ਨਗਰ ਨਿਗਮ ਦੀਆਂ ਸੜਕਾਂ ਤੇ ਗਲੀਆਂ ਤੋੜਨ ਵਾਲੀਆਂ ਕੰਪਨੀਆਂ ਖਿਲਾਫ ਹੋਵੇਗੀ ਕਾਰਵਾਈ

Sunday, Jul 16, 2017 - 11:44 AM (IST)

ਹੁਸ਼ਿਆਰਪੁਰ(ਘੁੰਮਣ)— ਨਗਰ ਨਿਗਮ ਵੱਲੋਂ ਬਣਾਈਆਂ ਗਈਆਂ ਨਵੀਆਂ ਸੜਕਾਂ ਦੀ ਕੁਝ ਪ੍ਰਾਈਵੇਟ ਕੰਪਨੀਆਂ ਵੱਲੋਂ ਨਾਜਾਇਜ਼ ਤੌਰ 'ਤੇ ਭੰਨਤੋੜ ਕਰਕੇ ਤਾਰਾਂ ਪਾਉਣ ਦੀ ਕਾਰਵਾਈ ਦਾ ਗੰਭੀਰ ਨੋਟਿਸ ਲੈਂਦੇ ਹੋਏ ਉਨ੍ਹਾਂ ਵਿੱਰੁਧ ਸਖਤ ਕਾਰਵਾਈ ਆਰੰਭ ਕਰ ਦਿੱਤੀ ਹੈ। ਇਹ ਜਾਣਕਾਰੀ ਨਗਰ ਨਿਗਮ ਦੇ ਕਾਰਜ ਸਾਧਕ ਅਫਸਰ ਰਮੇਸ਼ ਕੁਮਾਰ ਨੇ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਮਾਲ ਰੋਡ 'ਤੇ ਇਕ ਪ੍ਰਾਈਵੇਟ ਕੰਪਨੀ ਵੱਲੋਂ ਨਾਜਾਇਜ਼ ਤੌਰ 'ਤੇ ਸੜਕ ਨੂੰ ਤੋੜੇ ਜਾਣ ਸਬੰਧੀ ਕੀਤੀ ਜਾ ਰਹੀ ਕਾਰਵਾਈ ਦੀ ਇਕ ਗੁਪਤ ਸੂਚਨਾ ਨਗਰ ਨਿਗਮ ਨੂੰ ਮਿਲੀ ਸੀ, ਜਿਸ 'ਤੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਕੰਪਨੀ ਖਿਲਾਫ ਬਣਦੀ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ। 
ਉਨ੍ਹਾਂ ਦੱਸਿਆ ਕਿ ਇਸੇ ਕੰਪਨੀ ਵੱਲੋਂ ਕੁਝ ਦਿਨ ਪਹਿਲਾਂ ਵੀ ਮਾਲ ਰੋਡ 'ਤੇ ਨਾਜਾਇਜ਼ ਤੌਰ 'ਤੇ ਤਾਰਾਂ ਪਾਉਣ ਦਾ ਕੰਮ ਕੀਤਾ ਗਿਆ ਸੀ, ਜਿਸ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਦੀਆਂ ਤਾਰਾਂ ਕਬਜ਼ੇ ਵਿਚ ਲੈ ਕੇ ਪੁਲਸ ਵਿਭਾਗ ਨੂੰ ਬਣਦੀ ਕਾਰਵਾਈ ਲਈ ਲਿਖਿਆ ਹੈ। 
ਕਾਰਜਸਾਧਕ ਅਫਸਰ ਰਮੇਸ਼ ਕੁਮਾਰ ਨੇ ਪ੍ਰਾਈਵੇਟ ਕੰਪਨੀਆਂ ਅਤੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਉਹ ਨਗਰ ਨਿਗਮ ਦੀ ਕਿਸੇ ਵੀ ਸੜਕ ਜਾਂ ਗਲੀ ਨੂੰ ਤੋੜਨ ਜਾਂ ਪੁੱਟਣ ਤੋਂ ਪਹਿਲਾਂ ਨਗਰ ਨਿਗਮ ਤੋਂ ਅਗਾਊਂ ਪ੍ਰਵਾਨਗੀ ਲੈਣ। ਅਜਿਹਾ ਨਾ ਕਰਨ ਦੀ ਸੂਰਤ 'ਚ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News