ਪਰੇਡ ਦੇਖਣ ਆਏ ਦਰਸ਼ਕਾਂ ਨੂੰ ਚਿੜਾ ਰਿਹਾ 400 ਫੁੱਟ ਉੱਚਾ ਪਾਕਿਸਤਾਨੀ ਝੰਡਾ

Monday, Aug 21, 2017 - 05:13 AM (IST)

ਪਰੇਡ ਦੇਖਣ ਆਏ ਦਰਸ਼ਕਾਂ ਨੂੰ ਚਿੜਾ ਰਿਹਾ 400 ਫੁੱਟ ਉੱਚਾ ਪਾਕਿਸਤਾਨੀ ਝੰਡਾ

ਅੰਮ੍ਰਿਤਸਰ,   (ਨੀਰਜ)-  ਅਟਾਰੀ ਬਾਰਡਰ 'ਤੇ ਸਾਡੇ ਦੇਸ਼ ਦੇ ਨੇਤਾਵਾਂ ਵੱਲੋਂ ਕੀਤੀ ਗਈ ਝੰਡੇ ਦੀ ਰਾਜਨੀਤੀ ਵਿਚ ਭਾਰਤ ਸਰਕਾਰ ਬੁਰੀ ਤਰ੍ਹਾਂ ਫੇਲ ਨਜ਼ਰ ਆ ਰਹੀ ਹੈ। ਹਾਲਾਤ ਇਹ ਹਨ ਕਿ ਭਾਰਤ ਦੇ 360 ਫੁੱਟ ਉੱਚੇ ਤਿਰੰਗੇ ਦੀ ਤੁਲਨਾ ਵਿਚ ਪਾਕਿਸਤਾਨ ਵੱਲੋਂ ਲਾਏ ਗਏ 400 ਫੁੱਟ ਉੱਚੇ ਝੰਡੇ ਨੇ ਰਾਸ਼ਟਰੀ ਪੱਧਰ 'ਤੇ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਭਾਰਤ ਸਰਕਾਰ ਦੀ ਕਿਰਕਰੀ ਕਰ ਦਿੱਤੀ ਹੈ। ਇਥੋਂ ਤੱਕ ਕਿ ਭਾਰਤੀ ਫੌਜ ਨਾਲ ਜੰਗ ਦੀ ਤਿਆਰੀ ਕਰ ਰਹੇ ਚੀਨ ਜਿਹੇ ਦੇਸ਼ ਨੂੰ ਵੀ ਭਾਰਤ-ਪਾਕਿਸਤਾਨ ਦੀ ਇਸ ਝੰਡੇ ਦੀ ਰਾਜਨੀਤੀ ਵਿਚ ਉਤਰਨ ਦਾ ਮੌਕਾ ਮਿਲ ਗਿਆ ਹੈ ਤੇ ਚੀਨੀ ਇੰਜੀਨੀਅਰਾਂ ਨੇ ਝੰਡੇ ਦੇ ਮਾਮਲੇ ਵਿਚ ਭਾਰਤੀ ਇੰਜੀਨੀਅਰਾਂ ਨੂੰ ਫਸੱਡੀ ਸਾਬਿਤ ਕਰ ਦਿੱਤਾ ਹੈ। ਭਾਰਤ ਸਰਕਾਰ ਵੱਲੋਂ 15 ਅਗਸਤ ਤੋਂ ਬਾਅਦ ਤਿਰੰਗਾ ਉਤਾਰ ਦਿੱਤਾ ਗਿਆ ਸੀ ਪਰ ਪਾਕਿਸਤਾਨੀ ਝੰਡਾ ਅਜੇ ਵੀ ਹਵਾ ਵਿਚ ਲਹਿਰਾ ਰਿਹਾ ਹੈ।
ਬੇਸ਼ੱਕ ਬੀ. ਐੱਸ. ਐੱਫ. ਨੇ ਪਾਕਿਸਤਾਨ ਵੱਲੋਂ ਲਾਏ ਗਏ ਝੰਡੇ ਸਬੰਧੀ ਇਤਰਾਜ਼ ਜਤਾਇਆ ਹੈ ਪਰ ਪਾਕਿਸਤਾਨ ਸਰਕਾਰ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ। ਅਟਾਰੀ ਬਾਰਡਰ 'ਤੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਪਰੇਡ ਦੇਖਣ ਆਉਣ ਵਾਲੇ ਦਰਸ਼ਕਾਂ ਨੂੰ ਵੀ ਉਸ ਸਮੇਂ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਪਾਕਿਸਤਾਨ ਦਾ 400 ਫੁੱਟ ਉੱਚਾ ਝੰਡਾ ਲਹਿਰਾਉਂਦਾ ਨਜ਼ਰ ਆਉਂਦਾ ਹੈ ਤੇ 360 ਫੁੱਟ ਉੱਚੇ ਤਿਰੰਗੇ ਦੀ ਬਜਾਏ ਉਸ ਦਾ ਖਾਲੀ ਪੋਲ ਖੜ੍ਹਾ ਨਜ਼ਰ ਆਉਂਦਾ ਹੈ ਕਿਉਂਕਿ ਵਾਰ-ਵਾਰ ਤਿਰੰਗਾ ਫਟਣ ਦੀਆਂ ਘਟਨਾਵਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਕੁਝ ਖਾਸ ਮੌਕਿਆਂ ਜਿਵੇਂ ਆਜ਼ਾਦੀ ਦਿਵਸ, ਗਣਤੰਤਰ ਦਿਵਸ 'ਤੇ ਤਿਰੰਗਾ ਲਹਿਰਾਉਣ ਦੀ ਇਜਾਜ਼ਤ ਦਿੱਤੀ ਹੈ ਪਰ ਸਵਾਲ ਇਹ ਉਠਦਾ ਹੈ ਕਿ ਪਾਕਿਸਤਾਨ ਦੀ ਇਸ ਝੰਡੇ ਦੀ ਰਾਜਨੀਤੀ ਵਿਚ ਦਿੱਤੀ ਗਈ ਚੁਣੌਤੀ ਦਾ ਭਾਰਤ ਸਰਕਾਰ ਕਿਵੇਂ ਜਵਾਬ ਦੇ ਸਕੇਗੀ?
ਕੀ ਪਾਕਿਸਤਾਨ ਤੋਂ ਉੱਚਾ ਤੇ ਪਾਕਿਸਤਾਨੀ ਝੰਡੇ ਵਾਲੀ ਤਕਨੀਕ ਦਾ ਨਵਾਂ ਤਿਰੰਗਾ ਬਣਾਇਆ ਜਾਵੇਗਾ ਜਾਂ ਫਿਰ ਅਜਿਹੀ ਹੀ ਕਿਰਕਰੀ ਹੋਣ ਦਿੱਤੀ ਜਾਵੇਗੀ। ਅਟਾਰੀ ਬਾਰਡਰ 'ਤੇ ਗੁਜਰਾਤ ਤੋਂ ਪਰੇਡ ਦੇਖਣ ਆਏ ਇਕ ਦਰਸ਼ਕ ਸੁਮਿਤ ਸ਼ਾਹ ਨੇ ਕਿਹਾ ਕਿ ਪਰੇਡ ਦੇ ਦੌਰਾਨ ਬੀ. ਐੱਸ. ਐੱਫ. ਦੇ ਜਵਾਨਾਂ ਦਾ ਹੌਸਲਾ ਵੇਖ ਕੇ ਦਿਲ ਵਿਚ ਜੋਸ਼ ਭਰ ਜਾਂਦਾ ਹੈ ਪਰ ਪਾਕਿਸਤਾਨੀ ਝੰਡੇ ਨੂੰ ਹਵਾ ਵਿਚ ਲਹਿਰਾਉਂਦੇ ਵੇਖ ਕੇ ਨਿਰਾਸ਼ਾ ਹੁੰਦੀ ਹੈ। ਦਿੱਲੀ ਤੋਂ ਪਰੇਡ ਦੇਖਣ ਆਈ ਸੁਨੀਤਾ ਦੇਵਗਨ ਨੇ ਕਿਹਾ ਕਿ ਜੇਕਰ ਪਾਕਿਸਤਾਨ ਨੇ ਧੋਖੇ ਨਾਲ ਝੰਡੇ ਦੀ ਰਾਜਨੀਤੀ ਕੀਤੀ ਹੈ ਤਾਂ ਭਾਰਤ ਸਰਕਾਰ ਨੂੰ ਵੀ ਪਾਕਿਸਤਾਨ ਵਰਗਾ ਤਿਰੰਗਾ ਬਣਾ ਲੈਣਾ ਚਾਹੀਦਾ ਹੈ ਅਤੇ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇਣਾ ਚਾਹੀਦਾ ਹੈ, ਫਿਲਹਾਲ ਦਰਸ਼ਕਾਂ ਦੇ ਇਨ੍ਹਾਂ ਸਵਾਲਾਂ ਦਾ ਕਿਸੇ ਦੇ ਕੋਲ ਜਵਾਬ ਨਹੀਂ ਹੈ।
ਅਟਾਰੀ ਤੋਂ ਲਾਹੌਰ, ਕੀ ਹੁਣ ਵਾਹਗਾ ਤੋਂ ਖਾਸਾ ਤੱਕ ਨਜ਼ਰ ਰੱਖ ਰਿਹਾ ਪਾਕਿਸਤਾਨ
ਅਟਾਰੀ ਬਾਰਡਰ 'ਤੇ 360 ਫੁੱਟ ਉੱਚਾ ਤਿਰੰਗਾ ਲਹਿਰਾਏ ਜਾਣ ਦੌਰਾਨ ਨੇਤਾਵਾਂ ਵੱਲੋਂ ਦਾਅਵੇ ਕੀਤੇ ਗਏ ਸਨ ਕਿ ਪਾਕਿਸਤਾਨ ਦੇ ਲਾਹੌਰ ਤੋਂ ਵੀ ਅਟਾਰੀ ਬਾਰਡਰ 'ਤੇ ਲਾਇਆ ਗਿਆ ਤਿਰੰਗਾ ਨਜ਼ਰ ਆਵੇਗਾ ਪਰ ਇਸ ਤੋਂ ਉਲਟਾ ਹੋ ਗਿਆ। ਅੱਜ ਪਾਕਿਸਤਾਨ ਦੇ ਵਾਹਗਾ ਬਾਰਡਰ ਤੋਂ ਖਾਸਾ ਤੱਕ ਦੇ ਇਲਾਕੇ ਵਿਚ ਪਾਕਿਸਤਾਨੀ ਝੰਡਾ ਨਜ਼ਰ ਆ ਰਿਹਾ ਹੈ।
ਪਾਕਿਸਤਾਨ ਨੇ ਵੀ ਕੀਤਾ ਸੀ ਇਤਰਾਜ਼, ਨਹੀਂ ਮੰਨੇ ਸਨ ਨੇਤਾ
ਜਦੋਂ ਭਾਰਤ ਸਰਕਾਰ ਵੱਲੋਂ ਅਟਾਰੀ ਬਾਰਡਰ 'ਤੇ 360 ਫੁੱਟ ਉੱਚਾ ਤਿਰੰਗਾ ਲਾਇਆ ਜਾ ਰਿਹਾ ਸੀ ਤਾਂ ਪਾਕਿਸਤਾਨ ਸਰਕਾਰ ਨੇ ਵੀ ਇਹੀ ਇਤਰਾਜ਼ ਕੀਤਾ ਸੀ, ਜੋ ਇਸ ਸਮੇਂ ਭਾਰਤ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਪਾਕਿਸਤਾਨ ਰੇਂਜਰਸ ਨੇ ਵਿਰੋਧ ਵਿਚ ਕਿਹਾ ਸੀ ਕਿ ਇਸ ਤੋਂ ਲਾਹੌਰ ਤੱਕ ਨਜ਼ਰ ਰੱਖੀ ਜਾ ਸਕਦੀ ਹੈ ਪਰ ਜਵਾਬ ਮਿਲਿਆ ਸੀ ਕਿ ਅਸੀਂ ਆਪਣੇ ਇਲਾਕੇ ਵਿਚ ਤਿਰੰਗਾ ਲਾ ਰਹੇ ਹਾਂ, ਇਸ ਤੋਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰ ਇਹ ਕਿਸੇ ਨੇ ਨਹੀਂ ਸੋਚਿਆ ਸੀ ਕਿ ਪਾਕਿਸਤਾਨ ਵੀ ਅਜਿਹਾ ਕਰ ਸਕਦਾ ਹੈ।


Related News