ਠੱਗੀ ਦੇ ਦੋਸ਼ਾਂ ''ਚ ਘਿਰੀ ਨੂੰਹ ਭੇਜੀ ਜੇਲ, ਸਹੁਰਾ ਪੁਲਸ ਰਿਮਾਂਡ ''ਤ

Tuesday, Jul 11, 2017 - 05:58 AM (IST)

ਠੱਗੀ ਦੇ ਦੋਸ਼ਾਂ ''ਚ ਘਿਰੀ ਨੂੰਹ ਭੇਜੀ ਜੇਲ, ਸਹੁਰਾ ਪੁਲਸ ਰਿਮਾਂਡ ''ਤ

ਮੋਹਾਲੀ,  (ਕੁਲਦੀਪ)-  ਚੰਡੀਗੜ੍ਹ ਦੇ ਸੈਕਟਰ-21 ਵਿਚ ਕੋਠੀ ਵੇਚਣ ਦੇ ਨਾਂ 'ਤੇ ਕਰੋੜਾਂ ਰੁਪਇਆਂ ਦੀ ਠੱਗੀ ਕਰਨ ਵਾਲੀ ਰੋਜ਼ੀ ਵਿਬਰਾ ਨਾਂ ਦੀ ਮਹਿਲਾ ਨੂੰ ਅੱਜ ਪੁਲਸ ਰਿਮਾਂਡ ਖਤਮ ਹੋਣ ਉਪਰੰਤ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਅਦਾਲਤ ਨੇ ਉਸਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ । ਇਸ ਦੌਰਾਨ ਪੁਲਸ ਨੇ ਉਸਦੇ ਸਹੁਰੇ ਇੰਦਰਜੀਤ ਵਿਬਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ । ਅੱਜ ਇੰਦਰਜੀਤ ਵਿਬਰਾ ਨੂੰ ਵੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸਨੂੰ ਦੋ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ । ਪੁਲਸ ਸਟੇਸ਼ਨ ਮਟੌਰ ਤੋਂ ਜਾਂਚ ਅਧਿਕਾਰੀ ਏ. ਐੱਸ. ਆਈ. ਮਨੋਹਰ ਲਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ।
ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਮਨੋਹਰ ਲਾਲ ਨੇ ਦੱਸਿਆ ਕਿ ਪੁਲਸ ਨੂੰ ਫੇਜ਼-7 ਨਿਵਾਸੀ ਚਰਨ ਕੰਵਲ ਸੰਧੂ (ਲਾਲੀ ਸੰਧੂ) ਨੇ ਸ਼ਿਕਾਇਤ ਦਿੱਤੀ ਸੀ । ਸ਼ਿਕਾਇਤ ਵਿਚ ਉਨ੍ਹਾਂ ਦੱਸਿਆ ਕਿ ਉਹ ਸਾਲ 2016 ਵਿਚ ਲੁਧਿਆਣਾ ਤੋਂ ਮੋਹਾਲੀ ਆ ਕੇ ਰਹਿ ਰਹੇ ਸਨ ਅਤੇ ਕੋਈ ਕੋਠੀ ਖਰੀਦਣ ਲਈ ਲੱਭ ਰਹੇ ਸਨ । ਇਸ ਦੌਰਾਨ ਉਨ੍ਹਾਂ ਦੇ ਇਕ ਦੋਸਤ ਨੇ ਉਨ੍ਹਾਂ ਨੂੰ ਵਿਕਾਸ ਵਿਬਰਾ ਨਾਂ ਦੇ ਵਿਅਕਤੀ ਨਾਲ ਮਿਲਾਇਆ । ਵਿਕਾਸ ਨੇ ਚੰਡੀਗੜ੍ਹ ਦੇ ਸੈਕਟਰ-21 ਵਿਚ ਇਕ ਕੋਠੀ ਆਪਣੀ ਮਲਕੀਅਤ ਵਾਲੀ ਦੱਸੀ ਅਤੇ ਉਸ ਕੋਠੀ ਦਾ ਸੌਦਾ ਤੈਅ ਹੋ ਗਿਆ । ਉਸਦੇ ਬਾਅਦ ਵਿਕਾਸ ਵਿਬਰਾ, ਉਸਦੇ ਪਿਤਾ ਇੰਦਰਜੀਤ ਵਿਬਰਾ ਅਤੇ ਪਤਨੀ ਰੋਜ਼ੀ ਵਿਬਰਾ ਨੇ ਲਾਲੀ ਸੰਧੂ ਤੋਂ 1 ਕਰੋੜ 90 ਲੱਖ ਰੁਪਏ ਬਿਆਨੇ ਵਜੋਂ ਲੈ ਲਏ ਪਰ ਬਾਅਦ ਵਿਚ ਰਜਿਸਟਰੀ ਕਰਵਾਉਣ ਤੋਂ ਆਨਾਕਾਨੀ ਕਰਨ ਲੱਗੇ । ਜਦੋਂ ਲਾਲੀ ਸੰਧੂ ਉਨ੍ਹਾਂ ਦੇ ਘਰ ਪੈਸੇ ਵਾਪਿਸ ਮੰਗਣ ਗਿਆ ਤਾਂ ਉਨ੍ਹਾਂ ਨੇ ਉਸਨੂੰ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦਿੱਤੀ ਅਤੇ ਵਾਪਿਸ ਭੇਜ ਦਿੱਤਾ । ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਉਸਨੇ ਪੁਲਸ ਥਾਣੇ ਦਿੱਤੀ ਤਾਂ ਪੁਲਸ ਨੇ ਵੀ ਉਸਦੀ ਨਹੀਂ ਸੁਣੀ । ਉਸਦੇ ਬਾਅਦ ਸੰਧੂ ਨੇ ਮੋਹਾਲੀ ਦੀ ਅਦਾਲਤ ਵਿਚ ਸ਼ਿਕਾਇਤ ਦਾਇਰ ਕੀਤੀ, ਜਿਸ ਤੋਂ ਬਾਅਦ ਅਦਾਲਤੀ ਹੁਕਮਾਂ 'ਤੇ ਪੁਲਸ ਸਟੇਸ਼ਨ ਮਟੌਰ ਵਿਚ ਵਿਕਾਸ ਵਿਬਰਾ, ਇੰਦਰਜੀਤ ਵਿਬਰਾ ਅਤੇ ਰੋਜ਼ੀ ਵਿਬਰਾ ਦੇ ਖਿਲਾਫ ਠੱਗੀ ਦਾ ਕੇਸ ਦਰਜ ਕਰ ਲਿਆ ਗਿਆ ਸੀ । ਪੁਲਸ ਨੇ ਰੋਜ਼ੀ ਵਿਬਰਾ ਨੂੰ ਗ੍ਰਿਫਤਾਰ ਕਰ ਕੇ ਪੁਲਸ ਰਿਮਾਂਡ 'ਤੇ ਲਿਆ ਸੀ, ਜਿਸ ਦਾ ਅੱਜ ਰਿਮਾਂਡ ਖਤਮ ਹੋਣ 'ਤੇ ਉਸਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਅਦਾਲਤ ਨੇ ਉਸਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ । ਅੱਜ ਉਸਦੇ ਸਹੁਰੇ ਇੰਦਰਜੀਤ ਵਿਬਰਾ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ । ਪੁਲਸ ਹੁਣ ਵਿਕਾਸ ਵਿਬਰਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।


Related News