ਕਪੂਰਥਲਾ ਪੁਲਸ ਨੂੰ ਵੱਡੀ ਸਫ਼ਲਤਾ : ਬਜ਼ੁਰਗ ਨੂੰ ਅਗਵਾ ਕਰ 3 ਕਰੋੜ ਦੀ ਫਿਰੌਤੀ ਮੰਗਣ ਵਾਲੇ ਚੜ੍ਹੇ ਪੁਲਸ ਅੜਿੱਕੇ
Monday, Feb 06, 2023 - 09:00 PM (IST)
ਕਪੂਰਥਲਾ (ਭੂਸ਼ਣ/ਮਹਾਜਨ) : 3 ਕਰੋੜ ਰੁਪਏ ਦੀ ਫਿਰੌਤੀ ਖ਼ਾਤਰ ਇਕ ਬਜ਼ੁਰਗ ਨੂੰ ਪਿਸਤੌਲ ਦੀ ਨੋਕ ’ਤੇ ਅਗਵਾ ਕਰਨ ਦੇ ਮਾਮਲੇ ’ਚ ਕਪੂਰਥਲਾ ਪੁਲਸ ਨੇ ਕੁੱਲ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਜਿੱਥੇ ਅਗਵਾ ਕੀਤੇ ਗਏ ਵਿਅਕਤੀ ਨੂੰ ਛੁਡਵਾਉਣ ’ਚ ਕਾਮਯਾਬੀ ਹਾਸਲ ਕੀਤੀ ਹੈ, ਉੱਥੇ ਹੀ ਇਸ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮਾਂ ਤੋਂ 2 ਪਿਸਤੌਲਾਂ, 1 ਬੰਦੂਕ ਤੇ 950 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮਾਮਲੇ ’ਚ ਨਾਮਜ਼ਦ ਹੋਰ ਮੁਲਜ਼ਮਾਂ ਦੀ ਤਲਾਸ਼ 'ਚ ਛਾਪਾਮਾਰੀ ਜਾਰੀ ਹੈ। ਇਸ ਸਬੰਧੀ ਪੱਤਰਕਾਰਾਂ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਐੱਸ.ਐੱਸ.ਪੀ ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ 3 ਜਨਵਰੀ 2023 ਨੂੰ ਪਿੰਡ ਗਾਜੀ ਗੁਡਾਨਾ ਦੇ ਇਕ ਬਜ਼ੁਰਗ ਵਿਅਕਤੀ ਲਖਵਿੰਦਰ ਸਿੰਘ ਨੂੰ ਕਾਲੇ ਰੰਗ ਦੀ ਟਾਟਾ ਸਫ਼ਾਰੀ 'ਚ ਆਏ ਕੁਝ ਵਿਅਕਤੀਆਂ ਨੇ ਫਾਇਰਿੰਗ ਕਰਦੇ ਹੋਏ ਅਗਵਾ ਕਰ ਲਿਆ ਸੀ।
ਇਹ ਵੀ ਪੜ੍ਹੋ : ਜੀ-20 ਸੰਮੇਲਨ : ਡਾ. ਨਿੱਜਰ ਵੱਲੋਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ, ਟਰੈਫ਼ਿਕ ਪ੍ਰਬੰਧਾਂ ਨੂੰ ਲੈ ਕੇ ਕਹੀ ਇਹ ਗੱਲ
