ਮੌਤ ਦਾ ''ਸਾਧਨ'' ਬਣ ਰਹੀਆਂ ਨੇ ਪੱਕੀਆਂ ਨਹਿਰਾਂ

Sunday, Jul 23, 2017 - 01:07 AM (IST)

ਮੌਤ ਦਾ ''ਸਾਧਨ'' ਬਣ ਰਹੀਆਂ ਨੇ ਪੱਕੀਆਂ ਨਹਿਰਾਂ

ਔੜ, (ਛਿੰਜੀ)- ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰ ਚੀਜ਼ ਦੇ ਨਫੇ ਤੇ ਨੁਕਸਾਨ ਹੁੰਦੇ ਹਨ ਪਰ ਜੇਕਰ ਹਰ ਚੀਜ਼ ਲਈ ਸਹੀ ਤਰੀਕਾ ਅਪਣਾਇਆ ਜਾਵੇ ਤਾਂ ਨਫਿਆਂ ਨੂੰ ਵਧਾ ਕੇ ਨੁਕਸਾਨ ਘੱਟ ਕੀਤਾ ਜਾ ਸਕਦਾ ਹੈ। ਪਿਛਲੇ ਦਿਨੀਂ ਕਿਸਾਨਾਂ ਨੂੰ ਪਾਣੀ ਮੁਹੱਈਆ ਕਰਦੀਆਂ ਨਹਿਰਾਂ ਨੂੰ ਪੱਕੇ ਕੀਤਾ ਗਿਆ, ਜਿਸ ਵਿਚ ਕੋਈ ਬਚਾਓ ਸਾਧਨ ਨਾ ਹੋਣ ਕਰਕੇ ਇਹ ਨਹਿਰਾਂ ਲੋਕਾਂ ਲਈ ਮੌਤ ਦਾ ਸਾਧਨ ਸਿੱਧ ਹੋ ਰਹੀਆਂ ਹਨ, ਜਿਨ੍ਹਾਂ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ।
ਬਚਾਅ ਸਾਧਨਾਂ ਦੀ ਹੈ ਭਾਰੀ ਕਮੀ- ਨਹਿਰਾਂ ਡੂੰਘੀਆਂ ਤੇ ਚੌੜੀਆਂ ਹੋਣ ਕਰਕੇ ਜੇਕਰ ਕੋਈ ਇਸ ਵਿਚ ਡਿੱਗਦਾ ਹੈ ਤਾਂ ਬਚਾਓ ਸਾਧਨ ਨਾ ਬਣਾਏ ਹੋਣ ਕਰਕੇ ਡਿੱਗਿਆ ਵਿਅਕਤੀ ਮੱਲੋਮੱਲੀ ਮੌਤ ਦੇ ਮੂੰਹ ਵਿਚ ਚਲਾ ਜਾਂਦਾ ਹੈ ਕਿਉਂਕਿ ਕੱਚੀਆਂ ਨਹਿਰਾਂ 'ਚ ਬੰਨ੍ਹ ਤੋਂ ਘਾਹ ਫੂਸ ਫੜਕੇ ਵਿਅਕਤੀ ਬਾਹਰ ਆ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੈ ਅਤੇ ਨਾ ਹੀ ਦੂਰ ਦੂਰ ਤੱਕ ਪੌੜੀਆਂ ਬਣਾਈਆਂ ਗਈਆਂ ਹਨ। ਜੇਕਰ ਕਿਤੇ-ਕਿਤੇ ਲੋਹੇ ਦੀਆਂ ਬਣਾਈਆਂ ਪੌੜੀਆਂ ਨਜ਼ਰ ਵੀ ਆਉਂਦੀਆਂ ਹਨ ਤਾਂ ਉਸ 'ਤੇ ਸੌਖੇ ਤਰੀਕੇ ਵਿਅਕਤੀ ਚੜ੍ਹ ਹੀ ਨਹੀਂ ਸਕਦਾ।
ਜਾਨਵਰਾਂ ਲਈ ਬਣੀ ਸਮੱਸਿਆ- ਨਹਿਰਾਂ ਪੱਕੀਆਂ ਤੇ ਡੂੰਘੀਆਂ ਹੋਣ ਕਾਰਨ ਪਸ਼ੂਆਂ ਨੂੰ ਪਾਣੀ ਪੀਣ ਦੀ ਭਾਰੀ ਸਮੱਸਿਆ ਆ ਰਹੀ ਹੈ ਅਤੇ ਜੇਕਰ ਕੋਈ ਜਾਨਵਰ ਪਾਣੀ ਪੀਣ ਦੀ ਕੋਸ਼ਿਸ਼ ਕਰਦਾ ਹੈ ਤਾਂ ਨਹਿਰ 'ਚ ਡਿੱਗ ਜਾਂਦਾ ਹੈ, ਜਿਸਨੂੰ ਕੱਢਣਾ ਵੀ ਮੁਸ਼ਕਿਲ ਹੁੰਦਾ ਹੈ। ਨਹਿਰਾਂ, ਸੂਇਆਂ ਵਿਚ ਪਸ਼ੂ, ਕੁੱਤੇ, ਜੰਗਲੀ ਸੂਰ ਬਾਹਰ ਨਾ ਨਿਕਲਣ ਕਰਕੇ ਤੜਪ-ਤੜਪ ਕੇ ਮਰਦੇ ਆਮ ਦੇਖੇ ਜਾਂਦੇ ਹਨ। ਆਵਾਰਾ ਪਸ਼ੂਆਂ ਤੋਂ ਦੁਖੀ ਕਈ ਕਿਸਾਨ ਵੀ ਉਨ੍ਹਾਂ ਨੂੰ ਜਾਣਬੁਝ ਕੇ ਨਹਿਰਾਂ 'ਚ ਸੁੱਟ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਕੁਝ-ਕੁਝ ਦੂਰੀ 'ਤੇ ਸੀਮੈਂਟ ਵਾਲੀਆਂ ਪੌੜੀਆਂ ਪਟੜੀ ਵਿਚ ਹੀ ਬਣਾਈਆਂ ਜਾਣ ਤਾਂ ਜੋ ਹਾਦਸਾਗ੍ਰਸਤਾਂ ਨੂੰ ਉਨ੍ਹਾਂ 'ਤੇ ਖੜ੍ਹ ਕੇ ਸਹਾਇਤਾ ਦਿੱਤੀ ਜਾ ਸਕੇ।
ਇਹ ਹਨ ਹਾਦਸੇ ਦੇ ਕਾਰਨ- ਨਹਿਰਾਂ ਨੂੰ ਪੱਕੀਆਂ ਕਰਨ ਦੇ ਮੰਤਵ ਨਾਲ ਨਹਿਰ ਦੇ ਦੁਆਲੇ ਤੋਂ ਦਰਜਨਾਂ ਸਾਲ ਪੁਰਾਣੇ ਭਾਰੀ ਤੇ ਸੰਘਣੇ ਦਰੱਖਤ ਕੱਟ ਦਿੱਤੇ ਗਏ ਹਨ, ਜੋ ਆਪਣੇ ਹੇਠਾਂ ਸੜਕ ਨਾਲੋਂ ਉੱਚੀ ਬੰਨ੍ਹ ਬਣਾਈ ਖੜ੍ਹੇ ਸਨ ਅਤੇ ਇਹ ਦਰੱਖਤ ਲੋਕਾਂ ਦੀ ਸੁਰੱਖਿਆ ਵਿਚ ਭਾਰੀ ਯੋਗਦਾਨ ਪਾਉਂਦੇ ਸਨ। ਜੇਕਰ ਕੋਈ ਨਾਲ ਲੱਗਦੀ ਸੜਕ 'ਤੇ ਜਾਂਦਾ ਵਾਹਨ ਕੰਟਰੋਲ ਤੋਂ ਬਾਹਰ ਹੁੰਦਾ ਹੈ ਤਾਂ ਨਹਿਰ 'ਤੇ ਲੱਗੇ ਦਰੱਖਤਾਂ ਨਾਲ ਟਕਰਾ ਜਾਂਦਾ ਸੀ, ਜਦਕਿ ਹੁਣ ਨਹਿਰਾਂ ਭੋਡੀਆਂ ਹੋਣ ਕਾਰਨ ਵਾਹਨ ਸਿੱਧਾ ਨਹਿਰ ਵਿਚ ਡਿੱਗਦਾ ਹੈ ਅਤੇ ਇਸੇ ਕਾਰਨ ਥੋੜ੍ਹੇ ਸਮੇਂ ਵਿਚ ਹੀ ਲਗਾਤਾਰ ਵੱਡੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਭਾਵੇਂ ਲੋਕਾਂ ਦੀ ਮੰਗ ਸੀ ਕਿ ਅਗਰ ਦਰੱਖਤ ਕੱਟੇ ਹਨ ਤਾਂ ਨਹਿਰ ਦੀ ਪਟੜੀ 'ਤੇ ਰੇਲਿੰਗ ਲਗਾ ਦਿੱਤੀ ਜਾਵੇ ਪਰ ਇੰਝ ਨਹੀਂ ਕੀਤਾ ਗਿਆ।
ਕੀ ਕਹਿੰਦੇ ਨੇ ਅਧਿਕਾਰੀ- ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਨਹਿਰਾਂ ਨਕਸ਼ੇ ਮੁਤਾਬਕ ਹੀ ਬਣੀਆਂ ਹਨ ਅਤੇ ਇਨ੍ਹਾਂ ਵਿਚ ਸੋਧ ਕਰਨ ਦਾ ਅਜੇ ਕੋਈ ਹੁਕਮ ਜਾਰੀ ਨਹੀਂ ਹੋਇਆ।


Related News