''ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ'' ਨੂੰ ਬੈਨ ਕਰਨ ਦੀ ਤਿਆਰੀ ''ਚ ਪੰਜਾਬ ਸਰਕਾਰ!
Tuesday, Jan 01, 2019 - 07:10 PM (IST)

ਚੰਡੀਗੜ੍ਹ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 'ਤੇ ਬਣੀ ਫਿਲਮ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਦੇ ਪੰਜਾਬ ਵਿਚ ਪ੍ਰਸਾਰਣ 'ਤੇ ਰੋਕ ਲੱਗ ਸਕਦੀ ਹੈ। ਇਸ ਫਿਲਮ 'ਤੇ ਪੰਜਾਬ ਵਿਚ ਰੋਕ ਦੇ ਸੰਕੇਤ ਦਿੰਦੇ ਹੋਏ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪਾਰਟੀ ਆਲਾਕਮਾਨ ਅਤੇ ਕਾਂਗਰਸ ਦੀ ਲੀਡਰਸ਼ਿਪ ਇਸ ਫਿਲਮ ਦੇ ਤੱਥਾਂ ਨੂੰ ਦੇਖੇਗੀ ਅਤੇ ਜੇਕਰ ਇਸ ਵਿਚ ਕਾਂਗਰਸ ਪਾਰਟੀ ਦੀ ਕਾਰਜਪ੍ਰਣਾਲੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਲੈ ਕੇ ਕੁਝ ਇਤਰਾਜ਼ਯੋਗ ਤੱਥ ਪਾਏ ਗਏ ਤਾਂ ਕਾਂਗਰਸ ਇਸ ਫਿਲਮ ਦਾ ਵਿਰੋਧ ਕਰੇਗੀ। ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਫਿਲਮ ਭਾਜਪਾ ਵਲੋਂ ਆਗਾਮੀ ਲੋਕ ਸਭਾ ਚੋਣਾਂ ਵਿਚ ਆਪਣਾ ਵੋਟ ਬੈਂਕ ਵਧਾਉਣ ਲਈ ਬਣਵਾਈ ਗਈ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਵੀ ਇਸ ਫਿਲਮ ਦੇ ਪੰਜਾਬ ਵਿਚ ਬੈਨ ਨੂੰ ਲੈ ਕੇ ਬਿਆਨ ਦੇ ਚੁੱਕੇ ਹਨ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਭਾਜਪਾ ਅੰਦਰਖਾਤੇ ਮਿਲੀਭੁਗਤ ਨਾਲ ਫਿਲਮ ਨੂੰ ਲੈ ਕੇ ਜਾਣ ਬੁੱਝ ਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਿਲੀਜ਼ ਕਰਵਾਉਣਾ ਚਾਹੁੰਦੀ ਹੈ, ਤਾਂ ਜੋ ਕਾਂਗਰਸ ਨੂੰ 2019 ਦੀਆਂ ਚੋਣਾਂ ਵਿਚ ਢਾਹ ਲਗਾਈ ਜਾ ਸਕੇ ਪਰ ਉਹ ਭਾਜਪਾ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।