨੇ ਪਹਿਲਾ ਕੰਮ ਨਗਰ ਨਿਗਮ ਨੂੰ ਆਉਣ ਵਾਲੇ ਸਾਰੇ ਫੰਡ  ਰੋਕਣ ਦਾ ਕੀਤਾ। ਸੀਵਰੇਜ, ਸਡ਼ਕਾਂ ਤੇ ਹੋਰ ਸਾਰੇ ਵਿਕਾਸ ਕੰਮਾਂ ਦੇ ਫੰਡ ਰੋਕ ਦਿੱਤੇ ਗਏ, ਜਿਸ ਨਾਲ ਸਾਰੇ ਵਿਕਾਸ ਦੇ ਕੰਮ ਠੱਪ ਹੋ ਗਏ। ਸੀਵਰੇਜ ਸਮੱਸਿਆ ਗੰਭੀਰ ਹੋ ਗਈ, ਜਿਸ ਦਾ ਖਮਿਆਜ਼ਾ ਲੋਕ ਭੁਗਤ ਰਹੇ ਹਨ। ਸਰਕਾਰ ਨੇ ਨਗਰ ਨਿਗਮ ਨੂੰ ਉਸਦਾ ਵੈਟ ਰਿਫੰਡ ਵੀ ਜਾਰੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਨਿਗਮ ’ਤੇ ਅਕਾਲੀ-ਭਾਜਪਾ ਦਾ ਕਬਜ਼ਾ ਹੋਣ ਕਾਰਨ ਉਨ੍ਹਾਂ ਨਾਲ ਮਤਭੇਦ ਦੀ ਨੀਤੀ ਅਪਣਾਈ ਜਾ ਰਹੀ ਹੈ ਜੋ ਬਠਿੰਡਾ ਦੇ ਲੋਕਾਂ ਨਾਲ ਧੋਖਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਫੰਡ ਜਾਰੀ ਕਰੇ ਤਾਂ ਕਿ ਰੁਕੇ ਹੋਏ ਕੰਮ ਹੋ ਸਕਣ ਅਤੇ ਲੋਕਾਂ ਨੂੰ ਰਾਹਤ ਮਿਲ ਸਕੇ। ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਚੁਣੇ ਗਏ ਉਮੀਦਵਾਰਾਂ ਨਾਲ ਵਿੱਤ ਮੰਤਰੀ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਸਰਕਾਰ ਨੇ ਏਮਜ਼ ਤੱਕ ਦੇ ਫੰਡਜ਼ ਰੋਕ ਦਿੱਤੇ ਹਨ, ਜਿਸ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਹੋਣ ਵਾਲਾ ਸੀ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਵੱਲੋਂ ਬਠਿੰਡਾ ਦੇ ਵਿਕਾਸ ’ਤੇ ਰਾਜਨੀਤੀ ਕਰਦਿਆਂ ਨਗਰ ਨਿਗਮ ਦੇ ਕੰਮਾਂ ਦੇ ਫੰਡਜ਼ ਨਗਰ ਸੁਧਾਰ ਟਰੱਸਟ ਨੂੰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਨਿਗਮ ਨੇ ਤੁਰੰਤ ਫੰਡ ਜਾਰੀ ਨਾ ਕੀਤੇ ਤਾਂ ਅਕਾਲੀ-ਭਾਜਪਾ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਧਰਨੇ ਵਿਚ ਅਕਾਲੀ ਦਲ -ਭਾਜਪਾ ਦੇ 20  ਦੇ ਕਰੀਬ ਕੌਂਸਲਰਾਂ ਨੇ ਸ਼ਿਰਕਤ ਕੀਤੀ, ਜਦਕਿ ਭਾਜਪਾ ਦੇ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ ਤੇ ਡਿਪਟੀ ਮੇਅਰ ਗੁਰਿੰਦਰਪਾਲ ਕੌਰ ਮਾਂਗਟ ਇਸ ਧਰਨੇ ਤੋਂ ਦੂਰ ਰਹੇ। 


Related News