ਜਲੰਧਰ ''ਚ ਟੇਲਰ ਕਟਿੰਗ ਮਾਸਟਰ ਦਾ ਕਤਲ ਕਰਨ ਵਾਲਾ ਸਾਥੀ ਗ੍ਰਿਫ਼ਤਾਰ
Saturday, Aug 05, 2023 - 11:23 AM (IST)

ਜਲੰਧਰ (ਰਮਨ)–ਵਿਨੇ ਨਗਰ ਸ਼ੇਰ-ਏ-ਪੰਜਾਬ ਵਾਲੀ ਗਲੀ ਵਿਚ ਬੀਤੇ ਦਿਨ ਟੇਲਰ ਕਟਿੰਗ ਮਾਸਟਰ ਨੂੰ ਉਸ ਦੇ ਨਾਲ ਕੰਮ ਕਰਨ ਵਾਲੇ ਸਾਥੀ ਸੇਲਜ਼ਮੈਨ ਨੇ ਬੇਰਹਿਮੀ ਨਾਲ ਇੱਟਾਂ ਮਾਰ-ਮਾਰ ਕੇ ਕਤਲ ਕਰ ਦਿੱਤਾ ਸੀ। ਕਤਲ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪੁਲਸ ਟੀਮਾਂ ਨੇ ਕੁਝ ਹੀ ਘੰਟਿਆਂ ਵਿਚ ਹੀ ਕਤਲ ਦੀ ਇਸ ਵਾਰਦਾਤ ਨੂੰ ਟਰੇਸ ਕਰ ਲਿਆ ਅਤੇ 42 ਸਾਲਾ ਮਾਸਟਰ ਨੂੰ ਕਤਲ ਕਰਕੇ ਭੱਜੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ।
ਮ੍ਰਿਤਕ ਦੀ ਪਛਾਣ ਰਾਜਿੰਦਰ ਪੁੱਤਰ ਬ੍ਰਹਮਗਿਆਨੀ ਪਿੰਡ ਰੁਸਤਮਪੁਰ ਖ਼ਾਸ, ਜ਼ਿਲ੍ਹਾ ਬਿਲਾਰੀ, ਮੁਰਾਦਾਬਾਦ (ਯੂ. ਪੀ.), ਹਾਲ ਨਿਵਾਸੀ ਵਿਨੇ ਨਗਰ ਵਜੋਂ ਹੋਈ ਹੈ, ਜਿਹੜਾ ਵਿਨੇ ਨਗਰ ਵਿਚ ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ਵਿਚ ਕੰਮ ਕਰਦਾ ਸੀ। ਪੁਲਸ ਨੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤੀ ਹੈ। ਪੁਲਸ ਨੇ ਉਸ ਦੇ ਕਤਲ ਦੇ ਦੋਸ਼ ਵਿਚ ਉਸ ਦੇ ਨਾਲ ਰਹਿੰਦੇ ਨੌਜਵਾਨ ਸੰਨੀ ਮਰਵਾਹਾ ਨਿਵਾਸੀ ਭਾਰਤ ਨਗਰ ਹੁਸ਼ਿਆਰਪੁਰ, ਹਾਲ ਨਿਵਾਸੀ ਵਿਨੇ ਨਗਰ ਨੂੰ ਕੁਝ ਘੰਟਿਆਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਵਾਰਦਾਤ, ਦਿਨ ਚੜ੍ਹਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਕਟਿੰਗ ਮਾਸਟਰ ਰਾਜਿੰਦਰ ਵਿਨੇ ਨਗਰ ਦੇ ਡਰੈੱਸ ਗੁਰੂ ਸ਼ੋਅਰੂਮ ਵਿਚ ਕੰਮ ਕਰਦਾ ਸੀ। ਉਸ ਦੇ ਨਾਲ ਸੰਨੀ ਨਾਂ ਦਾ ਨੌਜਵਾਨ ਰਹਿੰਦਾ ਸੀ, ਜਿਹੜਾ ਕਿ ਉਸ ਦੇ ਨਾਲ ਹੀ ਸੇਲਜ਼ਮੈਨ ਦਾ ਕੰਮ ਕਰਦਾ ਸੀ ਅਤੇ ਦੋਵੇਂ ਵਿਨੇ ਨਗਰ ਵਿਚ ਪਹਿਲੀ ਮੰਜ਼ਿਲ ’ਤੇ ਸਥਿਤ ਇਕ ਹੀ ਕਮਰੇ ਵਿਚ ਕਿਰਾਏ ’ਤੇ ਰਹਿੰਦੇ ਸਨ। ਰਾਜਿੰਦਰ ਦੀ ਮੌਤ ਤੋਂ ਬਾਅਦ ਸੰਨੀ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। ਸੂਚਨਾ ਮਿਲਣ ’ਤੇ ਏ. ਡੀ. ਸੀ. ਪੀ.