ਪੀੜਤ ਵਿਅਕਤੀ ਦੇ ਲੜਕੇ ਅਮਰੀਕਾ 'ਚ ਰਹਿੰਦੇ ਹਨ, ਜਿਨ੍ਹਾਂ ਕੋਲੋਂ ਉਕਤ ਮੁਲਜ਼ਮਾਂ ਨੇ 3 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਜਦੋਂ ਇਸ ਪੂਰੇ ਮਾਮਲੇ ਦੀ ਜਾਣਕਾਰੀ ਕਪੂਰਥਲਾ ਪੁਲਸ ਨੂੰ ਮਿਲੀ ਤਾਂ ਐੱਸ.ਪੀ. (ਡੀ) ਹਰਵਿੰਦਰ ਸਿੰਘ ਦੀ ਨਿਗਰਾਨੀ 'ਚ ਇਕ ਵਿਸ਼ੇਸ਼ ਟੀਮ ਜਿਸ 'ਚ ਡੀ.ਐੱਸ.ਪੀ ਭੁਲੱਥ ਸੁਖਨਿੰਦਰ ਸਿੰਘ, ਡੀ.ਐੱਸ.ਪੀ (ਡੀ) ਬਰਜਿੰਦਰ ਸਿੰਘ, ਸੀ.ਆਈ.ਏ ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਤੇ ਥਾਣਾ ਢਿੱਲਵਾਂ ਦੇ ਐੱਸ.ਐੱਚ.ਓ ਹਰਜਿੰਦਰ ਸਿੰਘ ਨੂੰ ਸ਼ਾਮਲ ਕਰਕੇ ਪੀੜਤ ਵਿਅਕਤੀ ਨੂੰ ਤਤਕਾਲ ਛੁਡਵਾਉਣ ਦੇ ਹੁਕਮ ਦਿੱਤੇ ਗਏ, ਜਿਸਦੇ ਉਪਰੰਤ ਪੁਲਸ ਟੀਮ ਨੇ ਲਗਾਤਾਰ ਦਬਾਅ ਬਣਾਉਂਦੇ ਹੋਏ 6 ਜਨਵਰੀ 2023 ਨੂੰ ਅਗਵਾ ਕੀਤੇ ਗਏ ਵਿਅਕਤੀ ਲਖਵਿੰਦਰ ਸਿੰਘ ਨੂੰ ਛੁਡਵਾਉਣ 'ਚ ਕਾਮਯਾਬੀ ਹਾਸਲ ਕੀਤੀ। ਪੁਲਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਤਲਾਸ਼ 'ਚ ਲਗਾਤਾਰ ਛਾਪਾਮਾਰੀ ਦਾ ਦੌਰ ਜਾਰੀ ਰੱਖਿਆ, ਜਿਸ ਦੌਰਾਨ ਖੁਲਾਸਾ ਹੋਇਆ ਕਿ ਇਸ ਵਾਰਦਾਤ ਨੂੰ ਮੁਲਜਮ ਗੁਰਇਕਬਾਲ ਸਿੰਘ ਉਰਫ਼ ਵਰ ਨੇ ਆਪਣੇ ਸਾਥੀਆਂ ਦੇ ਨਾਲ ਅੰਜਾਮ ਦਿੱਤਾ ਸੀ।
ਇਹ ਵੀ ਪੜ੍ਹੋ : ਮੰਤਰੀ ਹਰਜੋਤ ਬੈਂਸ ਵੱਲੋਂ SDM ਦਫ਼ਤਰ ਦਾ ਦੌਰਾ, ਗ਼ੈਰ ਹਾਜ਼ਰ ਤੇ ਲੇਟ ਆਉਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਵੱਡੀ ਕਾਰਵਾਈ
ਮੁਲਜ਼ਮ ਦੇ ਭਤੀਜੇ ਪਵਨ ਵੀਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਗਾਜੀ ਗੁਡਾਣਾ ਥਾਣਾ ਢਿੱਲਵਾਂ ਨੇ ਪੀੜਤ ਲਖਵਿੰਦਰ ਸਿੰਘ ਨੂੰ ਅਗਵਾ ਕਰਨ ਲਈ ਉਸਦੀ ਲਗਾਤਾਰ ਰੇਕੀ ਕੀਤੀ ਸੀ ਤੇ ਆਪਣੇ ਚਾਚਾ ਗੁਰਇਕਬਾਲ ਸਿੰਘ ਉਰਫ ਵਰ ਤੇ ਉਸਦੇ ਸਾਥੀਆਂ ਦੀ ਮਦਦ ਕੀਤੀ ਸੀ। ਜਿਸਦੇ ਆਧਾਰ ‘ਤੇ ਮੁਲਜਮ ਪਵਨ ਵੀਰ ਸਿੰਘ ਨੂੰ 11 ਜਨਵਰੀ 2023 ਨੂੰ ਗ੍ਰਿਫ਼ਤਾਰ ਕਰ ਲਿਆ, ਜਿਸਦੇ ਖੁਲਾਸੇ ਤੋਂ ਬਾਅਦ ਮੁਲਜ਼ਮਾਂ ਵਿਜੈ ਕੁਮਾਰ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਫੱਤੂ ਚੱਕ ਥਾਣਾ ਢਿੱਲਵਾਂ ਜ਼ਿਲ੍ਹਾ ਕਪੂਰਥਲਾ, ਜੱਸ ਵਾਸੀ ਕਪੂਰਥਲਾ, ਜੀਤਾ ਵਾਸੀ ਪੱਡਾ ਬੇਟ, ਹਰਮਨ ਵਾਸੀ ਬਾਮੂਵਾਲ, ਗੁਰਮੁੱਖ ਵਾਸੀ ਲੱਖਣ ਕੇ ਪੱਡਾ ਸਮੇਤ 2 ਹੋਰ ਅਣਪਛਾਤੇ ਮੁਲਜ਼ਮਾਂ ਨੂੰ ਮਾਮਲੇ 'ਚ ਨਾਮਜ਼ਦ ਕੀਤਾ ਗਿਆ। ਛਾਪੇਮਾਰੀ ਦੌਰਾਨ ਮੁਲਜ਼ਮ ਗੁਰਮੁਖ ਸਿੰਘ ਉਰਫ਼ ਗੋਰਾ ਪੁੱਤਰ ਅਵਤਾਰ ਸਿੰਘ ਵਾਸੀ ਲੱਖਣ ਕੇ ਪੱਡਾ ਥਾਣਾ ਸੁਭਾਨਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਪਾਸੋਂ ਅਗਵਾ ਕਰਨ ਦੌਰਾਨ ਵਰਤੀ ਗਈ ਕਾਲੇ ਰੰਗ ਦੀ ਟਾਟਾ ਸਫਾਰੀ ਗੱਡੀ ਨੰਬਰ ਪੀ.ਬੀ-46-ਐਲ-0097 ਬਰਾਮਦ ਕੀਤੀ ਗਈ। ਉਕਤ ਮੁਲਜ਼ਮ ਦੇ ਖੁਲਾਸੇ ਤੋਂ ਬਾਅਦ ਉਸਦੇ ਮਾਮਾ ਕਰਨਜੀਤ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਖੈੜਾ ਦੋਨਾ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਤੇ ਇਸਦੇ ਦੋਸਤ ਅਮਰੀਕ ਸਿੰਘ ਉਰਫ ਕਾਡਾ ਪੁੱਤਰ ਗੁਲਜਾਰ ਸਿੰਘ ਵਾਸੀ ਖੈੜਾ ਦੋਨਾ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੂੰ ਨਾਮਜ਼ਦ ਕੀਤਾ ਗਿਆ, ਇਨ੍ਹਾਂ ਮੁਲਜ਼ਮਾਂ ਨੇ ਲਖਵਿੰਦਰ ਸਿੰਘ ਨੂੰ ਅਗਵਾ ਕਰਨ ਤੋਂ ਬਾਅਦ ਆਪਣੇ ਮਕਾਨਾਂ 'ਚ ਰੱਖਿਆ ਸੀ। 15 ਜਨਵਰੀ 2023 ਨੂੰ ਗੁਰਮੁਖ ਸਿੰਘ ਤੇ 16 ਜਨਵਰੀ 2023 ਨੂੰ ਅਮਰੀਕ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਪ੍ਰੇਮਿਕਾ ਦੀ ਮੰਗਣੀ ਕਿਤੇ ਹੋਰ ਹੋਣ ’ਤੇ ਪ੍ਰੇਮੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਇਸ ਤੋਂ ਬਾਅਦ 22 ਜਨਵਰੀ 2023 ਨੂੰ ਵਿਜੈ ਕੁਮਾਰ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਫੱਤੂ ਚੱਕ ਥਾਣਾ ਢਿੱਲਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਤੋਂ 3 