-1 ਬਲਵਿੰਦਰ ਸਿੰਘ ਰੰਧਾਵਾ, ਏ. ਸੀ. ਪੀ. ਨਿਰਮਲ ਸਿੰਘ ਅਤੇ ਥਾਣਾ ਰਾਮਾ ਮੰਡੀ ਦੇ ਇੰਚਾਰਜ ਰਾਜੇਸ਼ ਕੁਮਾਰ ਦੇ ਨਾਲ ਫਿੰਗਰ ਪ੍ਰਿੰਟ ਮਾਹਿਰਾਂ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਪੁਲਸ ਨੂੰ ਸੰਨੀ ’ਤੇ ਰਾਜਿੰਦਰ ਦੇ ਕਤਲ ਦਾ ਸ਼ੱਕ ਸੀ। ਏ. ਸੀ. ਪੀ. ਨਿਰਮਲ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਕਤਲ ਦੀ ਕੋਈ ਵਜ੍ਹਾ ਸਾਹਮਣੇ ਨਹੀਂ ਆਈ। ਰਾਜਿੰਦਰ ਨੂੰ ਇੱਟਾਂ ਮਾਰ-ਮਾਰ ਕੇ ਕਤਲ ਕੀਤਾ ਗਿਆ ਸੀ।
ਏ. ਸੀ. ਪੀ. ਨਿਰਮਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸੰਨੀ ਦੇ ਸਾਥੀਆਂ ਤੋਂ ਫੋਨ ਨੰਬਰ ਲੈ ਕੇ ਉਸਦੀ ਲੋਕੇਸ਼ਨ ਕਢਵਾ ਕੇ ਟਰੇਸ ਕਰਨ ਦੇ ਕੁਝ ਘੰਟਿਆਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਸੰਨੀ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਏ. ਸੀ. ਪੀ. ਨੇ ਦੱਸਿਆ ਕਿ ਕਤਲ ਤੋਂ ਬਾਅਦ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਦੀ ਮਦਦ ਨਾਲ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸੰਨੀ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਨੀ ਮਾਨਸਿਕ ਰੂਪ ਨਾਲ ਬੀਮਾਰ ਲੱਗਦਾ ਹੈ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਜਲੰਧਰ: ਅਧਿਆਪਕ ਨੇ ਨਾਬਾਲਗ ਵਿਦਿਆਰਥਣ ਨਾਲ ਕੀਤਾ ਜਬਰ-ਜ਼ਿਨਾਹ, ਗਰਭਵਤੀ ਹੋਣ 'ਤੇ ਖੁੱਲ੍ਹਿਆ ਭੇਤ
ਰਾਤ ਨੂੰ ਦੋਵਾਂ ਨੇ ਇਕੱਠੇ ਹੀ ਪੀਤੀ ਸੀ ਸ਼ਰਾਬ
ਰਾਜਿੰਦਰ ਦੇ ਕਤਲ ਮਗਰੋਂ ਪੁਲਸ ਨੂੰ ਉਸ ਦੇ ਕਮਰੇ ਵਿਚੋਂ ਸ਼ਰਾਬ ਦੀ ਖਾਲੀ ਬੋਤਲ ਵੀ ਮਿਲੀ, ਜਿਹੜੀ ਕਿ ਪੂਰੀ ਤਰ੍ਹਾਂ ਨਾਲ ਖਾਲੀ ਸੀ। ਪੁਲਸ ਨੇ ਦੱਸਿਆ ਕਿ ਦੋਵਾਂ ਨੇ ਰਾਤ ਨੂੰ ਸ਼ਰਾਬ ਪੀਤੀ ਸੀ। ਉਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਝਗੜਾ ਹੋ ਗਿਆ ਸੀ, ਜਿਸ ਕਾਰਨ ਸੰਨੀ ਨੇ ਰਾਜਿੰਦਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਖਾਲੀ ਬੋਤਲ ਦੇ ਨਾਲ ਕਮਰੇ ਵਿਚ ਪਏ ਮੰਜੇ, ਇੱਟ ਤੋਂ ਇਲਾਵਾ ਕਾਫ਼ੀ ਸਾਮਾਨ ਨੂੰ ਕਬਜ਼ੇ ਵਿਚ ਲੈ ਲਿਆ, ਜਿਸ ਦੀ ਜਾਂਚ ਸ਼ੁਰੂ ਹੈ।
ਸੰਨੀ ਅਤੇ ਰਾਜਿੰਦਰ ਨਾ ਪਹੁੰਚੇ ਤਾਂ ਪਤਾ ਕਰਨ ਗਿਆ ਸੀ ਦੁਕਾਨ ਦਾ ਕਰਮਚਾਰੀ
ਡਰੈੱਸ ਗੁਰੂ ਦੁਕਾਨ ਦੇ ਮਾਲਕ ਸਾਗਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਰੈਡੀਮੇਡ ਕੱਪੜਿਆਂ ਦਾ ਸ਼ੋਅਰੂਮ ਹੈ। ਉਹ ਕੱਲ ਹੀ ਦੂਜੇ ਸੂਬੇ ਤੋਂ ਵਾਪਸ ਆਏ ਹਨ। ਲੰਮਾ ਪਿੰਡ ਨੇੜੇ ਉਨ੍ਹਾਂ ਦਾ ਗੋਦਾਮ ਹੈ, ਜਿੱਥੇ ਸੰਨੀ ਅਤੇ ਰਾਜਿੰਦਰ ਦੋਵੇਂ ਰਹਿੰਦੇ ਸਨ। ਸੰਨੀ ਲਾਕਡਾਊਨ ਦੌਰਾਨ ਉਨ੍ਹਾਂ ਕੋਲ ਕੰਮ ਕਰਦਾ ਸੀ ਅਤੇ ਵਿਚਾਲੇ ਚਲਾ ਗਿਆ ਸੀ ਅਤੇ ਲਗਭਗ ਇਕ ਮਹੀਨਾ ਪਹਿਲਾਂ ਵਾਪਸ ਆਇਆ ਸੀ, ਜਦਕਿ ਮਾਸਟਰ ਰਾਜਿੰਦਰ ਵੀ ਇਕ ਮਹੀਨਾ ਪਹਿਲਾਂ ਕਟਿੰਗ ਲਈ ਲੱਗਾ ਸੀ। ਸਵੇਰੇ ਜਦੋਂ ਦੋਵੇਂ ਦੁਕਾਨ ’ਤੇ ਨਾ ਪੁੱਜੇ ਤਾਂ ਕੰਮ ਕਰਨ ਵਾਲੇ ਇਕ ਹੋਰ ਕਰਮਚਾਰੀ ਨੂੰ ਮੌਕੇ ’ਤੇ ਭੇਜਿਆ ਤਾਂ ਉਸ ਨੇ ਵੇਖਿਆ ਕਿ ਰਾਜਿੰਦਰ ਖ਼ੂਨ ਵਿਚ ਲਥਪਥ ਪਿਆ ਸੀ। ਉਸ ਨੇ ਤੁਰੰਤ ਉਸ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ। ਦੂਜੇ ਪਾਸੇ ਮੌਕੇ ’ਤੇ ਸਾਰਾ ਸਾਮਾਨ ਖਿੱਲਰਿਆ ਪਿਆ ਸੀ, ਜਿਸ ਤੋਂ ਲੱਗ ਰਿਹਾ ਸੀ ਕਿ ਦੋਵੇਂ ਬੀਤੀ ਰਾਤ ਆਪਸ ਵਿਚ ਲੜੇ ਹਨ, ਜਿਸ ਤੋਂ ਬਾਅਦ ਸੰਨੀ ਨੇ ਰਾਜਿੰਦਰ ਨੂੰ ਕਤਲ ਕਰ ਦਿੱਤਾ ਅਤੇ ਫਿਰ ਫ਼ਰਾਰ ਹੋ ਗਿਆ।
ਪੁਲਸ ਨੇ ਕਢਵਾਈ ਘਟਨਾ ਸਥਾਨ ਦੇ ਆਲੇ-ਦੁਆਲੇ ਦੀ ਸੀ. ਸੀ. ਟੀ. ਵੀ. ਫੁਟੇਜ
ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਇਕ ਪੁਲਸ ਟੀਮ ਦਾ ਗਠਨ ਕੀਤਾ ਅਤੇ ਜਿਸ ਨੇ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਢਵਾਈ, ਜਿਸ ਨੂੰ ਘੋਖਣ ਤੋਂ ਬਾਅਦ ਪੁਲਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਹਨ। ਪੁਲਸ ਨੇ ਸ਼ੋਅਰੂਮ ਦੀ ਵੀ ਫੁਟੇਜ ਕਢਵਾਈ ਹੈ ਅਤੇ ਉਨ੍ਹਾਂ ਦੀਆਂ ਫੋਟੋਆਂ ਵੀ ਬਰਾਮਦ ਕਰ ਲਈਆਂ ਹਨ।
ਇਹ ਵੀ ਪੜ੍ਹੋ- ਨੂਰਮਹਿਲ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ, ਨਵਜੰਮੀ ਬੱਚੀ ਖੇਤਾਂ ’ਚੋਂ ਮਿਲੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