ਮੋਬਾਇਲ ਤੇ ਇਕ ਬਿਨਾਂ ਨੰਬਰੀ ਮੋਟਰਸਾਇਕਲ ਬਰਾਮਦ ਕੀਤਾ ਗਿਆ। ਉੱਥੇ ਹੀ ਮਿਤੀ 2 ਫਰਵਰੀ 2023 ਨੂੰ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ ਮੁਲਜ਼ਮ ਗੁਰਇਕਬਾਲ ਸਿੰਘ ਉਰਫ ਵਰ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਗਾਜੀ ਗੁਡਾਨਾ ਥਾਣਾ ਢਿੱਲਵਾਂ ਨੂੰ ਉਸਦੇ ਸਾਥੀ ਹਰਮਨਜੀਤ ਸਿੰਘ ਉਰਫ ਹਰਮਨ ਪੁੱਤਰ ਸਤਵੀਰ ਸਿੰਘ ਵਾਸੀ ਪਿੰਡ ਬਾਮੂਵਾਲ ਥਾਣਾ ਸੁਭਾਨਪੁਰ ਦੇ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ। ਉਕਤ ਮੁਲਜ਼ਮਾਂ ਪਾਸੋਂ ਇਕ 32 ਬੋਰ ਦੀ ਰਿਵਾਲਵਰ, 6 ਰੌਂਦ ਜਿੰਦਾ, 1 ਦੇਸੀ ਪਿਸਤੌਲ ਤੇ 4 ਰੌਂਦ ਜਿੰਦਾ ਤੇ 1 ਗਨ 12 ਬੋਰ ਸਮੇਤ 10 ਰੌਂਦ ਜਿੰਦਾ, 950 ਗ੍ਰਾਮ ਹੈਰੋਇਨ ਤੇ 1 ਮੋਟਰਸਾਇਕਲ ਨੰਬਰ ਪੀ.ਬੀ-09-ਕੇ-4799 ਬਰਾਮਦ ਕੀਤੇ ਗਏ। ਗੁਰਇਕਬਾਲ ਸਿੰਘ ਉਰਫ ਵਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਪੀੜਤ ਲਖਵਿੰਦਰ ਸਿੰਘ ਦਾ ਮੋਬਾਇਲ ਦਾ ਵ੍ਹਟਸਐਪ ਨੰਬਰ ਨੂੰ ਅਮਰੀਕਾ 'ਚ ਰਹਿੰਦੇ ਆਪਣੇ ਦੋਸਤ ਲਵਜੀਤ ਸਿੰਘ ਉਰਫ਼ ਕੰਗ ਜੋ ਕਿ ਸ਼ਾਹਕੋਟ ਜ਼ਿਲ੍ਹਾ ਜਲੰਧਰ ਨਾਲ ਸਬੰਧਤ ਹੈ ਨੂੰ ਭੇਜ ਦਿੱਤਾ ਸੀ। ਜੋ ਉਸਨੇ ਮੇਰੇ ਇਕ ਹੋਰ ਦੋਸਤ ਅੰਮ੍ਰਿਤ ਬੱਲ ਵਾਸੀ ਮਾਡਲ ਟਾਊਨ ਭੁਲੱਥ ਨਾਲ ਮਿਲ ਕੇ ਪੀੜਤ ਦੇ ਲੜਕੇ ਸੁੱਖ ਨਾਲ ਅਮਰੀਕਾ ‘ਚ ਫੋਨ ‘ਤੇ ਚੈਟ ਕਰਦੇ ਸਨ। ਉਕਤ ਮੁਲਜ਼ਮਾਂ ਨੂੰ ਵੀ ਮੁਕਦਮੇ ‘ਚ ਨਾਮਜ਼ਦ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੁਲਸ ਨੇ ਰੁਕਵਾਇਆ ਸਸਕਾਰ, ਬਲਦੇ ਸਿਵੇ ’ਚੋਂ ਕੱਢੀ ਨੌਜਵਾਨ ਦੀ ਲਾਸ਼ (ਵੀਡੀਓ)
ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਗੁਰਇਕਬਾਲ ਸਿੰਘ ਖਿਲਾਫ਼ ਦਾਜ, ਕਤਲ, ਲੁੱਟਾਂ ਖੋਹਾਂ, ਡਰੱਗ ਸਮਗਲਿੰਗ ਸਮੇਤ 9 ਮੁਕੱਦਮੇ ਦਰਜ ਹਨ ਉੱਥੇ ਹੀ ਮੁਲਜ਼ਮ ਵਿਜੈ ਕੁਮਾਰ ਖਿਲਾਫ਼ ਲੁੱਟ ਖੋਹ, ਅਸਲਾ ਐਕਟ, ਡਰੱਗ ਬਰਾਮਦਗੀ, ਕਤਲ ਦੀ ਕੋਸ਼ਿਸ਼ ਸਮੇਤ 13 ਗੰਭੀਰ ਮਾਮਲੇ ਦਰਜ ਹਨ। ਪੁੱਛਗਿੱਛ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਮੁੱਖ ਮੁਲਜ਼ਮ ਗੁਰਇਕਬਾਲ ਸਿੰਘ ਉਰਫ ਵਰ ਨੇ ਆਪਣੇ 2 ਸਾਥੀਆਂ ਹਰਮਨ ਬਾਮੂਵਾਲ ਤੇ ਖੰਡੇ ਨਾਲ ਮਿਲ ਕੇ 26 ਜਨਵਰੀ 2023 ਨੂੰ ਇਕ ਐੱਨ.ਆਰ.ਆਈ ਪਰਿਵਾਰ ਵਾਸੀ ਵਾਰਡ ਨੰਬਰ 13 ਬੇਗੋਵਾਲ ਜ਼ਿਲ੍ਹਾ ਕਪੂਰਥਲਾ ਨੂੰ ਫੋਨ ਕਰਕੇ 10 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਜਿਨ੍ਹਾਂ ਵੱਲੋਂ ਫਿਰੌਤੀ ਨਾ ਦੇਣ 'ਤੇ ਫਿਰ ਦੁਬਾਰਾ 50 ਲੱਖ ਰੁਪਏ ਦੀ ਮੰਗ ਕੀਤੀ ਗਈ ਤੇ 50 ਲੱਖ ਰੁਪਏ ਨਾ ਦੇਣ 'ਤੇ ਸਾਰੇ ਪਰਿਵਾਰ ਨੂੰ ਗੋਲੀਆਂ ਨਾਲ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਜਿਸ ਨੂੰ ਲੈ ਕੇ 27 ਜਨਵਰੀ 2023 ਨੂੰ ਉਕਤ ਮੁਲਜ਼ਮਾਂ ਖਿਲਾਫ਼ ਥਾਣਾ ਬੇਗੋਵਾਲ ‘ਚ ਮਾਮਲਾ ਦਰਜ ਕੀਤਾ ਗਿਆ। ਉੱਥੇ ਹੀ ਕਪੂਰਥਲਾ ਪੁਲਸ ਨੇ ਜਰਮਨਜੀਤ ਸਿੰਘ ਉਰਫ ਚੌਧਰੀ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਨੂਰਪੁਰ ਲੁਬਾਣਾ, ਥਾਣਾ ਢਿਲਵਾਂ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 7.65 ਦੀ ਇਕ ਪਿਸਤੌਲ ਤੇ 2 ਜਿੰਦਾ ਰੌਂਦ ਦੇ ਨਾਲ ਇਕ ਬੁਲੇਟ ਪਰੂਫ ਜੈਕਟ ਬਰਾਮਦ ਕੀਤੀ। ਉਕਤ ਮੁਲਜ਼ਮ ਖਿਲਾਫ਼ ਥਾਣਾ ਸਿਟੀ ਕਪੂਰਥਲਾ ‘ਚ ਮਾਮਲਾ ਦਰਜ ਕਰ ਲਿਆ ਗਿਆ। ਐੱਸ.ਐੱਸ.ਪੀ ਨੇ ਦੱਸਿਆ ਕਿ ਸਾਰੇ ਅੱਠਾਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਦਾ ਦੌਰ ਜਾਰੀ ਹੈ। ਪੁੱਛਗਿੱਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ।